ਗੁੜਗਾਉਂ :- ਪਿਕੋਬਾ (ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਓਲਡ ਬੁਆਇਜ਼ ਐਸੋਸੀਏਸ਼ਨ) ਅਤੇ ਸੱਖਾ ਵਲੋਂ ਏਪਿਸੈਂਟਰ ਗੁੜਗਾਉਂ ਦੇ ਸਹਿਯੋਗ ਨਾਲ ਗੁੜਗਾਉਂ ਵਿਖੇ ਪਲੇਬੈਕ ਸਿੰਗਰ ਸ਼ਮਸ਼ਾਦ ਬੇਗਮ ਨੂੰ ਸੰਗੀਤਕ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਅਦੁਤੀ ਤੇ ਸ਼ਾਨਦਾਰ ਸੰਗੀਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪਦਮਸ਼੍ਰੀ ਗਾਇਕ ਸ਼ਾਂਤੀ ਹੀਰਾਨੰਦ ਨੇ ਵੱਖ-ਵੱਖ ਖੇਤ੍ਰ ਵਿੱਚ ਯੋਗਦਾਨ ਕਰਨ ਵਾਲੀਆਂ ਪ੍ਰਮੁਖ ਸ਼ਖਸੀਅਤਾਂ ਨੂੰ ਸੱਖਾ ਐਵਾਰਡ-2013 ਪ੍ਰਦਾਨ ਕਰਕੇ ਸਨਮਾਨਤ ਕੀਤਾ।
ਸਮਾਗਮ ਦੇ ਅਰੰਭ ਵਿੱਚ ਪਦਮਸ਼੍ਰੀ ਗਾਇਕ ਸ਼ਾਂਤੀ ਹੀਰਾਨੰਦ ਨੇ ਡਾ. ਡੀ ਆਰ ਸੈਨੀ (ਪ੍ਰਿੰਸੀਪਲ ਦਿੱਲੀ ਪਬਲਿਕ ਸਕੁਲ ਆਰ ਕੇ ਪੁਰਮ), ਸਰਸਵਤੀ ਮਿਊਜ਼ਿਕ ਕਾਲਜ ਦੇ ਮੁੱਖੀ ਵਿਭੋਰ ਸੈਨੀ (ਇਸ ਕਾਲਜ ਦੀ ਸਥਾਪਨਾ ਲਾਹੌਰ ਵਿੱਖੇ ਹੋਈ ਸੀ ਤੇ ਗਾਇਕ ਮੁਹੰਮਦ ਰਫੀ ਤੇ ਸੰਗੀਤ ਨਿਰਦੇਸ਼ਕ ਓ ਪੀ ਨਯੱਰ ਆਪਣੇ ਲਾਹੌਰ ਨਿਵਾਸ ਦੌਰਾਨ ਇਸਦੇ ਵਿਦਿਆਰਥੀ ਰਹੇ ਸਨ), ਚੰਡੀਗੜ੍ਹ ਦੇ ਫਿਲਮ ਮਿਊਜ਼ਿਕ ਰਿਸਰਚਰ ਭੀਮ ਰਾਜ ਗਰਗ (ਜਿਨ੍ਹਾਂ ਦਾ ਪੰਜਾਬੀ ਫਿਲਮ ਗੀਤ ਕੋਸ਼ ਐਨਸਾਈਕਲੋਪੀਡੀਆ ਛਪਾਈ ਅਧੀਨ ਹੈ), ਮਿਊਜ਼ਿਕ ਕੰਪੋਜ਼ਰ ਮੋਹਿੰਦਰ ਸਰੀਨ ਅਤੇ ਛੋਟੇ ਲਾਲ, ਗੁੜਗਾਉਂ ਦੇ (ਰੇਡੀਓ ਅਤੇ ਟੀਵੀ ਪ੍ਰੋਗਰਾਮ ਪ੍ਰੋਡਿਊਸਰ) ਸਤਪਾਲ ਨਾਰੰਗ, ਇਸ ਸ਼ਾਮ ਦੇ ਪ੍ਰਸਿਧ ਗਾਇਕ ਸਿਮਰਤ ਛਾਬੜਾ ਅਤੇ ਕਮਪੋਜ਼ਰ-ਕਮ-ਸਕ੍ਰਿਪਟ ਲੇਖਿਕਾ ਮਮਤਾ ਵਾਨੀ ਨੂੰ ਸੱਖਾ ਐਵਾਰਡ-2013 ਪ੍ਰਧਾਨ ਕਰ ਸਨਮਾਨਤ ਕੀਤਾ। ਇਸ ਮੌਕੇ ਤੇ ਸ਼੍ਰੀ ਅਮਰਜੀਤ ਸਿੰਘ ਕੋਹਲੀ ਨੇ ਇਨ੍ਹਾਂ ਦਿਨਾਂ ਦੀ ਚਰਚਿਤ ਆਈ ਏ ਐਸ ਅਫਸਰ ਦਰਗਾ ਸ਼ਕਤੀ ਨਾਗਪਾਲ ਨੂੰ ਅਗਲੇ ਪ੍ਰੋਗਰਾਮ ਵਿੱਚ ਸਨਮਾਨਤ ਕੀਤੇ ਜਾਣ ਦਾ ਐਲਾਨ ਵੀ ਕੀਤਾ।
ਸੱਖਾ ਦੇ ਚੇਅਰਮੈਨ ਅਤੇ ਪਿਕੋਬਾ ਦੇ ਜਨਰਲ ਸਕਤੱਰ ਅਮਰਜੀਤ ਸਿੰਘ ਕੋਹਲੀ ਨੇ ਦਸਿਆ ਕਿ ਸ਼ਮਸ਼ਾਦ ਬੇਗਮ ਆਪਣੇ ਸਮੇਂ ਦੀ ਇੱਕ ਮਹਾਨ ਗਾਇਕਾ ਸੀ। ਜਿਨ੍ਹਾਂ ਦਿਨਾਂ ਵਿੱਚ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਕੋਰਸ ਗਾਣਿਆ ਵਿੱਚ ਹਿਸਾ ਲਿਆ ਕਰਦੀ ਸੀ, ਉਨ੍ਹਾਂ ਦਿਨਾਂ ਵਿੱਚ ਸ਼ਮਸ਼ਾਦ ਬੇਗਮ ਨੂੰ ਮੁਖ ਗਾਇਕਾ ਹੋਣ ਦਾ ਮਾਣ ਪ੍ਰਾਪਤ ਸੀ। ‘ਖਿੜਕੀ’ (1948) ਦੇ ਪ੍ਰਸਿੱਧ ਗਾਣੇ ‘ਅਜ ਖੁਸ਼ੀਆਂ ਮਨਾਏਂ ਕਿਉਂ ਨਾ ਹਮ, ਹਮ ਕਿਸੀ ਸੇ..’ ਦੀ ਮੁਖ ਗਾਇਕਾ ਸ਼ਮਸ਼ਾਦ ਬੇਗਮ ਹੀ ਸੀ। ਜਦਕਿ ਲਤਾ ਮੰਗੇਸ਼ਕਰ ਇਸ ਫਿਲਮ ਵਿੱਚਲੇ ਕੋਰਸ ਗਾਣਿਆ ਦਾ ਹਿਸਾ ਰਹੀ ਸੀ। ਸ਼੍ਰੀ ਕੋਹਲੀ ਨੇ ਦਸਿਆ ਕਿ ਬਾਅਦ ਵਿੱਚ ਇਹ ਗਾਣਾ ਉਸ ਸਮੇਂ ਦੀ ਪ੍ਰਸਿੱਧ ਰਿਕਾਰਡਿੰਗ ਕੰਪਨੀ ਕੋਲੰਬੀਆ ਵਲੋਂ ਆਪਣੇ ਰਿਕਾਰਡ ਨੰਬਰ-8088 ਰਾਹੀਂ ਜਾਰੀ ਕੀਤਾ ਗਿਆ। ਸ਼੍ਰੀ ਕੋਹਲੀ ਨੇ ਹੋਰ ਦਸਿਆ ਕਿ ਲਾਹੌਰ ਵਿੱਖੇ 14 ਅਪ੍ਰੈਲ 1919 ਨੂੰ ਜਨਮੀ ਸ਼ਮਸ਼ਾਦ ਬੇਗਮ ਫਿਲਮ ਇੰਡਸਟਰੀ ਦੀ ਸਭ ਤੋਂ ਵਡੇਰੀ ਉਮਰ ਦੀ ਪਲੇਬੈਕ ਗਾਇਕਾ ਸੀ। ਉਹ ਹਾਲ ਵਿੱਚ ਹੀ, ਮੁੰਬਈ ਵਿੱਖੇ 94 ਸਾਲਾ ਦੀ ਉਮਰ ਵਿੱਚ 23 ਅਪ੍ਰੈਲ 2013 ਨੂੰ ਸਵਰਗਵਾਸ ਹੋਈ। ਸ਼੍ਰੀ ਕੋਹਲੀ ਨੇ ਦਸਿਆ ਕਿ 1937 ਵਿੱਚ ਉਸਨੇ ਲਾਹੌਰ ਅਤੇ ਪਿਸ਼ੌਰ ਰੇਡੀਓ ਤੋਂ ਗਾਣੇ ਗਾਣ ਦੀ ਅਰੰਭਤਾ ਕੀਤੀ ਸੀ। ਸ਼ਮਸ਼ਾਦ ਬੇਗਮ ਨੇ 1940 ਵਿੱਚ ਡੀ ਐਮ ਪੰਚੋਲੀ ਵਲੋਂ ਲਾਹੌਰ ਵਿੱਖੇ ਬਣਾਈ ਗਈ ਫਿਲਮ ‘ਯਮਲਾ ਜੱਟ’ ਤੋਂ ਪਲੇਬੈਕ ਗਾਇਕਾ ਵਜੋਂ ਆਪਣਾ ਕੈਰੀਅਰ ਅਰੰਭ ਕੀਤਾ। ਇਸੇ ਫਿਲਮ ਤੋਂ ਅਦਾਕਾਰ ਪ੍ਰਾਣ ਨੇ ਨਾਇਕ ਦੇ ਰੂਪ ਵਿੱਚ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਦਸਿਆ ਕਿ ਸ਼ਮਸ਼ਾਦ ਬੇਗਮ ਦੇ ਪਿਤਾ ਨੇ ਉਸਨੂੰ ਇਸ ਸ਼ਰਤ ਤੇ ਫਿਲਮਾਂ ਵਿੱਚ ਗਾਉਣ ਦੀ ਇਜਾਜ਼ਤ ਦਿਤੀ ਸੀ ਕਿ ਉਹ ਕਿਸੇ ਨੂੰ ਆਪਣਾ ਫੋਟੋ ਕਦੀ ਵੀ ਨਹੀਂ ਲੈਣ ਦੇਵੇਗੀ। ਉਸਦਾ ਪਹਿਲਾ ਫੋਟੌ 1970 ਵਿੱਚ ਛਪਿਆ ਜਦੋਂ ਉਹ 51 ਵਰ੍ਹਿਆਂ ਦੀ ਸੀ। 2009 ਵਿੱਚ ਸ਼ਮਸ਼ਾਦ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਸਮਾਗਮ ਵਿੱਚ ਸ਼ਮਸ਼ਾਦ ਬੇਗਮ ਨੂੰ ਸੰਗੀਤਕ ਸ਼ਰਧਾਂਜਲੀ ਭੇਂਟ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਸਿਮਰਤ ਛਾਬੜਾ ਅਤੇ ਹੋਰ ਗਾਇਕਾਂ, ਜਿਨ੍ਹਾਂ ਵਿੱਚ ਦੀਪਕ ਕੁਮਾਰ, ਅਰੁਣ ਗੋਇਲ, ਜਿਤੇਂਦਰ ਸ਼੍ਰੀਵਾਸਤਵ, ਪਰਮਿੰਦਰ ਚੱਡਾ, ਸ਼ੈਲਜਾ ਮਾਧਵਨ ਅਤੇ ਰਾਗਨੀ ਮਾਥੁਰ ਆਦਿ ਸ਼ਾਮਲ ਸਨ, ਨੇ ਸ਼ਮਸ਼ਾਦ ਬੇਗਮ ਦੇ ਗਾਏ ਗੀਤ ਗਾ ਕੇ ਰੰਗ ਬਨ੍ਹਿਆ। ਇਸੇ ਸਮਾਗਮ ਵਿੱਚ ਸ਼ਮਸ਼ਾਦ ਬੇਗਮ ਦੀ ਜੀਵਨ ਯਾਤਰਾ ਨੂੰ ਸਲਾਈਡਾਂ ਅਤੇ ਊਸ਼ਾ ਰੱਤਰਾ, ਫਿਲਮ ਅਦਾਕਾਰਾ ਕਾਮਿਨੀ ਕੌਸ਼ਲ, ਵਹੀਦਾ ਰਹਿਮਾਨ ਅਤੇ ਤਬਸਮ, ਪਲੇਬੈਕ ਸਿੰਗਰ ਮੀਨਾ ਕਪੂਰ, ਨਿਰਮਲਾ ਹਸਨ ਲਾਲ (ਸੰਗੀਤਕਾਰ ਹਸਨ ਲਾਲ ਦੀ ਪਤਨੀ) ਅਤੇ ਰੇਡੀਓ ਸੀਲੋਨ ਦੇ ਸਾਬਕਾ ਅਨਾਉਂਸਰ ਗੋਪਾਲ ਸ਼ਰਮਾ ਨਾਲ ਰਿਕਾਰਡ ਕੀਤੀਆਂ ਮੁਲਾਕਾਤਾਂ ਦੇ ਅਧਾਰ ਤੇ ਪੇਸ਼ ਕੀਤੀ ਗਈ।