ਸੰਗਰੂਰ – ਅਨਮੋਲ ਕੌਰ ਦਾ ਨਾਵਲ ਪੜ੍ਹਿਆ । ਨਾਵਲਕਾਰ ਭਾਂਵੇ ਵਿਦੇਸ਼ ਬੈਠੀ ਹੈ ਪਰ ਉਸਦੀ ਸੁਰਤੀ ਵਿੱਚ ਪੁਰਾਣਾ ਪੰਜਾਬ ਤੇ ਪੰਜਾਬੀ ਜਾਨ-ਮਾਣਸ ਬੈਠਾ ਹੈ । ਇਹੀ ਕਾਰਣ ਹੈ ਕਿ ਉਹ 292 ਪੇਜ ਦੀ ਜੀਵੰਤ ਬਿਰਤਾਂਤਕ ਝਾਕੀ ਪੇਸ਼ ਕਰ ਸਕੀ ਹੈ । ਦੀਪੀ ਅਤੇ ਦਿਲਪ੍ਰੀਤ ਦੀ ਕੇਂਦਰੀ ਪਾਤਰ ਜੋੜੀ ਦੇ ਇਰਦ-ਗਿਰਦ ਘੁੰਮਦਾ ਇਹ ਨਾਵਲ ਪੰਜਾਬੀ ਪੇਂਡੂ ਸਮਾਜ ਦੀਆਂ ਜਿੰਨਾਂ ਮਹੀਨ ਅਤੇ ਮੁੱਲਵਾਨ ਪਰਤਾਂ ਨੂੰ ਆਪਣੀ ਕਥਾ-ਵਸਤੂ ਦਾ ਅਧਾਰ ਬਣਾਉਂਦਾ ਹੈ ਉਨ੍ਹਾਂ ਵਿੱਚੋਂ ਖਾੜਕੂਵਾਦ ਦੇ ਦੌਰ ਦਾ ਬਹੁਪਰਤੀ ਚਿਤਰਨ ਬਾਕਮਾਲ ਹੈ । ਨਾਵਲ ਵਿਚਲੇ ਵਾਰਤਾਲਾਪ, ਵਾਤਾਵਰਣ ਅਤੇ ਛੋਟੇ ਛੋਟੇ ਦ੍ਰਿਸ਼ਾਂ ਦੀ ਸਿਰਜਣਾ ਇਸ ਗੱਲ ਦਾ ਠੋਸ ਪ੍ਰਮਾਣ ਹੈ ਕਿ ਨਾਵਲਕਾਰ ਕੋਲ ਪੰਜਾਬੀ ਜੀਵਨ-ਝਾਕੀ ਦਾ ਗਹਿ-ਗਚ ਅਨੁਭਵ ਹੀ ਨਹੀਂ, ਉਸ ਅਨੁਭਵ ਨੂੰ ਬਿਰਤਾਂਤ ਵਿੱਚ ਢਾਲਣ ਦੀ ਲੋੜੀਂਦੀ ਯੋਗਤਾ ਵੀ ਹੈ । ਪੰਜਾਬੀ ਭਾਸ਼ਾ ਦਾ ਠੇਠ ਮੁਹਾਵਰਾ, ਲੋਕਧਰਾਈ ਅਤੇ ਸਭਿਆਚਾਰਕ ਗਿਆਨ ਔਰ ਕਹਾਣੀ ਨੂੰ ਲੰਬੇ ਤੇ ਡੂੰਘੇ ਰੁਖ ਤੋਰਨ ਵਾਲੀ ਗਲਪ -ਸ਼ੈਲੀ, ਇਹ ਸਾਰੀਆਂ ਗੱਲਾਂ ਅਨਮੋਲ ਕੌਰ ਨੂੰ ਪੰਜਾਬੀ ਦੀ ਸੰਜੀਦਾ ਨਾਵਲਕਾਰ ਬਨਾਉਂਦੀਆਂ ਹਨ । ਅਨਮੋਲ ਕੌਰ ਕੋਲ ਨਾਵਲੀ ਬਿਰਤਾਂਤ ਸਿਰਜਣ ਵਾਲੀ ਸੋਚ, ਸੁਰਤਿ ਅਤੇ ਯੋਗਤਾ ਹੈ । ਮੈਂ ਉਮੀਦ ਕਰਦਾ ਹਾਂ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸ਼ਾਨਦਾਰ ਨਾਵਲਾਂ ਦੀ ਸਿਰਜਨਾ ਕਰੇਗੀ । ਆਮੀਨ ।
ਜਸਵੀਰ ਸਿੰਘ ਰਾਣਾ
ਅਮਰਗੜ੍ਹ, ਸੰਗਰੂਰ (ਪੰਜਾਬ)