ਇਸਲਾਮਾਬਾਦ- ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਚਿਤਾਵਨੀ ਦਿਤੀ ਹੈ ਕਿ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਦੀ ਜਾਨ ਨੂੰ ਤਿੰਨ ਅਤਵਾਦੀ ਜਥੇਬੰਦੀਆਂ ਤੋਂ ਖਤਰਾ ਹੈ। ਇਹ ਅਤਵਾਦੀ ਸੰਗਠਨ ਇਸਲਾਮਾਬਾਦ, ਲਹੌਰ ਅਤੇ ਉਨ੍ਹਾਂ ਦੇ ਗ੍ਰਹਿ ਨਗਰ ਮੁਲਤਾਨ ਵਿਚ ਗਿਲਾਨੀ ਨੂੰ ਆਤਮਘਾਤੀ ਹਮਲੇ ਵਿਚ ਨਿਸ਼ਾਨਾ ਬਣਾ ਸਕਦੇ ਹਨ।
ਖੁਫੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਬਾਇਲੀ ਖੇਤਰ ਵਿਚ ਅਤਵਾਦੀ ਗਿਲਾਨੀ ਨੂੰ ਬੰਬ ਧਮਾਕੇ ਅਤੇ ਅਤਵਾਦੀ ਹਮਲੇ ਦਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਤਵਾਦੀਆਂ ਦੇ ਤਿੰਨ ਸੰਗਠਨ ਲਹੌਰ, ਇਸਲਾਮਾਬਾਦ ਅਤੇ ਮੁਲਤਾਨ ਵਿਚ ਨਾਲ-ਨਾਲ ਕੰਮ ਕਰ ਰਹੇ ਹਨ। ਕੇਂਦਰ ਸਰਕਾਰ ਨੇ ਇਸਲਾਮਾਬਾਦ ਵਿਚ ਅਤਵਾਦੀ ਹਮਲੇ ਨਾਲ ਨਜਿਠਣ ਲਈ ਪ੍ਰਸ਼ਾਸਨ ਦੀ ਮਦਦ ਲਈ ਅਰਧ ਸੈਨਿਕ ਬਲਾਂ ਨੂੰ ਸਦਿਆ ਹੈ।
ਅਰਧ ਸੈਨਿਕ ਬਲਾਂ ਦੇ ਜਵਾਨ ਦੇਸ਼ ਦੀ ਰਾਜਧਾਨੀ ਵਿਚ ਮਹੱਤਵਪੂਰਣ ਹਸਤੀਆਂ ਅਤੇ ਸਥਾਨਾਂ ਦੀ ਰੱਖਿਆ ਕਰਨਗੇ। ਅਜਿਹੇ ਹਾਲਾਤ ਨਾਲ ਨਜਿਠਣ ਲਈ ਘੱਟ ਤੋਂ ਘੱਟ 20 ਕੰਪਨੀਆਂ ਦੀ ਜਰੂਰਤ ਹੋਵੇਗੀ। ਐਨਏਐਸ ਨੂੰ ਜੋਖਿਮ ਵਾਲੇ ਸਥਾਨਾਂ ਅਤੇ ਮਹੱਤਵਪੂਰਣ ਹਸਤੀਆਂ ਦੇ ਸੁਰੱਖਿਆ ਕਾਫਲੇ ਵਿਚ ਸ਼ਾਮਿਲ ਕੀਤਾ ਜਾਵੇਗਾ। ਐਨਏਐਸ ਨੂੰ ਬੁਲਾਉਣ ਦਾ ਪ੍ਰਸਤਾਵ ਸਬੰਧਤ ਮਹਿਕਮੇ ਨੂੰ ਭੇਜ ਦਿਤਾ ਾਿਆ ਹੈ। ਇਸਲਾਮਾਬਾਦ ਵਿਚ ਪੁਲਿਸ ਐਂਬੂਲੈਂਸ ਅਤੇ ਪ੍ਰੈਸ ਦੇ ਸਟੀਕਰਾਂ ਵਾਲੀਆਂ ਗਡੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਅਜਿਹਾ ਖੁਫੀਆ ਏਜੰਸੀ ਦੀ ਉਸ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਹਮਲੇ ਵਿਚ ਇਸ ਤਰ੍ਹਾਂ ਦੇ ਵਾਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।