ਸਰੀ,(ਜਗਜੀਤ ਸਿੰਘ ਤੱਖਰ)-ਸੱਤ ਸਮੁੰਦਰੋਂ ਪਾਰ ਕੈਨੇਡਾ ਵਿਖੇ ਸਿੱਖਾਂ ਦੇ ਗੜ੍ਹ ਸਰੀ ਵਿਖੇ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ)ਦੇ ਉਦਮ ਸਦਕਾ ਸਿੱਖ ਕੌਮ ਦੇ ਮਹਾਨ ਵਿਦਵਾਨ,ਚਿੰਤਕ ਸਿਰਦਾਰ ਕਪੂਰ ਸਿੰਘ ਜੀ ਨੈਸ਼ਨਲ ਪਰੋਫੈਸਰ ਆਫ ਸਿੱਖਿਜਮ ਦੀ 27ਵੀਂ ਬਰਸੀ ਦਾ ਸਮਾਗਮ ਆਯੋਜਤ ਕੀਤਾ ਗਿਆ।18 ਅਗਸਤ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਨਿਊਟਨ ਪਬਲਿਕ ਲਾਇਬਰੇਰੀ ਸਰੀ ਵਿੱਚ ਨੱਕੋ ਨੱਕ ਭਰੇ ਹਾਲ ਵਿੱਚ ਨਾਮਵਰ ਲੇਖਕਾਂ,ਬੁਧੀਜੀਵੀਆਂ,ਵਿਦਵਾਨਾਂ,ਚਿੰਤਕਾਂ,ਪੰਥ ਦਰਦੀਆਂ, ਸਿੱਖ ਸੰਸਥਾਵਾਂ ਦੇ ਚੋਣਵੇਂ ਪ੍ਰਤੀਨਿਧਾਂ,ਮੀਡੀਆ ਕਰਮੀਆਂ ਤੇ ਸਿਰਦਾਰ ਕਪੂਰ ਸਿੰਘ ਦਾ ਸਮੁੱਚਾ ਪਰਿਵਾਰ ਤੇ ਸਿਰਦਾਰ ਜੀ ਦੇ ਪ੍ਰੀਤਵਾਨਾਂ ਦਾ ਹੜ੍ਹ ਆਇਆ ਜਾਪਦਾ ਸੀ। ਸਮਾਗਮ ਦਾ ਆਰੰਭ ਸੰਸਥਾ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ,ਦਲਜੀਤ ਸਿੰਘ ਸੰਧੂ,ਜਗਜੀਤ ਸਿੰਘ ਤੱਖਰ ਅਤੇ ਜੋਗਿੰਦਰ ਸਿੰਘ ਗਰੇਵਾਲ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਠਾਇਆ ਗਿਆ ਅਤੇ ਫੁਲਾਂ ਦੇ ਗੁਲਦਸਤਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ।ਸਮਾਗਮ ਦੀ ਕਾਰਵਾਈ ਦੋ ਸੋਗ ਪ੍ਰਸਤਾਵ ਰੱਖਣ ਨਾਲ ਸ਼ੁਰੂ ਹੋਈ ,ਜਿਸ ਵਿੱਚ ਤਖਤ ਸ਼੍ਰੀ ਆਨੰਦਪੁਰ ਸਾਹਿਬ ਦੇ ਜੱਥੇਦਾਰ ਤਰਲੋਚਨ ਸਿੰਘ ਤੇ ਦਿੱਲੀ ਦੇ ਮਹਾਨ ਵਿਦਵਾਨ ਖੋਜੀ ਪਤਵੰਤ ਸਿੰਘ ਦੇ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕੀਤਾ ਗਿਆ। ਦੋਹਾਂ ਸ਼ਖਸ਼ੀਅਤਾਂ ਦੇ ਸਦੀਵੀ ਵਿਛੋੜੇ ਤੇ ਇੱਕ ਮਿੰਟ ਦਾ ਮੋਨ ਖੜ੍ਹਕੇ ਸ਼ਰਧਾਂਜਲੀ ਭੇਂਟ ਕੀਤੀ ਤੇ ਵਿਛੜੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸੰਸਥਾ ਦੇ ਮੁੱਖੀ ਜੈਤੇਗ ਸਿੰਘ ਅਨੰਤ ਨੇ ਸਭ ਤੋਂ ਪਹਿਲਾਂ ਦੂਰੋਂ ਨੇੜਿਉਂ ਆਏ ਹੋਏ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਇਸ ਸਮਾਗਮ ਦਾ ਮੁੱਖ ਮਨੋਰਥ,ਰੂਪ ਰੇਖਾ ਤੋਂ ਇਲਾਵਾ ਪੰਜਾਬੀ ਅਦਬੀ ਸੰਗਤ ਵਲੋਂ ਪੰਜਾਬੀ ਮਾਂ ਬੋਲੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਰੌਸ਼ਨੀ ਪਾਈ। ਅਨੰਤ ਹੁਰਾਂ ਬੜੇ ਭਾਵਕ ਹੋ ਕੇ ਕਿਹਾ ਕਿ ਸਿਰਦਾਰ ਕਪੂਰ ਸਿੰਘ ਜੀ ਵਰਗੇ ਇਨਸਾਨ ਨਿੱਤ ਨਿੱਤ ਨਹੀਂ ਜੰਮਦੇ। ਉਹਨਾ ਦੀ ਖਾਲਸਾ ਪੰਥ ਪ੍ਰਤੀ ਦੇਣ ਤੇ ਕੀਤੇ ਕਾਰਜਾਂ ਤੇ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਭਾਵੇਂ ਖੁਦਗਰਜ ਸੱਤਾ ਦੇ ਭੁਖਿਆਂ ਨੇ ਉਹਨਾ ਨੂੰ ਭੁਲਾ ਦਿੱਤਾ ਹੈ ਪ੍ਰੰਤੂ ਉਹਨਾ ਦਾ ਸਿੱਖ ਹਿਰਦਿਆਂ ਵਿੱਚ ਉਕਰਿਆ ਨਾਉਂ ਕਦੀ ਵੀ ਮਿਟਾਇਆ ਨਹੀਂ ਜਾ ਸਕਦਾ।
ਨਾਮਵਰ ਸਾਰੰਗੀ ਵਾਦਕ ਦਮੋਦਰ ਸਿੰਘ ਸੇਖੋਂ ਨੇ ਸਿਰਦਾਰ ਕਪੂਰ ਸਿੰਘ ਦਾ ਲਿਖਿਆ ਕਬਿਤ —ਸ਼੍ਰੋਮਣੀ ਹਮਾਰੀ ਸੇਵਾ ਚੰਦਾ ਜਾਰੀ ਰਹੇ ਤਰੱਨਮ ਵਿੱਚ ਗਾ ਕੇ ਇੱਕ ਨਵਾਂ ਮਾਹੌਲ ਸਿਰਜਿਆ। ਉਘੇ ਕਾਲਮ ਨਵੀਸ ਕੇਹਰ ਸਿੰਘ ਧੜਮੈਤ ਨੇ ਸਿਰਦਾਰ ਕਪੂਰ ਸਿੰਘ ਦੀਆਂ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਸਮੇਂ ਦੀਆਂ ਯਾਦਾਂ ਦੀ ਪਟਾਰੀ ਖੋਲ੍ਹਦੇ ਹੋਏ ਉਹਨਾ ਦੀ ਜ਼ਿੰਦਗੀ ਦੇ ਅਨੇਕਾਂ ਪੱਖਾਂ ਨੂੰ ਸੁਰਜੀਤ ਕੀਤਾ। ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਸਿਰਦਾਰ ਕਪੂਰ ਸਿੰਘ ਦੀ ਸਾਹਿਤਕ ਪਿੜ ਵਿੱਚ ਥਾਂ ਤੇ ਮੁਕਾਮ ਦੀ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਜਿੰਨਾਂ ਵੀ ਸਾਹਿਤ ਰਚਿਆ ਹੈ ਉਹ ਬਾਕਮਾਲ ਹੈ।ਅਦਬੀ ਸੰਗਤ ਦੇ ਡਾਇਰੈਕਟਰ ਤੇ ਪੰਥ ਦਰਦੀ ਜਗਜੀਤ ਸਿੰਘ ਤੱਖਰ ਵਲੋਂ ਸਿਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਉਚ ਕੋਟੀ ਦੇ ਵਿਦਵਾਨਾਂ ਦੀ ਰਾਏ ਪ੍ਰਗਟ ਕੀਤੀ ਅਤੇ ਉਹਨਾਂ ਦੀਆਂ ਚੋਣਵੀਆਂ ਟੂਕਾਂ ਰਾਂਹੀਂ ਅਕੀਦਤ ਦਾ ਇਜਹਾਰ ਕੀਤਾ। ਪ੍ਰਿੰਸੀਪਲ ਸਰਵਣ ਸਿੰਘ ਔਜਲਾ,ਬਿਕਰ ਸਿੰਘ ਖੋਸਾ,ਕਰਨਲ ਗੁਰਦੀਪ ਸਿੱਘ ਸੇਵਾ ਮੁਕਤ ਅਤੇ ਗੁਰਦੀਸ਼ ਕੌਰ ਗਰੇਵਾਲ ਨੇ ਸਿਰਦਾਰ ਕਪੂਰ ਸਿੰਘ ਦੀ ਪੰਥ ਨੂੰ ਦੇਣ ਦੇ ਸਿੱਖ ਚਿੰਤਨ ਤੇ ਵਿਦਵਤਾ ਦੀਆਂ ਬਾਤਾਂ ਪਾਈਆਂ। ਕਹਾਣੀਕਾਰ ਅਨਮੋਲ ਕੌਰ ਤੇ ਇਕਬਾਲ ਸਿੰਘ ਥਿਆੜਾ ਵਲੋਂ ਸਾਂਝੇ ਰੂਪ ਵਿੱਚ ਸਾਚੀ ਸਾਖੀ ਜਗਤ ਪ੍ਰਸਿਧ ਪੁਸਤਕ ਦੇ ਅਨੇਕਾਂ ਮਹੱਤਵਪੂਰਨ ਡਾਇਲਾਗ ਸਾਂਝੇ ਕੀਤੇ ਤੇ ਅੰਤ ਵਿੱਚ ਕਾਵਿ ਟੁਕੜੀ-
ਹੱਕ ਸੱਚ ਤੇ ਲੜਨ ਲਈ ਕੋਈ,ਅਣਖੀ ਗੈਰਤਵਾਲਾ ਜਿਹਦਾ ਕਿਰਦਾਰ ਹੋਵੇ,
ਕਾਸ਼-ਅੱਜ ਜਿਉਂਦੀ ਜ਼ਮੀਰ ਤੇ ਸੋਚ ਵਾਲਾ ਕਪੂਰ ਸਿੰਘ ਕੋਈ ਸਿਰਦਾਰ ਹੋਵੇ
ਨਾਲ ਆਪਣੀ ਗਲ ਮੁਕਾਈ।
ਇਸ ਅਵਸਰ ਤੇ ਬਹੁਜਨ ਸਮਾਜ ਪਾਰਟੀ ਭਾਰਤ ਦੇ ਸਾਬਕਾ ਲੋਕ ਸਭਾ ਮੈਂਬਰ ਹਰਭਜਨ ਲਾਖਾ ਨੇ ਸਿਰਦਾਰ ਸਾਹਿਬ ਦੀ ਸ਼ਖਸ਼ੀਅਤ ਤੇ ਸੰਸਦ ਵਿੱਚ ਉਹਨਾ ਦੇ ਨਿਭਾਏ ਯੋਗਦਾਨ ਤੇ ਸਿੱਖ ਚਿੰਤਨ ਵਿੱਚ ਕੀਤੇ ਗਏ ਲਾਸਾਨੀ ਕਾਰਜਾਂ ਨੂੰ ਚੇਤੇ ਕੀਤਾ। ਉਹਨਾ ਇਸ ਗੱਲ ਦੀ ਖ਼ੁਸ਼ੀ ਦਾ ਇਜਹਾਰ ਕੀਤਾ ਕਿ ਭਾਰਤ ਦੀ ਲੋਕ ਸਭਾ ਵਿੱਚ ਸਿਰਦਾਰ ਕਪੂਰ ਸਿੰਘ ਜੀ ਵਰਗੇ ਵਿਦਵਾਨ ਘੱਟ ਹੀ ਆਏ ਹਨ। ਉਹਨਾਂ ਦੇ ਕਾਰਜਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ।ਪੰਥ ਦਰਦੀ ਦਲਜੀਤ ਸਿੰਘ ਸੰਧੂ ਨੇ ਸਿਰਦਾਰ ਕਪੂਰ ਸਿੰਘ ਦੀ ਜ਼ਿੰਦਗੀ ਦੇ ਅਨੇਕਾਂ ਅਣਫੋਲੇ ਵਰਕਿਆਂ ਨੂੰ ਫਰੋਲਿਆ। ਪੰਜਾਬ ਗਾਰਡੀਅਨ ਦੇ ਸੰਪਾਦਕ ਹਰਕੀਰਤ ਸਿੰਘ ਕੁਲਾਰ ਨੇ ਕਿਹਾ ਕਿ ਉਹ ਵੀ ਸਮਾਂ ਸੀ ਜਦੋਂ ਸਿਰਦਾਰ ਕਪੂਰ ਸਿੰਘ ਨੇ ਆਪਣੀਆਂ ਚੋਣਾਂ ਵਿੱਚ ਨਸ਼ਾ ਪੱਤਾ ਕਰਨ ਵਾਲਿਆਂ ਨੂੰ ਮੂੰਹ ਨਹੀਂ ਲਗਾਇਆ ਸੀ ਅਤੇ ਆਪਣੀ ਚੋਣ ਵਿੱਚ ਉਹਨਾਂ ਦੀਆਂ ਵੋਟਾਂ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ ਪ੍ਰੰਤੂ ਅੱਜ ਕਲ ਅਕਾਲੀ ਦਲ ਦੀ ਹਕੂਮਤ ਆਪ ਚੋਣਾਂ ਨਸ਼ੇ ਦੇ ਸਿਰ ਤੇ ਜਿੱਤੀ ਹੈ ਜੋ ਸਿੱਖ ਪੰਥ ਦੇ ਮੱਥੇ ਤੇ ਕਲੰਕ ਹੈ।
ਇਸ ਯਾਦਗਾਰੀ ਸਮਾਗਮ ਸਮੇਂ ਵਿਸ਼ੇਸ਼ ਤੌਰ ਤੇ ਹਾਂਗਕਾਂਗ ਵਾਸੀ ਸ੍ਰ ਗੁਲਵੀਰ ਸਿੰਘ ਬਤਰਾ ਵਲੋਂ ਤਿਆਰ ਕੀਤੀ ਪੁਸਤਕ -ਸਿੱਖਸ ਇਨ ਹਾਂਗਕਾਂਗ -ਨੂੰ ਸੰਸਥਾ ਦੇ ਮੁੱਖੀ ਜੈਤੇਗ ਸਿੰਘ ਅਨੰਤ ਵਲੋਂ ਤਾੜੀਆਂ ਦੀ ਗੂੰਜ ਵਿੱਚ ਜਾਰੀ ਕੀਤਾ ਗਿਆ। ਇਸਦੀ ਪਹਿਲੀ ਕਾਪੀ ਹਾਂਗਕਾਂਗ ਦੇ ਰਹਿ ਚੁਕੇ ਵਾਸੀ ਗੁਰਦੇਵ ਸਿੰਘ ਬਾਠ ਨੂੰ ਭੇਂਟ ਕੀਤੀ ਗਈ। ਕਹਾਣੀਕਾਰ ਸ਼ਿੰਗਾਰ ਸਿੰਘ ਸੰਧੂ ਵਲੋਂ ਪੁਸਤਕ ਉਪਰ ਲਿਖਿਆ ਖੋਜ ਭਰਪੂਰ ਪੇਪਰ ਪੜ੍ਹਿਆ ।ਇਸ ਅਵਸਰ ਤੇ ਵਿਸ਼ੇਸ਼ ਤੌਰ ਤੇ ਗੁਰਦੇਵ ਸਿੰਘ ਬਾਠ ਜਿਸਨੇ ਸਿੱਖ ਰਹਿਤ ਮਰਿਆਦਾ ਸੰਖੇਪ ਰੂਪ ਵਿੱਚ ਸਿੱਖ ਇਤਿਹਾਸ ਨੂੰ ਜਾਪਾਨੀ,ਕੋਰੀਅਨਜ,ਚੀਨੀ,ਵੀਅਤਨਾਮੀ, ਭਾਸ਼ਾਵਾਂ ਵਿੱੰਚ ਅਨੁਵਾਦ ਕਰਕੇ ਮੁਫਤ ਵੰਡਣ ਦੀ ਨਿਭਾਈ ਸੇਵਾ ਨੂੰ ਵੇਖਦੇ ਹੋਏ ਪੰਜਾਬੀ ਅਦਬੀ ਸੰਗਤ ਵਲੋਂ ਜੈਤੇਗ ਸਿੰਘ ਅਨੰਤ ਅਤੇ ਦਲਜੀਤ ਸਿੰਘ ਸੰਧੁ ਵਲੋਂ ਸਿਰਦਾਰ ਕਪੂਰ ਸਿੰਘ ਜੀ ਦਾ ਯਾਦਗਾਰੀ ਅਵਾਰਡ ਵੀ ਪ੍ਰਦਾਨ ਕਰਕੇ ਸਨਮਾਨਤ ਕੀਤਾ।ਉਹਨਾਂ ਨੂੰ ਇੱਕ ਸਨਮਾਨ ਪੱਤਰ,ਦਸਤਾਰ,ਲੋਈ ਅਤੇ ਯਾਦਗਾਰੀ ਚਿੰਨ ਸਨਮਾਨ ਵਿੱਚ ਦਿੱਤੇ ਗਏ।
ਭਾਰਤ ਤੋਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਰਭਜਨ ਲਾਖਾ ਸਾਬਕ ਲੋਕ ਸਭਾ ਮੈਂਬਰ,ਸਿਰਦਾਰ ਕਪੂਰ ਸਿੰਘ ਦੀ ਭਤੀਜੀ ਬੀਬੀ ਚੇਤੰਨ ਕੌਰ ਸਪੁਤਰੀ ਗੰਗਾ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਤ ਕੀਤਾ। ਕਹਾਣੀਕਾਰ ਅਨਮੋਲ ਕੌਰ ਤੇ ਇਕਬਾਲ ਸਿੰਘ ਥਿਆੜਾ ਤੇ ਪਿੰ੍ਰਸੀਪਲ ਮਲੂਕ ਚੰਦ ਕਲੇਰ ਨੂੰ ਵੀ ਫੁੱਲਾਂ ਦੇ ਗੁਲਦਸਤੇ ਤੇ ਸਿਰਦਾਰ ਕਪੂਰ ਸਿੰਘ ਦੀਆਂ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏ। ਸਮਾਗਮ ਵਿੱਚ ਸਿਰਦਾਰ ਕਪੂਰ ਸਿੰਘ ਜੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਸੀ।ਅੰਤ ਵਿੱਚ ਸਿਰਦਾਰ ਕਪੂਰ ਸਿੰਘ ਦੇ ਭਾਣਜੇ ਜੋਗਿੰਦਰ ਸਿੰਘ ਗਰੇਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਜੈਤੇਗ ਸਿੰਘ ਅਨੰਤ ਤੇ ਪੰਜਾਬੀ ਅਦਬੀ ਸੰਗਤ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਸਮਾਗਮ ਵਿੱਚ ਭਾਰਤ ਤੋਂ ਆਏ ਡਾ ਗੁਰਮਿੰਦਰ ਸਿੱਧੂ ਤੇ ਡਾ ਬਲਦੇਵ ਸਿੰਘ ਖਹਿਰਾ,ਚਰਨ ਸਿੰਘ ਬਿਰਦੀ,ਬਲਵੰਤ ਸਿੰਘ ਸੰਘੇੜਾ,ਬੀਬੀ ਸੁਖਮਿੰਦਰ ਕੌਰ,ਹਰਚਰਨ ਸਿੰਘ ਪੂਨੀਆਂ ,ਸੁਤੇ ਆਹੀਰ,ਅਮਰੀਕ ਸਿੰਘ ਲਹਿਲ,ਕੇਵਲ ਸਿੰਘ ਧਾਲੀਵਾਲ,ਜਰਨੈਲ ਸਿੰਘ ਸਿੱਧੂ,ਹਰਦੀਪ ਸਿੰਘ ਬਾਠ,ਨਰਿੰਦਰ ਸਿੰਘ ਗੁਲਾਟੀ,ਡਾ ਗੁਰਬਚਨ ਸਿੰਘ ਕਲਸੀ,ਮੀਡੀਆ ਪ੍ਰਤੀਨਿਧ ਹਰਪ੍ਰੀਤ ਸਿੰਘ ਚੈਨਲ –10,ਕਵਲਪ੍ਰੀਤ ਸਿੰਘ ਰੰਗੀ,ਵੈਨਕੂਵਰ ਤੋਂ ਗਿਆਨ ਸਿੰਘ ਸੰਧੂ,ਅਵਤਾਰ ਸਿੰਘ ਸੰਧੂ,ਅਵਤਾਰ ਸਿੰਘ ਢਿਲੋਂ ਤੋਂ ਇਲਾਵਾ ਸਿਰਦਾਰ ਕਪੂਰ ਸਿੰਘ ਦੀਆਂ ਚਾਰੋਂ ਭਾਣਜੀਆਂ ਜਿਹਨਾਂ ਵਿੱਚ ਗੁਰਦੀਪ ਕੌਰ ਸਿੱਧੂ,ਜੋਗਿੰਦਰ ਕੌਰ ਢੋਟ,ਰਾਜਵਿੰਦਰ ਕੌਰ ਤੱਖਰ ਅਤੇ ਸੁਰਿੰਦਰ ਕੌਰ ਭੁਲਰ ਸ਼ਾਮਲ ਸਨ।ਪਰਵਿੰਦਰ ਸਿੰਘ ਰੁਪਾਲ ਅਤੇ ਬਲਜਿੰਦਰ ਸਿੰਘ ਰੰਧਾਵਾ ਦੀ ਆਮਦ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ।ਢਾਈ ਘੰਟੇ ਨਿਰੰਤਰ ਚਲੇ ਸਮਾਗਮ ਨੇ ਸੱਤ ਸਮੁੰਦਰੋਂ ਪਾਰ ਕੈਨੇਡਾ ਵਿੱਚ ਇੱਕ ਨਵਾਂ ਇਤਿਹਾਸ ਸਿਰਜਕੇ ਆਪਣੀ ਅਮਿਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ।