ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵਲੋਂ ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਦੇ ਅਫ਼ਗਾਨਿਸਤਾਨ ਵਿਚ ਹੋਏ ਕਤਲ ਦੇ ਸਬੰਧ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਕਤਲ ਤਾਲਿਬਾਨ ਮੂਲਵਾਦੀਆਂ ਵਲੋਂ ਇਕ ਲੇਖਿਕਾ ਔਰਤ ਦੇ ਆਜਾਦਾਨਾ ਤਰੀਕੇ ਨਾਲ ਲਿਖਣ ਅਤੇ ਵਿਚਰਨ ਕਰਕੇ ਹੋਇਆ ਹੈ। 1993 ਵਿਚ ਤਾਲਿਬਾਨਾਂ ਨੇ ਉਸ ਨੂੰ ਡਿਸਪੈਂਸਰੀ ਬੰਦ ਕਰਨ ਦੇ ਹੁਕਮ ਚਾੜ੍ਹੇ ਸਨ ਜਿਹੜੀ ਡਿਸਪੈਂਸਰੀ ਉਹ ਔਰਤਾਂ ਅਤੇ ਲੋਕਾਂ ਦੀ ਸੇਵਾ ਕਰਨ ਲਈ ਸਮਾਜਿਕ ਕਾਰਕੁੰਨ ਵਜੋਂ ਚਲਾ ਰਹੀ ਸੀ। 1994 ਵਿਚ ਉਹ ਉਸ ਇਲਾਕੇ ਵਿਚੋਂ ਜਿਥੇ ਉਹ ਅਫ਼ਗਾਨਿਸਤਾਨ ਵਿਚ ਵਿਆਹੀ ਹੋਈ ਸੀ ਅਤੇ ਡਿਸਪੈਂਸਰੀ ਚਲਾ ਰਹੀ ਸੀ ਬਚ ਕੇ ਨਿਕਲ ਆਈ ਸੀ। ਪ੍ਰੰਤੂ ਉਸ ਦੇ ਸੰਬੰਧੀ ਉਸ ਨੂੰ ਵਾਪਸ ਲੈ ਗਏ ਅਤੇ ਘਰ ਵਿਚ ਕੈਦ ਰੱਖਿਆ। 15 ਤਾਲਿਬਾਨ ਮੈਂਬਰਾਂ ਨੇ ਉਸ ਦੀ ਪੁੱਛ-ਗਿੱਛ ਕੀਤੀ ਤੇ ਉਸ ਨੇ ਉਨ੍ਹਾਂ ਦੀ ਦਲੀਲਾਂ ਦੀ ਤਸੱਲੀ ਕਰਵਾਉਂਦਿਆਂ ਕਿਹਾ ਕਿ ਉਹ ਭਾਰਤੀ ਹੈ ਤੇ ਆਪਣੇ ਵਤਨ ਵਾਪਸ ਪਰਤਣ ਦਾ ਉਸ ਨੂੰ ਪੂਰਾ ਹੱਕ ਹੈ।
ਇਸ ਘਟਨਾ ਦੀ ਨਿਖੇਧੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਤਾਲਿਬਾਨਾਂ ਵਲੋਂ ਔਰਤਾਂ ਦੇ ਲਿਖਣ ਪੜ੍ਹਣ ਦੇ ਅਧਿਕਾਰ ’ਤੇ ਕੀਤਾ ਗਿਆ ਇਹ ਹਮਲਾ ਇਕ ਹੋਰ ਨੰਗਾ ਚਿੱਟਾ ਕਾਰਾ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੁਸ਼ਮਿਤਾ ਬੈਨਰਜੀ/ਸੱਯਦ ਕਮਾਲਾ ਬੜਾ ਯਥਾਰਥਕ ਸ਼ੈਲੀ ਵਿਚ ਲਿਖਣ ਵਾਲੀ ਲੇਖਿਕਾ ਸੀ। ਉਸ ਦੀਆਂ ਪੁਸਤਕਾਂ ‘ਏ ਕਾਬੁਲੀਵਾਲਾ ਜ਼ ਬੰਗਾਲੀ ਵਾਈਫ਼’ ਅਤੇ ‘ਇਸਕੇਪ ਫਰੌਮ ਦ ਤਾਲਿਬਾਨ’ ਜਗਤ ਪ੍ਰਸਿੱਧ ਹਨ ਅਤੇ ਇਸਕੇਪ ਫਰੌਮ ਦ ਤਾਲਿਬਾਨ ਉਪਰ ਫਿਲਮ ਵੀ ਬਣ ਚੁੱਕੀ ਹੈ। ਇਸ ਤਰ੍ਹਾਂ ਦੇ ਵਿਸ਼ੇਸ਼ ਰੁਤਬੇ ਵਾਲੇ ਲੇਖਕਾਂ ’ਤੇ ਹੁੰਦੇ ਹਮਲਿਆਂ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਮੂਲਵਾਦੀਆਂ ਦੀ ਪਹੁੰਚ ਵਿਚ ਲੋਕਤੰਤਰ ਨਾਮ ਦਾ ਕੋਈ ਸ਼ਬਦ ਨਹੀਂ। ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸੁਰਿੰਦਰ ਕੈਲੇ ਨੂੰ ਬਹੁਤ ਸਾਰੇ ਲੇਖਕਾਂ ਨੇ ਫ਼ੋਨ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਅਤੇ ਡਾ. ਸੁਰਜੀਤ ਪਾਤਰ, ਡਾ. ਅਨੂਪ ਸਿੰਘ, ਡਾ. ਸਰਬਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਸੁਰਜੀਤ ਸਿੰਘ, ਸ. ਕੁਲਦੀਪ ਸਿੰਘ ਬੇਦੀ, ਡਾ. ਜੋਗਿੰਦਰ ਸਿੰਘ ਨਿਰਾਲਾ, ਇੰਜ. ਜਸਵੰਤ ਜ਼ਫ਼ਰ, ਪ੍ਰੋ. ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਹਨ।
EH KARA ATE NIDAN YOG HAI…ES KARTOOT DE JUMEVAARA DA NA KOI MAJABH HAI NAA HE KOI IST……