ਇਸਲਾਮਾਬਾਦ- ਅਮਰੀਕੀ ਵਿਦੇਸ਼ਮੰਤਰੀ ਜਾਨ ਕੈਰੀ ਨੇ ਪਾਕਿਸਤਾਨ ਨੂੰ ਭਰੋਸਾ ਦਿਵਾਇਆ ਹੈ ਕਿ ਅਮਰੀਕੀ ਸੈਨਾ ਦੁਆਰਾ ਕੀਤੇ ਜਾ ਰਹੇ ਡਰੋਨ ਹਮਲਿਆਂ ਤੇ ਜਲਦੀ ਲਗਾਮ ਕਸੀ ਜਾਵੇਗੀ।ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਤੋਂ ਬਾਅਦ ਕੈਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦ ਦਾ ਖਤਰਾ ਘੱਟਣ ਦੇ ਨਾਲ ਹੀ ਤਾਲਿਬਾਨ ਅਤੇ ਅਲਕਾਇਦਾ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਅਮਰੀਕੀ ਡਰੋਨ ਹਮਲੇ ਜਲਦੀ ਹੀ ਬੰਦ ਹੋ ਜਾਣਗੇ।
ਪਿੱਛਲੇ ਕੁਝ ਸਮੇਂ ਤੋਂ ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਸਬੰਧ ਕੁਝ ਤਣਾਅ ਵਾਲਾ ਰਿਹਾ ਹੈ, ਪਰ ਕੈਰੀ ਨੇ ਭਰੋਸਾ ਦਿਵਾਇਆ ਹੈ ਕਿਹੁਣ ਦੋਵਾਂ ਦੇਸ਼ਾਂ ਵਿੱਚਕਾਰ ਰਿਸ਼ਤੇ ਸੁਖਾਵੇਂ ਹੋਣਗੇ। ਦੋਵੇਂ ਦੇਸ਼ ਡਰੋਨ ਨੀਤੀ ਤੇ ਲਗਾਤਾਰ ਵਾਰਤਾ ਕਰਨ ਤੇ ਸਹਿਮਤ ਹੋ ਗਏ ਹਨ। ਪਾਕਿਸਤਾਨ ਨੇ ਪਹਿਲਾਂ ਕਈ ਵਾਰ ਡਰੋਨ ਹਮਲੇ ਬੰਦ ਕਰਵਾਉਣ ਲਈ ਯਤਨ ਕੀਤੇ ਸਨ,ਪਰ ਅਮਰੀਕਾ ਇਸ ਲਈ ਸਹਿਮਤ ਨਹੀਂ ਸੀ ਹੋਇਆ। ਕੈਰੀ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਸੁਤੰਤਰਤਾ ਦਾ ਸਨਮਾਨ ਕਰਦੇ ਹਨ। ਉਨ੍ਹਾਂ ਨੇ ਉਮੀਧਦ ਜਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਰਨਗੇ।