ਨਵੀਂ ਦਿੱਲੀ : ਗੁਰੂ ਗੋਬਿੰਦ ਸਿੰਘ ਜੀ ਅਤੇ ਦਿੱਲੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ 1707 ਈ. ਮਿਲਣੀ ਦੇ ਪ੍ਰਤੀਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਲਗਭਗ 10,000 ਵਰਗ ਫੁਟ ਵਿਚ ਬਨਣ ਵਾਲੇ ਆਧੁਨਿਕ ਮਲਟੀਪਰਪਜ਼ ਹਾਲ ਦੀ ਉਸਾਰੀ ਦਾ ਕੰਮ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਸ਼ੁਰੂ ਕਰਵਾਇਆ। ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ, ਵਾਈਸ ਚੇਅਰਮੈਨ ਵਿਕ੍ਰਮ ਸਿੰਘ ਲਾਜਪਤ ਨਗਰ ਅਤੇ ਬਾਬਾ ਸੁਰਿੰਦਰ ਸਿੰਘ ਮੌਜੂਦ ਸਨ। ਇਸ ਬਾਰੇ ਹੋਰ ਜਾਨਕਾਰੀ ਦਿੰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸੰਗਤਾਂ ਦੀ ਬੜੇ ਚਿਰ ਤੋਂ ਮੰਗ ਸੀ ਕਿ ਇਥੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਤਰ੍ਹਾਂ ਬਹੁ ਉਪਯੋਗੀ ਹਾਲ ਬਨਾਇਆ ਜਾਵੇ ਤੇ ਅੱਜ ਸੰਗਤਾ ਨੂੰ ਇਹ ਦਸਦੇ ਹੋਏ ਦਾਸ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ 1 ਸਤੰਬਰ ਨੂੰ ਗੁਰਦੁਆਰਾ ਮੋਤੀਬਾਗ ਸਾਹਿਬ ਵਿਖੇ ਪਾਰਕਿੰਗ ਅਤੇ ਲੰਗਰ ਹਾਲ ਦੇ ਵਿਸਥਾਰ ਦੇ ਕਾਰਜ ਦੀ ਸ਼ੁਰੂਆਤ ਆਦਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੀਤਾ ਜਾਵੇਗਾ।