ਨਵੀਂ ਦਿੱਲੀ-16 ਦਸੰਬਰ 2012 ਨੂੰ ਦਿੱਲੀ ਦੀ ਇੱਕ ਬੱਸ ਵਿੱਚ ਵਿਦਿਆਰਥਣ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਚਾਰ ਦੋਸ਼ੀਆਂ ਨੂੰ ਸਾਕੇਤ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਇਨ੍ਹਾਂ ਚਾਰਾਂ ਨੂੰ ਮੰਗਲਵਾਰ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸ਼ੁਕਰਵਾਰ ਨੂੰ ਕੋਰਟ ਨੇ ਆਪਣੇ ਫੈਸਲੇ ਵਿੱਚ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਜੱਜ ਯੋਗੇਸ਼ ਖੰਨਾ ਵੱਲੋਂਕੋਰਟ ਵਿੱਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੇ ਸਾਰੇ ਦੋਸ਼ੀ ਬੁਰੀ ਤਰ੍ਹਾਂ ਨਾਲ ਰੋ ਰਹੇ ਸਨ। ਬਚਾਅ ਪੱਖ ਦੇ ਵਕੀਲਾਂ ਨੇ ਵੀ ਜੋ- ਜੋਰ ਦੀ ਚੀਖ ਕੇ ਇਸ ਫੈਸਲੇ ਪ੍ਰਤੀ ਆਪਣਾ ਵਿਰੋਧ ਜਾਹਿਰ ਕੀਤਾ। ਪੀੜਤ ਲੜਕੀ ਦੇ ਪ੍ਰੀਵਾਰ ਦੇ ਚਿਹਰਿਆਂ ਤੇ ਅਦਲਤ ਵੱਲੋਂ ਦਿੱਤੇ ਗਏ ਫੈਸਲੇ ਕਾਰਣ ਸੰਤੁਸ਼ਟੀ ਵਿਖਾਈ ਦੇ ਰਹੀ ਸੀ। ਦਾਮਿਨੀ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੀ ਬੇਟੀ ਨੂੰ ਇਨਸਾਫ ਮਿਲ ਗਿਆ ਹੈ।
ਅਦਾਲਤ ਨੇ ਦੋਸ਼ੀਆਂ ਵਿਨੈ ਸ਼ਰਮਾ, ਮੁਕੇਸ਼,ਪਵਨ ਗੁਪਤਾ ਅਤੇ ਅਕਸ਼ੇ ਸਿੰਘ ਠਾਕੁਰ ਨੂੰ ਸਮੂਹਿਕ ਬਲਾਤਕਾਰ, ਹੱਤਿਆ, ਪੀੜਤ ਲੜਕੀ ਦੇ ਦੋਸਤ ਦੀ ਹੱਤਿਆ ਦੇ ਯਤਨ, ਅਪ੍ਰਾਕ੍ਰਿਤਕ ਅਪਰਾਧ,ਸਬੂਤਾਂ ਨੂੰ ਨਸ਼ਟ ਕਰਨ ਅਤੇ ਡਕੈਤੀ ਦੇ ਮਾਮਲਿਆਂ ਵਿੱਚ ਦੋਸ਼ੀ ਪਾਇਆ।ਇਨ੍ਹਾਂ ਚਾਰ ਦੋਸ਼ੀਆਂ ਤੋਂ ਇਲਾਵਾ ਦੋ ਹੋਰ ਦੋਸ਼ੀਆਂ ਵਿੱਚੋਂ ਇੱਕ ਰਾਮ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਦੋਸ਼ੀ ਨੂੰ ਨਾਬਾਲਿਗ ਕਰਾਰ ਦੇ ਕੇ 31 ਅਗੱਸਤ ਨੂੰਕੋਰਟ ਨੇ ਤਿੰਨ ਸਾਲ ਦੀ ਸਜ਼ਾਂ ਸੁਣਾਈ ਸੀ। ਇਸ ਫੈਸਲੇ ਤੇ ਪੀੜਤ ਲੜਕੀ ਦੇ ਪ੍ਰੀਵਾਰ ਨੇ ਨਾਂਖੁਸ਼ੀ ਪ੍ਰਗਟ ਕਰਦੇ ਹੋਏ ੳੇਸ ਨੂੰ ਵੀ ਹੋਰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਨਾਬਾਲਿਗ ਨੇ ਪੀੜਤ ਲੜਕੀ ਨਾਲ ਸੱਭ ਤੋਂ ਵੱਧ ਜਾਲਿਮਾਨਾ ਢੰਗ ਨਾਲ ਅਤਿਆਚਾਰ ਕੀਤਾ ਸੀ।