ਖਡੂਰ ਸਾਹਿਬ / ਤਰਨਤਾਰਨ – ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਸੇਵਾ, ਸੰਜਮ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦਿਵਸ ਮੌਕੇ 18 ਸਤੰਬਰ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਰਾਈ ਜਾ ਰਹੀ ਵਿਸ਼ਾਲ ਸਿਆਸੀ ਕਾਨਫਰੰਸ ਹਾਜ਼ਰੀ ਪੱਖੋਂ ਇਤਿਹਾਸਕ ਹੋਵੇਗੀ ।
ਕਾਨਫਰੰਸ ਦੀ ਤਿਆਰੀ ਜਾਇਜਾ ਲੈਣ ਸੰਬੰਧੀ ਅੱਜ ਇੱਥੇ ਪਹੁੰਚੇ ਪੰਜਾਬ ਕਾਂਗਰਸ ਦੇ ਜਨਰਲ ਸਕਤਰ ਫ਼ਤਿਹ ਜੰਗ ਸਿੰਘ ਬਾਜਵਾ ਨੇ ਉਕਤ ਪ੍ਰਗਟਾਵਾ ਕੀਤਾ। ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਗੁਜਰਾਤ ਦੇ ਕਿਸਾਨਾਂ ਦੇ ਮਸਲੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਮਸਲੇ ਦੇ ਸਥਾਈ ਹਲ ਲਈ ਮੋਦੀ ਤੋਂ ਸਿੱਖ ਕਿਸਾਨਾਂ ਵਿਰੁੱਧ ਸੁਪਰੀਮ ਕੋਰਟ ’ਚ ਪਾਈ ਗਈ ਰਿੱਟ ਪਟੀਸ਼ਨ ਵਾਪਸ ਕਰਾਉਣ ਲਈ ਦਬਾਅ ਪਾਉਣ ਲਈ ਕਿਹਾ ।
ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਉਪਰੰਤ ਹਰਿਆਣੇ ਦੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਸੂਬਾਈ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਸਿੱਖ ਕਿਸਾਨਾਂ ਨੂੰ ਉਜਾੜੇ ਤੋਂ ਰਾਹਤ ਦੇਣ ਲਈ ਸੂਬਾ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਦੀ ਸ਼ਲਾਘਾ ਕਰਦਿਆਂ ਨਰਿੰਦਰ ਮੋਦੀ ਨੂੰ ਵੀ ਹੁੱਡਾ ਸਰਕਾਰ ਤੋਂ ਸਬਕ ਲੈਂਦਿਆਂ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਲਈ ਅਜੇਹਾ ਠੋਸ ਕਦਮ ਚੁੱਕਣ ਲਈ ਕਿਹਾ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇ ਕੇ ਆਪਣਾ ਫਰਜ਼ ਨਿਭਾਇਆ ਹੈ। ਜੋ ਸਿੱਖ ਕਿਸਾਨਾਂ ਦਾ ਹੱਕ ਸੀ। ਉਹਨਾਂ ਦੱਸਿਆ ਕਿ ਹੁੱਡਾ ਸਰਕਾਰ ਵੱਲੋਂ ਹਰਿਆਣਾ ਵਿਧਾਨ ਸਭਾ ਵਿੱਚ ਸੋਧ ਬਿਲ ਪਾਸ ਕਰਨ ਦੀ ਪਹਿਲ ਕਦਮੀ ਨਾਲ ਸਿੱਖ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਹੋਰਨਾਂ ਸੂਬਿਆਂ ਲਈ ਇਹ ਰਾਹ ਦਸੇਰਾ ਸਾਬਤ ਹੋਵੇਗਾ।
ਇਸ ਮੌਕੇ ਫ਼ਤਿਹ ਬਾਜਵਾ ਨੇ ਦੱਸਿਆ ਕਿ ਹਲਕਾ ਵਿਧਾਇਕ ਰਮਨਜੀਤ ਸਿੱਕੀ ਦੀ ਦੇਖ ਰੇਖ ਹੇਠ ਕਰਵਾਈ ਜਾ ਰਹੀ ਕਾਂਗਰਸ ਦੀ ਕਾਨਫਰੰਸ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨੇੜੇ ਦੇ ਹਲਕਿਆਂ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਦੀਆਂ ਵੀ ਡਿਊਟੀਆਂ ਵੀ ਲਗਾਈਆਂ ਗਈਆਂ ਹਨ
ਅਜ ਕਾਨਫਰੰਸ ਦੀ ਤਿਆਰੀ ਸੰਬੰਧੀ ਪਾਰਟੀ ਦੇ ਮੀਤ ਪ੍ਰਧਾਨ ਓ ਪੀ ਸੋਨੀ, ਜਨਰਲ ਸਕੱਤਰ ਫ਼ਤਿਹ ਜੰਗ ਸਿੰਘ ਬਾਜਵਾ, ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਹਰਮਿੰਦਰ ਸਿੰਘ ਗਿੱਲ, ਧਰਮਵੀਰ ਅਗਨੀਹੋਤਰੀ, ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਪ੍ਰਦੀਪ ਚੋਪੜਾ, ਸੁਖਦੇਵ ਸ਼ਾਹਬਾਜਪੁਰੀ, ਗੁਰਦੇਵ ਸਿੰਘ ਬਿੱਟੂ , ਕਸ਼ਮੀਰ ਸਿੰਘ ਸ਼ਾਹ ਤੇ ਪ੍ਰੋ: ਸਰਚਾਂਦ ਸਿੰਘ ਆਦਿ ਆਗੂਆਂ ਨੇ ਮੀਟਿੰਗ ਕਰਦਿਆਂ ਕਾਨਫਰੰਸ ਨੂੰ ਕਾਮਯਾਬ ਤੇ ਯਾਦਗਾਰੀ ਬਣਾਉਣ ਲਈ ਡਿਊਟੀਆਂ ਲਗਾਈਆਂ ।
।