ਨਵੀਂ ਦਿੱਲੀ :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ ਜ. ਗੁਰਚਰਨ ਸਿੰਘ ਗਤਕਾ ਮਾਸਟਰ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਰਤਮਾਨ ਸੱਤਾਧਾਰੀਆਂ ਪੁਰ ਦੋਸ਼ ਲਾਇਆ ਹੈ ਕਿ ਉਹ ਨਿਜ ਸੁਆਰਥ ਅਧੀਨ ਆਪਣੇ ਅਯੋਗ ਚਹੇਤਿਆਂ ਨੂੰ ਅਗੇ ਲਿਆਉਣ ਲਈ ਗੁਰਦੁਆਰਾ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਯੋਗ, ਵਿਦਿਅਕ ਅਤੇ ਪ੍ਰਬੰਧਕੀ ਮਾਮਲਿਆਂ ਦੇ ਮਾਹਿਰ ਪ੍ਰਿੰਸੀਪਲਾਂ ਨੂੰ ਦਬਾਉਣ ਅਤੇ ਅਪਮਾਨਿਤ ਕਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਇਸਦੀ ਤਾਜ਼ਾ ਮਿਸਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਪ੍ਰਿੰਸੀਪਲ ਮਿਸੇਜ਼ ਚਾਵਲਾ ਦਾ ਅਸਤੀਫਾ ਹੈ। ਜ. ਗੁਰਚਰਨ ਸਿੰਘ ਗਤਕਾ ਮਾਸਟਰ ਨੇ ਦਸਿਆ ਕਿ ਮਿਸੇਜ਼ ਚਾਵਲਾ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਸਕੂਲਾਂ ਦੇ ਕੁਆਲੀਫਾਈਡ, ਯੋਗ ਅਤੇ ਪ੍ਰਬੰਧਕੀ ਮਾਮਲਿਆਂ ਦੇ ਮਾਹਿਰ ਪ੍ਰਿੰਸੀਪਲਾਂ ਵਿਚੋਂ ਇਕ ਹਨ। ਉਨ੍ਹਾਂ ਨੂੰ ਜਿਸ ਵੀ ਸਕੂਲ ਦੀਆਂ ਅਤੇ ਜੋ ਵੀ ਜ਼ਿਮੇਂਦਾਰੀਆਂ ਸੌਂਪੀਆਂ ਗਈਆਂ ਉਨ੍ਹਾਂ ਨੂੰ ਉਨ੍ਹਾਂ ਨੇ ਬਹੁਤ ਹੀ ਨਿਸ਼ਠਾ ਅਤੇ ਈਮਾਨਦਾਰੀ ਨਾਲ ਨਿਭਾਇਆ ਤੇ ਕਦੀ ਵੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਯੋਗਤਾ ਦੀ ਮਾਲਕ ਅਤੇ ਆਪਣੀਆਂ ਜ਼ਿਮੇਂਦਾਰੀਆਂ ਨਿਭਾਉਣ ਪ੍ਰਤੀ ਨਿਸ਼ਠਾਵਾਨ ਪ੍ਰਿੰਸੀਪਲ ਨੂੰ ਦਬਾਉ ਬਣਾ ਅਤੇ ਅਪਮਾਨਿਤ ਕਰ ਅਸਤੀਫਾ ਦੇਣ ਤੇ ਮਜਬੂਰ ਕਰ ਦੇਣਾ ਵਰਤਮਾਨ ਪ੍ਰਬੰਧਕਾਂ ਦੀ ਸੋਚ ਦੇ ਦੀਵਾਲੀਏਪਨ ਦਾ ਪ੍ਰਤੱਖ ਸਬੂਤ ਹੈ।
ਜ. ਗੁਰਚਰਨ ਸਿੰਘ ਗਤਕਾ ਮਾਸਟਰ ਨੇ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ ਦਿੱਲੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀ ਬਾਦਲਕਿਆਂ ਦੀ ਇਹੀ ਨੀਤੀ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਦਾ ਪ੍ਰਬੰਧ ਅਤੇ ਵਿਦਿਅਕ ਪੱਧਰ ਇੱਕ ਵਾਰ ਫਿਰ ਦਸ-ਬਾਰਾਂ ਸਾਲ ਪੁਰਾਣੀ ਤੇ ਸਭ ਤੋਂ ਨਿਚਲੀ ਸਤਹਿ ਤੇ ਚਲਿਆ ਜਾਇਗਾ ਅਤੇ ਸ. ਪਰਮਜੀਤ ਸਿੰਘ ਸਰਨਾ ਵਲੋਂ ਆਪਣੇ ਪ੍ਰਧਾਨਗੀ ਕਾਲ ਦੌਰਾਨ ਇਨ੍ਹਾਂ ਸਕੂਲਾਂ ਦੇ ਪ੍ਰਬੰਧ ਅਤੇ ਵਿਦਿਅਕ ਪੱਧਰ ਨੂੰ ਉਚਿਆਉਣ ਲਈ ਕੀਤੇ ਗਏ ਅਥਾਹ ਜਤਨ ਮਿੱਟੀ-ਘਟੇ ਵਿੱਚ ਰੁਲ ਕੇ ਰਹਿ ਜਾਣਗੇ।