ਲੁਧਿਆਣਾ : ਗਾਂਧੀ ਨਗਰ ਗੁਜਰਾਤ ਵਿਖੇ ਆਯੋਜਿਤ ਗਲੋਬਲ ਖੇਤੀਬਾੜੀ ਸੰਮੇਲਨ 2013 ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਜਰਾਤ ਸੀਡ ਕਾਰਪੋਰੇਸ਼ਨ ਵਿੱਚ ਇਕ ਇਕਰਾਰਨਾਮੇ ਤੇ ਹਸਤਾਖਰ ਕੀਤੇ ਗਏ। ਇਸ ਸੰਧੀ ਦਾ ਮੁੱਖ ਮਨੋਰਥ ਨਰਮੇ ਦੀਆਂ ਦੋਗਲੀਆਂ ਕਿਸਮਾਂ ਤਿਆਰ ਕਰਨਾ ਹੈ।
ਇਸ ਬਾਰੇ ਇਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਡਾ:ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸੰਧੀ ਤਹਿਤ ਯੂਨੀਵਰਸਿਟੀ ਵੱਲੋਂ ਤਿਆਰ ਨਰਮੇ ਦੀਆਂ ਕਿਸਮਾਂ ਵਿੱਚ ਬੀਜੀ-99 ਜੀਨ ਸ਼ਾਮਿਲ ਕਰਨਾ ਹੈ। ਇਸ ਤੋਂ ਇਲਾਵਾ ਅਸਾਮ ਐਗਰੀਕਲਚਰਲ ਯੂਨੀਵਰਸਿਟੀ ਜੌਰਹਾਟ ਨਾਲ ਵੀ ਛੋਲਿਆਂ ਦੀਆਂ ਕਿਸਮਾਂ ਦੇ ਸੁਧਾਰ ਲਈ ਇਕਰਾਰਨਾਮਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇਕਰਾਰਨਾਮੇ ਨਾਲ ਦੋਹਾਂ ਫ਼ਸਲਾਂ ਤੋਂ ਚੰਗੇਰਾ ਉਤਪਾਦਨ ਲੈਣ ਲਈ ਹੁਲਾਰਾ ਮਿਲੇਗਾ। ਇਸ ਨਾਲ ਦੇਸ਼ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਰ ਸੁਖਾਲਾ ਹੋ ਜਾਵੇਗਾ। ਉਨ੍ਹਾਂ ਇਸ ਗੱਲ ਦਾ ਹਵਾਲਾ ਦਿੰਦਿਆਂ ਦੱਸਿਆ ਕਿ 60 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਪੰਜਾਬ ਵਿੱਚ 4.46 ਲੱਖ ਹੈਕਟੇਅਰ ਰਕਬਾ ਨਰਮੇ ਕਪਾਹ ਹੇਠ ਸੀ ਜਿਸ ਤੋਂ 7.05 ਲੱਖ ਗੰਢਾਂ ਤਿਆਰ ਕੀਤੀਆਂ ਜਾਂਦੀਆਂ ਸਨ। ਸਾਲ 2006-07 ਦੌਰਾਨ ਰਿਕਾਰਡ ਤੋੜ 750 ਕਿਲੋਗਰਾਮ ਪ੍ਰਤੀ ਹੈਕਟੇਅਰ ਦਾ ਉਤਪਾਦਨ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ 90 ਫੀ ਸਦੀ ਤੋਂ ਵੱਧ ਨਰਮੇ ਕਪਾਹ ਹੇਠ ਖੇਤਰ ਬੀ ਟੀ ਨਰਮੇ ਦੇ ਅਧੀਨ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਡਾ: (ਸ਼੍ਰੀਮਤੀ) ਰਵਿੰਦਰ ਕੌਰ ਧਾਲੀਵਾਲ ਨੇ ਜੀ ਆਇਆਂ ਦੇ ਸ਼ਬਦ ਆਖੇ। ਉਨ੍ਹਾਂ ਦੱਸਿਆ ਕਿ ਗੁਜਰਾਤ ਸੀਡ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਖਰਬੂਜ਼ਾ, ਕੱਦੂ, ਬੈਂਗਣ, ਮਿਰਚਾਂ, ਮੱਕ ਆਦਿ ਫ਼ਸਲਾਂ ਦੀ ਨਸਲ ਸੁਧਾਰ ਤੇ ਵੀ ਖੋਜ ਕਾਰਜ ਨਿਬੇੜੇ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀ ਅਤੇ ਸਬੰਧਿਤ ਸਾਇੰਸਦਾਨ ਵੀ ਹਾਜ਼ਰ ਸਨ।