ਨੋਇਡਾ / ਨਵੀਂ ਦਿੱਲੀ: ਮਹਾਨ ਪਲੇਬੈਕ ਗਾਇਕ ਮੁਕੇਸ਼ ਦੀ 37ਵੀਂ ਸਾਲਨਾ ਯਾਦ ਦੀ ਪੂਰਵ ਸੰਧਿਆ ਤੇ ਕਲ ਸ਼ਾਮ ਨੋਇਡਾ ਵਿਖੇ ਇੰਦਰਾ ਗਾਂਧੀ ਕਲਾ ਕੇਂਦਰ ਵਿੱਚ ਆਯੋਜਿਤ ਸੰਗੀਤਮਈ ਸ਼ਰਧਾਂਜਲੀ ਸਮਾਗਮ ‘ਜਾਦੂ-ਏ-ਮੁਕੇਸ਼’ ਦੇ ਮੌਕੇ ਤੇ ਸੰਸਕ੍ਰਿਤਕ ਸੰਸਥਾ ‘ਸੱਖਾ’ ਦੇ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਕੋਹਲੀ ਵਲੋਂ ਲਿਖਤ ਪੁਸਤਕ ‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’ ਜਾਰੀ ਕੀਤੀ ਗਈ। ਇਹ ਪੁਸਤਕ 28 ਸਾਲ ਪਹਿਲਾਂ ਮੂਲ ਰੂਪ ਵਿੱਚ ਅੰਗ੍ਰੇਜ਼ੀ ਵਿੱਚ ਪ੍ਰਕਾਸ਼ਤ ਪੁਸਤਕ (ਮੁਕੇਸ਼ : ਗੋਲਡਨ ਵਾਇਸ ਵਿਦ ਏ ਗੋਲਡਨ ਹਾਰਟ) ਦਾ ਹਿੰਦੀ ਰੂਪਾਂਤਰ ਹੈ। ਹਿੰਦੀ ਰੂਪਾਂਤਰ ਪਤ੍ਰਕਾਰ ਅਤੇ ਲੇਖਕ ਵਿਨੋਦ ਵਿਪਲਵ ਨੇ ਕੀਤਾ ਹੈ।
ਸਮਾਰੋਹ ਦਾ ਆਯੋਜਨ ਨੋਇਡਾ ਦੀ ਸੰਸਕ੍ਰਿਤਕ ਸੰਸਥਾ ‘ਕਰੁਣਾ ਕਲਾ ਕੇਂਦਰ’ ਅਤੇ ‘ਸੁਰ ਸੰਪਦਾ’ ਵਲੋਂ ਸਾਂਝੇ ਰੂਪ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਉਦਯੋਗਪਤੀ ਅਵਤਾਰ ਚੰਦ ਵਰਮਾ ਨੇ ਕੀਤਾ।
ਪ੍ਰੋਗਰਾਮ ਵਿੱਚ ਸ਼੍ਰੀ ਹਰੀਸ਼ ਨਦਾਨ ਦੀ ਅਗਵਾਈ ਵਿੱਚ ਆਲ ਰਾਉਂਡਰ ਆਰਕੈਸਟਰਾ ਦੇ ਸੰਗੀਤਕਾਰਾਂ ਦੀ ਸੰਗਤ ਨਾਲ ਭਾਰਤ ਦੇ ਸਾਰੇ ਹਿਸਿਆਂ ਤੋਂ ਆਏ ਪ੍ਰਤਿਭਾਵਾਨ ਗਾਇਕਾਂ ਨੇ ਮੁਕੇਸ਼ ਦੇ ਯਾਦਗਾਰੀ ਗੀਤਾਂ ਨੂੰ ਗਾ ਕੇ ਗਾਇਕ ਮੁਕੇਸ਼ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਪ੍ਰੋਗਰਾਮ ਦਾ ਸੰਚਾਲਨ ਕਰੁਣਾ ਕਲਾ ਕੇਂਦਰ ਦੇ ਕਰੁਣੇਸ਼ ਸ਼ਰਮਾ ਨੇ ਕੀਤਾ। ਇਸ ਮੌਕੇ ਪ੍ਰਸਿੱਧ ਕਲਾ ਸਾਗਰ ਸਮੂਹ ਨੇ ਆਪਣੀ ਪ੍ਰੇਣਤਾ ਸ਼ਿਵਾਨੀ ਦੇ ਨਿਰਦੇਸ਼ਨ ਵਿੱਚ ਮੁਕੇਸ਼ ਦੇ ਗੀਤਾਂ ਪੁਰ ਸਮੂਹਕ ਨਾਚ ਪੇਸ਼ ਕਰ ਕੇ ਦਰਸ਼ਕਾਂ ਨੂੰ ਕੀਲ ਲਿਆ। ਸੰਪਦਾ ਨਾਗਪਾਲ ਨੇ ਏਕਲ ਨਾਚ ਪੇਸ਼ ਕਰ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਸੁਰ ਸੰਪਦਾ ਦੇ ਸੰਸਥਾਪਕ ਸ਼੍ਰੀ ਅਤੁਲ ਨਾਗਪਾਲ ਨੇ ਕਿਹਾ ਕਿ ਭਾਰਤ ਦੀ ਪਹਿਲੀ ਫਿਲਮ ‘ਰਾਜਾ ਹਰੀਸ਼ ਚੰਦਰ’ ਕੋਰੋਨੇਸ਼ਨ ਸਿਨੇਮਾ, ਮੁੰਬਈ ਵਿੱਚ 3, ਮਈ 1913 ਨੂੰ ਰਲੀਜ਼ ਕੀਤੀ ਗਈ ਸੀ ਅਤੇ ਇਸੇ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਭਾਰਤੀ ਸਿਨੇਮਾ ਦੇ 100 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਸੋਸਾਇਟੀ, 3 ਮਈ 1914 ਤਕ ਫਿਲਮ ਅਧਾਰਤ ਕਈ ਪ੍ਰੋਗਰਾਮ ਪੇਸ਼ ਕਰੇਗੀ। ਇਨ੍ਹਾਂ ਦੋਹਾਂ ਸੰਸਥਾਵਾਂ ਵਲੋਂ ਸਾਂਝੇ ਰੂਪ ਵਿੱਚ ਮੁਕੇਸ਼ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮਾਂ ਦਾ ਜੋ ਆਯੋਜਨ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚੋਂ ਇਹ ਨੌਂਵਾਂ ਸ਼ਰਧਾਂਜਲੀ ਸਮਾਗਮ ਹੈ।
ਦਿੱਲੀ ਵਿੱਚ 22 ਜੁਲਾਈ, 1923 ਨੂੰ ਜਨਮੇ ਮੁਕੇਸ਼ ਦਾ 27 ਅਗਸਤ, 1976 ਨੂੰ ਅਮਰੀਕਾ ਸਵਰਗਵਾਸ ਹੋ ਗਿਆ ਸੀ।
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿਲ ਦਾ ਮਾਲਕ’ ਦੇ ਮੂਲ ਅੰਗ੍ਰੇਜ਼ੀ ਐਡੀਸ਼ਨ ‘ਮੁਕੇਸ਼ ਗੋਲਡਨ ਵਾਇਸ ਵਿਦ ਏ ਗੋਲਡਨ ਹਾਰਟ’ 28 ਸਾਲ ਪਹਿਲਾਂ 27 ਅਗਸਤ 1985 ਨੂੰ ਨਵੀਂ ਦਿੱਲੀ ਵਿੱਚ ਆਈਫੈਕਸ ਆਡੀਟੋਰੀਅਮ ਵਿੱਚ ਆਯੋਜਿਤ ਤੀਸਰੀ ਸਾਲਾਨਾ ਮੁਕੇਸ਼ ਮੈਮੋਰੀਅਲ ਸੰਗੀਤ ਪ੍ਰਤੀਯੋਗਿਤਾ ਦੇ ਦੌਰਾਨ ਮੁਕੇਸ਼ ਦੇ ਦਿੱਲੀ ਦੇ ਸਹਿਪਾਠੀ ਸਵਰਗੀ ਦਲਜੀਤ ਸਿੰਘ ਨੇ ਜਾਰੀ ਕੀਤਾ ਸੀ ਅਤੇ ਇਸਦੇ ਆਰਗੇਨਾਈਜ਼ਰ ਕਰੁਣੇਸ਼ ਸ਼ਰਮਾ ਸਨ, ਜੋ ਹੁਣ ‘ਨੌਇਡਾ ਸ਼ਹਿਰ ਦੀ ਆਵਾਜ਼’ ਦੇ ਰੂਪ ਵਿੱਚ ਜਾਣੇ ਜਾਂਦੇ ਹਨ।