ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ ਸਰਗਰਮ
ਇਸੇ ਵਰ੍ਹੇ ਨਵੰਬਰ ਵਿੱਚ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੰਭਾਵਤ ਉਮੀਦਵਾਰਾਂ ਵਲੋਂ ਆਪੋ-ਆਪਣੀਆਂ ਗੋਟੀਆਂ ਬਿਠਾਣ ਦਾ ਸਿਲਸਿਲਾ ਅਰੰਭ ਦਿੱਤਾ ਗਿਆ ਹੋਇਆ ਹੈ। ਇੱਕ ਪਾਸੇ ਛੱਪ ਰਹੇ ਸਮਾਚਾਰਾਂ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਭਾਜਪਾ ਤੋਂ ਅਕਾਲੀ ਦਲ ਲਈ ਤਿਲਕ ਨਗਰ, ਹਰੀ ਨਗਰ ਅਤੇ ਰਾਜੌਰੀ ਗਾਰਡਨ, ਕੇਵਲ ਤਿੰਨ ਸੀਟਾਂ ਦੀ ਮੰਗ ਕੀਤੀ ਹੈ, ਜਦਕਿ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਆਪਣੇ ਦਲ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਪਛਾਣ ਸਥਾਪਤ ਕਰਨ ਲਈ, ਐਤਕੀਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦਲ ਦੇ ਚੋਣ ਚਿੰਨ੍ਹ ‘ਤਕੜੀ’ ’ਤੇ ਘਟੋ-ਘਟ 15 ਉਮੀਦਵਾਰ ਖੜੇ ਕਰਨਾ ਚਾਹੁੰਦੇ ਹਨ, ਭਾਂਵੇਂ ਉਹ ਸਾਰੇ ਹਾਰ ਹੀ ਕਿਉਂ ਨਾ ਜਾਣ।
ਜਿਥੋਂ ਤਕ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਪਣੇ ਚੋਣ ਨਿਸ਼ਾਨ ਤੇ 15 ਉਮੀਦਵਾਰ ਖੜੇ ਕੀਤੇ ਜਾਣ ਦੀ ਚਲ ਰਹੀ ਚਰਚਾ ਦੀ ਗਲ ਹੈ, ਉਸ ਸਬੰਧੀ ਭਾਜਪਾ ਰਾਜਨੀਤੀ ਨਾਲ ਸਬੰਧਤ ਚਲੇ ਆ ਰਹੇ ਮਾਹਿਰਾਂ ਵਲੋਂ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਭਾਜਪਾ ਲੀਡਰਸ਼ਿਪ ਅਕਾਲੀ ਦਲ (ਬਾਦਲ) ਨਾਲ ਚਲੇ ਆ ਰਹੇ ਆਪਣੇ ਗਠਜੋੜ ਦੀਆਂ ਮਾਨਤਾਵਾਂ ਦੇ ਵਿਰੁੱਧ, ਉਸ ਵਲੋਂ ਦਿੱਲੀ ਵਿਧਾਨ ਸਭਾ ਦੀਆਂ 15 ਸੀਟਾਂ ਪੁਰ ਆਪਣੇ ਉਮੀਦਵਾਰ ਖੜੇ ਕੀਤੇ ਜਾਣ ਨੂੰ ਸਹਿਜ ਵਿੱਚ ਹੀ ਸਵੀਕਾਰ ਕਰ ਲਏਗੀ, ਜਦਕਿ ਉਹ ਉਮੀਦਵਾਰ ਭਾਜਪਾ ਦੇ ਹੀ ਵੋਟ-ਬੈਂਕ ’ਚ ਸੰਨ੍ਹ ਲਾ, ਉਸਨੂੰ ਨੁਕਸਾਨ ਪਹੁੰਚਾਣ ਦਾ ਕਾਰਣ ਬਣ ਸਕਦੇ ਹਨ?
ਉਨ੍ਹਾਂ ਹੀ ਮਾਹਿਰਾਂ ਅਨੁਸਾਰ ਇਹ ਅਜਿਹਾ ਸਵਾਲ ਹੈ, ਜਿਸਦਾ ਜਵਾਬ ਚੋਣ ਪ੍ਰਕ੍ਰਿਆ ਦੇ ਅਰੰਭ ਹੋਣ ਦੇ ਸਮੇਂ ਹੀ ਮਿਲ ਪਾਇਗਾ। ਪਰ ਜਾਣਨ ਵਾਲੇ ਇਸਦਾ ਕਾਰਣ ਇਹ ਦਸਦੇ ਹਨ ਕਿ ਦਿੱਲੀ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਸਮੇਂ ਵੀ ਸ. ਸੁਖਬੀਰ ਸਿੰਘ ਬਾਦਲ ਨੇ ਭਾਜਪਾ ਪਾਸੋਂ ਅਕਾਲੀ ਦਲ ਲਈ 15 ਸੀਟਾਂ ਛੱਡਣ ਦੀ ਮੰਗ ਕੀਤੀ ਸੀ ਅਤੇ ਇਹ ਦਾਅਵਾ ਵੀ ਕੀਤਾ ਸੀ ਕਿ ਇਨ੍ਹਾਂ ਸੀਟਾਂ ਤੇ ਅਕਾਲੀ ਦਲ ਦੇ ਚੋਣ ਚਿੰਨ੍ਹ ਤੇ ਹੀ ਉਸਦੇ ਉਮੀਦਵਾਰ ਚੋਣ ਲੜਨਗੇ, ਜਿਸਦੇ ਚਲਦਿਆਂ ਦਲ ਦੇ ਪ੍ਰਦੇਸ਼ ਮੁਖੀਆਂ ਨੇ ਭਾਜਪਾ ਲੀਡਰਸ਼ਿਪ ਨੂੰ ਇਥੋਂ ਤਕ ਧਮਕੀ ਦੇ ਦਿੱਤੀ ਸੀ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਦਿੱਲੀ ਵਿੱਚ ਅਕਾਲੀ-ਭਾਜਪਾ ਗਠਜੋੜ ਤੋਂ ਆਜ਼ਾਦ ਹੋ ਵਿਧਾਨ ਸਭਾ ਚੋਣ ਲੜਨਗੇ। ਪ੍ਰੰਤੂ ਹੋਇਆ ਕੀ? ਬਾਦਲ ਅਕਾਲੀ ਦਲ ਨੂੰ ਭਾਜਪਾ ਵਲੋਂ ਦਿੱਤੀਆਂ ਗਈਆਂ ਚਾਰ ਸੀਟਾਂ ਲੈ ਕੇ ਹੀ ‘ਸੰਤੁਸ਼ਟਤਾ’ ਪ੍ਰਗਟ ਕਰਨੀ ਪਈ। ਉਨ੍ਹਾਂ ਚਹੁੰ ਵਿਚੋਂ ਕੇਵਲ ਇੱਕ ਹੀ ਸੀਟ ਤੇ ਉਸਦਾ ਉਮੀਦਵਾਰ ਦਲ ਦੇ ਚੋਣ ਨਿਸ਼ਾਨ ‘ਤਕੜੀ’ ਤੇ ਲੜਨ ਲਈ ਤਿਆਰ ਹੋ ਪਾਇਆ।
ਦਿੱਲੀ ਪ੍ਰਦੇਸ਼ ਭਾਜਪਾ ਦੇ ਨੇੜਲੇ ਸੂਤ੍ਰਾਂ ਅਨੁਸਾਰ ਇਸ ਵਾਰ ਵੀ ਉਸਦੇ ਨੇਤਾ ਬਾਦਲ ਅਕਾਲੀ ਦਲ ਨੂੰ ਪਿਛਲੀਆਂ ਹੀ ਚਾਰ ਸੀਟਾਂ, ਰਾਜੌਰੀ ਗਾਰਡਨ, ਜੰਗਪੁਰਾ, ਆਦਰਸ਼ ਨਗਰ ਅਤੇ ਸ਼ਾਹਦਰਾ ਦੇਣਾ ਚਾਹੁਣਗੇ। ਇਨ੍ਹਾਂ ਸੀਟਾਂ ਤੇ ਪਿਛਲੀ ਵਾਰ, ਜ. ਅਵਤਾਰ ਸਿੰਘ ਹਿਤ, ਸ. ਮਨਜਿੰਦਰ ਸਿੰਘ ਸਿਰਸਾ, ਸ. ਰਵਿੰਦਰ ਸਿੰਘ ਖੁਰਾਨਾ ਅਤੇ ਸ. ਜਤਿੰਦਰ ਸਿੰਘ ਸ਼ੰਟੀ ਨੇ ਚੋਣ ਲੜੀ ਸੀ ਅਤੇ ਇਹ ਚਾਰੇ ਹੀ ਹਾਰ ਗਏ ਸਨ। ਦਸਿਆ ਜਾਂਦਾ ਹੈ ਕਿ ਇਸ ਵਾਰ ਸ. ਰਵਿੰਦਰ ਸਿੰਘ ਖੁਰਾਨਾ ਅਤੇ ਜਤਿੰਦਰ ਸਿੰਘ ਸ਼ੰਟੀ ਤਾਂ ਆਪਣੀਆਂ ਪਿਛਲੀ ਸੀਟਾਂ, ਆਦਰਸ਼ ਨਗਰ ਅਤੇ ਸ਼ਾਹਦਰਾ ਤੋਂ ਹੀ ਚੋਣ ਲੜਨਾ ਚਾਹੁੰਦੇ ਹਨ ਅਤੇ ਜੰਗਪੁਰਾ ਸੀਟ ਪੁਰ ਜ. ਕੁਲਦੀਪ ਸਿੰਘ ਭੋਗਲ ਵਲੋਂ ਆਪਣਾ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਸ. ਮਨਜਿੰਦਰ ਸਿੰਘ ਸਿਰਸਾ ਤਿਲਕ ਨਗਰ ਤੇ ਰਾਜੌਰੀ ਗਾਰਡਨ ਵਿਚੋਂ ਕਿਸੇ ਸੀਟ ਤੋਂ ਚੋਣ ਲੜਨ ਦੇ ਇਛੁਕ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਜਪਾ ਲੀਡਰਸ਼ਿਪ ਅਤੇ ਭਾਜਪਾ ਕੇਡਰ ਨਾਲ ਚਲੇ ਆ ਰਹੇ ਚੰਗੇ ਸਬੰਧਾਂ ਤੇ ਪਾਰਸ਼ਦ ਵਜੋਂ ਉਨ੍ਹਾਂ ਦੀ ਪਤਨੀ, ਬੀਬੀ ਸਤਵਿੰਦਰ ਕੌਰ ਸਿਰਸਾ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਫਲਸਰੂਪ ਸਿੱਖਾਂ ਸਹਿਤ ਗੈਰ-ਸਿੱਖਾਂ ਵਿੱਚ ਬਣੀ ਹੋਈ ਆਪਣੀ ਪੈਂਠ ਦੇ ਸਹਾਰੇ ਉਹ ਇਨ੍ਹਾਂ ਦੋਹਾਂ ਵਿਚੋਂ ਕਿਸੇ ਵੀ ਸੀਟ ਪੁਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਵਾਣ ਵਿੱਚ ਸਫਲ ਹੋ ਸਕਦੇ ਹਨ।
ਉਧਰ ਇਹ ਦਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵਿਜੈ ਗੋਇਲ ਵਲੋਂ ਪਾਰਟੀ ਨਾਲ ਸਬੰਧਤ ਸਿੱਖਾਂ ਨੂੰ ਨਜ਼ਰ-ਅੰਦਾਜ਼ ਕੀਤੇ ਜਾਣ ਦੇ ਕਾਰਣ, ਉਸ ਨਾਲ ਨਾਰਾਜ਼ ਚਲੇ ਆ ਰਹੇ ਭਾਜਪਾਈ ਸਿੱਖਾਂ ਵਲੋਂ ਭਾਜਪਾ ਦੀ ਕੇਂਦ੍ਰੀ ਲੀਡਰਸ਼ਿਪ ਪੁਰ ਦਬਾਉ ਬਣਾਇਆ ਜਾ ਰਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ਕੀਮਤ ਤੇ ਪਾਰਟੀ ਦੇ ਵਫਾਦਾਰ ਚਲੇ ਆ ਰਹੇ ਸਿੱਖਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇ ਅਜਿਹਾ ਕੀਤਾ ਗਿਆ ਤਾਂ ਉਨ੍ਹਾਂ ਵਿੱਚ ਪਾਰਟੀ-ਲੀਡਰਸ਼ਿਪ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਪੈਦਾ ਹੋ ਸਕਦੀ ਹੈ, ਜਿਸਦੇ ਫਲਸਰੂਪ ਉਹ ਚੋਣਾਂ ਦੌਰਾਨ ਪਾਰਟੀ ਨਾਲੋਂ ਕਿਨਾਰਾ ਕਰਨ ਤੇ ਮਜਬੂਰ ਹੋ ਜਾਣਗੇ, ਜਿਸਦਾ ਪ੍ਰਭਾਵ ਉਨ੍ਹਾਂ ਆਮ ਸਿੱਖਾਂ ਪੁਰ ਪੈਣ ਤੋਂ ਇਨਕਾਰ ਨਹੀਂ ਕੀਤਾ ਸਕਦਾ, ਜੋ ਆਪਣਾ ਭਵਿੱਖ ਭਾਜਪਾ ਨਾਲ ਜੋੜੀ ਚਲੇ ਆ ਰਹੇ ਹਨ। ਦਸਿਆ ਜਾਂਦਾ ਹੈ ਕਿ ਇਨ੍ਹਾਂ ਵਿਚੋਂ ਸ. ਆਰ ਪੀ ਸਿੰਘ ਰਾਜਿੰਦਰ ਨਗਰ, ਸ. ਹਰਤੀਰਥ ਸਿੰਘ ਰਾਜੌਰੀ ਗਾਰਡਨ, ਸ. ਕੁਲਦੀਪ ਸਿੰਘ ਚਾਂਦਨੀ ਚੌਕ ਅਤੇ ਸ. ਕੁਲਵੰਤ ਸਿੰਘ ਬਾਠ ਰੋਹਤਾਸ ਨਗਰ ਤੋਂ ਵਿਧਾਨ ਸਭਾ ਦੀ ਚੋਣ ਲੜਨਾ ਚਾਹੁੰਦੇ ਹਨ। ਇਨ੍ਹਾਂ ਤੋਂ ਬਿਨਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਜਨਰਲ ਸਕਤੱਰ ਸ. ਗੁਰਮੀਤ ਸਿੰਘ ਸ਼ੰਟੀ ਸ਼ਾਸਤ੍ਰੀ ਨਗਰ, ਜਿਥੋਂ ਭਾਜਪਾ ਆਪਣੀ ਜਿੱਤ ਦਰਜ ਕਰਵਾਣ ਵਿੱਚ ਅਜੇ ਤਕ ਸਫਲ ਨਹੀਂ ਹੋ ਸਕੀ, ਤੋਂ ਚੋਣ ਲੜਨਾ ਚਾਹੁੰਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਸ਼੍ਰੋਮਣੀ ਸੇਵਾ ਸੋਸਾਇਟੀ ਰਾਹੀਂ ਬੀਤੇ ਕਾਫੀ ਸਮੇਂ ਤੋਂ ਇੰਦ੍ਰ ਲੋਕ, ਸੁਭਦਰਾ ਕਾਲੋਨੀ, ਸ਼ਾਸਤ੍ਰੀ ਨਗਰ, ਗੁਲਾਬੀ ਬਾਗ, ਅੰਧਾ ਮੁਗਲ ਆਦਿ ਇਲਾਕਿਆਂ ਵਿੱਚ ਬਿਨਾ ਕਿਸੇ ਭੇਦ-ਭਾਵ ਦੇ ਆਮ ਲੋਕਾਂ ਦੀ ਜੋ ਨਿਸ਼ਕਾਮ ਸੇਵਾ ਕਰਦੇ ਚਲੇ ਆ ਰਹੇ ਹਨ, ਉਸਦੇ ਫਲਸਰੂਪ ਉਨ੍ਹਾਂ ਨੂੰ ਇਹ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿੱਚ ਪਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਇਗੀ।
ਕੀ ਬਾਦਲ ਦਲ ਦੇ ਮੁਖੀ ਚੁਨੌਤੀ ਸਵੀਕਾਰ ਕਰਨਗੇ? : ਬੀਤੇ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਵਲੋਂ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਸ. ਹਰਵਿੰਦਰ ਸਿੰਘ ਸਰਨਾ ਪੁਰ ਇਹ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਬਾਲਾ ਸਾਹਿਬ ਹਸਪਤਾਲ ਵੇਚ ਕੇ ਰਿਸ਼ਵਤ ਦੇ ਰੂਪ ਵਿੱਚ ਜੋ ਮੋਟੀ ਰਕਮ ਵਸੂਲੀ ਹੈ, ਉਸ ਨਾਲ ਉਨ੍ਹਾਂ ਦੋ ਨੰਬਰ ਵਿੱਚ ਅਦਾਇਗੀ ਕਰ ਫਾਰਮ ਹਾਊਸ ਖਰੀਦਿਆ ਹੈ। ਗੁਰਦੁਆਰਾ ਕਮੇਟੀ ਦੇ ਮੁਖੀਆਂ, ਜੋ ਬਾਦਲ ਅਕਾਲੀ ਦਲ ਦੇ ਵੀ ਪ੍ਰਦੇਸ਼ ਮੁਖੀ ਹਨ, ਵਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਸ. ਸਰਨਾ ਨੇ ਦਸਿਆ ਕਿ ਉਨ੍ਹਾਂ ਜੋ ਜ਼ਮੀਨ ਖਰੀਦੀ ਹੈ, ਉਹ ਆਪਣੇ ਰਿਸ਼ਤੇਦਾਰਾਂ ਅਤੇ ਮਿਤ੍ਰਾਂ ਦੀ ਹਿਸੇਦਾਰੀ ਵਿੱਚ ਖਰੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਜੋ ਵੀ ਜਾਇਦਾਦ ਬਣਾਈ ਹੈ, ਉਸਦੇ ਵੇਰਵੇ ਉਹ ਹਰ ਵਰ੍ਹੇ ਬਾਕਾਇਦਾ ਇਨਕਮ ਟੈਕਸ ਰਿਟਰਨਾਂ ਵਿੱਚ ਦਿੰਦੇ ਚਲੇ ਆ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਚੁਨੌਤੀ ਦਿੰਦਿਆਂ ਕਿਹਾ ਕਿ ਉਹ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਆਮਦਨ ਦੇ ਸ੍ਰੋਤਾਂ ਅਤੇ ਜਾਇਦਾਦ ਆਦਿ ਦੀ ਜਾਂਚ ਕਿਸੇ ਵੀ ਜਾਂਚ ਏਜੰਸੀ ਤੋਂ ਕਰਵਾਣ ਲਈ ਤਿਆਰ ਹਨ, ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਜ. ਮਨਜੀਤ ਸਿੰਘ ਜੀ ਕੇ, ਸ. ਮਨਜਿੰਦਰ ਸਿੰਘ ਸਿਰਸਾ ਵੀ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਅਤੇ ਆਮਦਨ ਦੇ ਸ੍ਰੋਤਾਂ ਦੀ ਜਾਂਚ, ਉਸੇ ਜਾਂਚ ਏਜੰਸੀ ਤੋਂ ਕਰਵਾਣ ਲਈ ਤਿਆਰ ਹੋਣ। ਸਿੱਖ ਰਾਜਨੀਤੀ ਨਾਲ ਸਬੰਧਤ ਰਾਜਨੀਤਕਾਂ ਦਾ ਮੰਨਣਾ ਹੈ ਕਿ ਬਾਦਲ ਅਕਾਲੀ ਦਲ ਅਤੇ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਸ. ਸਰਨਾ ਦੀ ਚੁਨੌਤੀ ਸਵੀਕਾਰ ਕਰ ਲੈਣੀ ਚਾਹੀਦੀ ਹੈ, ਜੇ ਉਹ ਇਸ ਚੁਨੌਤੀ ਨੂੰ ਸਵੀਕਾਰ ਕਰਨ ਵਿੱਚ ਟਾਲਮਟੋਲ ਜਾਂ ਨਾ-ਨੁਕਰ ਕਰਦੇ ਹਨ ਤਾਂ ਲੋਕਾਂ ਵਿੱਚ ਇਹ ਸੰਦੇਸ਼ ਚਲਿਆ ਜਾਇਗਾ ਕਿ ਬਾਦਲ ਅਕਾਲੀ ਦਲ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਸਰਨਾ-ਭਰਾਵਾਂ ਪੁਰ ਅਧਾਰਹੀਨ ਦੋਸ਼-ਲਾ ਨਾ ਕੇਵਲ ਸਰਨਾ-ਭਰਾਵਾਂ ਦੀ, ਸਗੋਂ ਸਮੁਚੇ ਸਿੱਖ-ਜਗਤ ਦੀ ਵੀ ਛਬੀ ਖਰਾਬ ਕਰ ਨਿਜੀ ਰਾਜਸੀ ਸਵਾਰਥ ਦੀਆਂ ਰੋਟੀਆਂ ਸੇਕ ਰਹੇ ਹਨ।
…ਅਤੇ ਅੰਤ ਵਿੱਚ : ਬਲਾਤਕਾਰ ਦੇ ਗੰਭੀਰ ਦੋਸ਼ਾਂ ਨਾਲ ਜੂਝ ਰਹੇ ਬਾਪੂ ਆਸਾਰਾਮ ਨੂੰ ਨਿਰਦੋਸ਼ ਹੋਣ ਦਾ ਸਰਟੀਫਿਕੇਟ ਦਿੰਦਿਆਂ ਉਸਦੀ ਬੁਲਾਰਾ ਨੀਲਮ ਦੁਬੇ ਵਲੋਂ ਬਾਪੂ ਆਸਾਰਾਮ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੇ ਜਾਣ ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਡੂੰਘੀ ਸੱਟ ਵਜੀ ਹੈ, ਜਿਸਦੇ ਫਲਸਰੂਪ ਉਨ੍ਹਾਂ ਵਿੱਚ ਨੀਲਮ ਦੁਬੇ ਵਿਰੁਧ ਭਾਰੀ ਰੋਸ ਤੇ ਗੁੱਸਾ ਪੈਦਾ ਹੋ ਰਿਹਾ ਹੈ, ਇਸਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਅਤੇ ਪੰਜਾਬ ਦੀਆਂ ਕਈ ਸਿੱਖ ਜਥੇਬੰਦੀਆਂ ਵਲੋਂ ਉਸਦੇ ਵਿਰੁਧ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਚੋਟ ਪਹੁੰਚਾਣ ਦੇ ਦੋਸ਼ ਵਿੱਚ ਮੁਕਦਮਾ ਦਰਜ ਕਰਵਾਇਆ ਜਾਣਾ, ਸਿੱਖਾਂ ਦੀਆਂ ਭਾਵਨਾਵਾਂ ਦੀ ਪ੍ਰਸ਼ੰਸਾਯੋਗ ਤਰਜਮਾਨੀ ਹੈ। ਬਾਪੂ ਆਸਾਰਾਮ ਕਿਸ ਦਾ ਅਤੇ ਕਿਹੜਾ ਅਵਤਾਰ ਹੈ, ਉਸਦੇ ਚੇਲਿਆਂ ਨੂੰ ਮੁਬਾਰਕ, ਪ੍ਰੰਤੂ ਉਸ ਜਾਂ ਕਿਸੇ ਵੀ ਹੋਰ ਵਿਅਕਤੀ, ਭਾਵੇਂ ਉਹ ਕਿਤਨੀ ਹੀ ਵੱਡੀ ਧਾਰਮਕ ਮਾਨਤਾ ਦਾ ਹੀ ਮਾਲਕ ਕਿਉਂ ਨਾ ਹੋਵੇ, ਦੀ ਸਿੱਖ ਗੁਰੂ ਸਾਹਿਬਾਨ ਨਾਲ ਤੁਲਨਾ ਕੀਤਾ ਜਾਣਾ ਗੁਰੂ ਨਾਨਕ ਨਾਮ-ਲੇਵਾਵਾਂ ਲਈ ਅਸਹਿ ਹੈ।