ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਰਵਿੰਦਰ ਕੌਰ ਧਾਲੀਵਾਲ ਨੇ ਅਪਰ ਨਿਰਦੇਸ਼ਕ ਸੰਚਾਰ ਵਜੋਂ (ਵਾਧੂ ਚਾਰਾਜ) ਅਹੁਦਾ ਸੰਭਾਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਦੱਸਿਆ ਕਿ ਡਾ: ਧਾਲੀਵਾਲ ਇਕ ਚੰਗੇ ਸਾਇੰਸਦਾਨ ਵਜੋਂ ਸਾਰੀ ਯੂਨੀਵਰਸਿਟੀ ਵਿਚ ਹਰਮਨ ਪਿਆਰੇ ਹਨ ਅਤੇ ਉਨ੍ਹਾਂ ਨੂੰ ਇਹ ਜਿੰਮਂੇਵਾਰੀਆਂ ਉਨ੍ਹਾਂ ਦੇ ਵਿਭਾਗ ਦੀਆਂ ਜਿੰਮੇਂਵਾਰੀਆਂ ਤੋਂ ਇਲਾਵਾ ਦਿੱਤੀਆਂ ਗਈਆਂ ਹਨ। ਡਾ: ਧਾਲੀਵਾਲ ਨੇ ਸਾਲ 1989 ਵਿੱਚ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵਿੱਚ ਆਪਣੀ ਸੇਵਾ ਆਰੰਭ ਕੀਤੀ। 23 ਸਾਲ ਦੇ ਇਸ ਸੇਵਾ ਕਾਲ ਦੌਰਾਨ ਡਾ: ਧਾਲੀਵਾਲ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਡਾ: ਧਾਲੀਵਾਲ ਨੂੰ ਕਈ ਵੱਕਾਰੀ ਪੁਰਸਕਾਰਾਂ ਨਾਲ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵੱਲੋਂ ਅਨੇਕਾਂ ਹੀ ਸ਼ੋਧ ਪੱਤਰ, ਕਿਤਾਬਾਂ ਅਤੇ ਕਿਤਾਬਚੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਡਾ: ਧਾਲੀਵਾਲ ਨੇ ਸੰਚਾਰ ਦੇ ਖੇਤਰ, ਪਸਾਰ ਸਿੱਖਿਆ ਦੇ ਖੇਤਰ, ਔਰਤ ਸਸ਼ਕਤੀਕਰਨ, ਵਾਤਾਵਰਣ ਸਾਂਭ ਸੰਭਾਲ ਆਦਿ ਵਿਸ਼ਿਆਂ ਸਬੰਧੀ ਰਾਸ਼ਟਰੀ ਪੱਧਰ ਤੇ ਕਈ ਨਾਮੀ ਅਦਾਰਿਆਂ ਤੋਂ ਸਿਖਲਾਈਆਂ ਪ੍ਰਾਪਤ ਕੀਤੀਆਂ ਹਨ।