ਬੀ ਜੇ ਪੀ ਦੇ ਸੰਸਦੀ ਬੋਰਡ ਦੇ ਫੈਸਲੇ ਅਨੁਸਾਰ 2014 ਦੀਆਂ ਲੋਕ ਸਭਾ ਚੋਣਾਂ ਲਈ ਨਰਿੰਦਰ ਮੋਦੀ ਐਨ ਡੀ ਏ ਦੇ ਪ੍ਰਧਾਨ ਮੰਤਰੀ ਦੇ ਸਾਂਝੇ ਉਮੀਦਵਾਰ ਹੋਣਗੇ। ਬੜੀ ਲੰਬੀ ਜੱਦੋਜਹਿਦ ਤੋਂ ਬਾਅਦ ਵੀ ਰਾਜਨਾਥ ਸਿੰਘ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਨਾਉਣ ਵਿੱਚ ਸਫਲ ਨਹੀਂ ਹੋ ਸਕੇ। ਇਸੇ ਕਰਕੇ ਸ਼੍ਰੀ ਅਡਵਾਨੀ ਨੇ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ। ਅਸਲ ਵਿੱਚ ਬੀ ਜੇ ਪੀ ਦੀ ਖ਼ਾਨਾ ਜੰਗੀ ਖ਼ਤਮ ਨਹੀਂ ਹੋ ਸਕੀ। ਆਰ ਐਸ ਐਸ ਦੇ ਦਬਾਅ ਅਧੀਨ ਸ਼੍ਰੀ ਮੋਦੀ ਦੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਹੈ।ਮੋਦੀ ਦੇ ਸਵਾਲ ਤੇ ਐਨ ਡੀ ਏ ਪਹਿਲਾਂ ਹੀ ਦੋਫਾੜ ਹੋ ਚੁੱਕਿਆ ਹੈ ਜਨਤਾ ਦਲ ਯੂ ਐਨ ਡੀ ਏ ਤੋਂ ਵੱਖ ਹੋ ਚੁੱਕਿਆ ਹੈ।ਮੋਦੀ ਨੂੰ ਬੀ ਜੇ ਪੀ ਉਮੀਦਵਾਰ ਤਾਂ ਬਣਾ ਦਿੱਤਾ ਹੈ ਪ੍ਰੰਤੂ ਮੋਦੀ ਦਾ ਵਿਅਕਤੀਤਿਤਵ ਪਹਿਲਾਂ ਹੀ ਚਰਚਾਵਾਂ ਦਾ ਵਿਸ਼ਾ ਬਣ ਚੁੱਕਾ ਹੈ। ਗੋਦਰਾ ਦੇ ਦੰਗਿਆਂ ਨੇ ਉਸਨੂੰ ਪਹਿਲਾਂ ਹੀ ਦਾਗ਼ਦਾਰ ਕੀਤਾ ਹੋਇਆ ਹੈ। ਉਸ ਦੇ ਬਿਆਨ ਹਮੇਸ਼ਾ ਹੀ ਚਰਚਾਵਾਂ ਦਾ ਵਿਸ਼ਾ ਬਦਦੇ ਹਨ। ਉਹ ਵੋਟਾਂ ਦੀ ਤਾਂ ਪੋਲਰਾਈਜੇਸ਼ਨ ਕਰ ਸਕਦਾ ਹੈ ਪ੍ਰੰਤੂ ਸਰਬਪ੍ਰਵਾਣਤ ਲੀਡਰ ਨਹੀਂ ਬਣ ਸਕਦਾ। 15 ਅਗਸਤ ਦੇ ਆਜ਼ਾਦੀ ਦੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਨਿਸ਼ਾਨਾ ਬਣਾ ਕੇ ਵੀ ਉਹ ਖ਼ਾਮਖ਼ਾਹ ਦੇ ਵਾਦ ਵਿਵਾਦ ਵਿੱਚ ਪੈ ਗਿਆ ਸੀ। ਪ੍ਰਧਾਨ ਮੰਤਰੀ ਦੇ ਉਮੀਦਵਾਰ ਵਲੋਂ ਅਜਿਹੀਆਂ ਛੁਰਲੀਆਂ ਉਸਦੇ ਸਟੇਟਸ ਨੂੰ ਸ਼ੋਭਾ ਨਹੀਂ ਦਿੰਦੀਆਂ।ਪੰਜਾਬ ਦੇ ਕਿਸਾਨਾਂ ਦੇ ਉਜਾੜੇ ਨੇ ਮੋਦੀ ਦੇ ਕਿਰਦਾਰ ਅਤੇ ਸਰਬਪ੍ਰਮਾਣਿਤ ਨੇਤਾ ਹੋਣ ਦੇ ਦਾਅਵੇ ਖੋਖਲੇ ਕਰ ਦਿੱਤੇ ਹਨ।ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੇ ਮੋਦੀ ਦੇ ਦੋ ਟੁੱਕ ਫੈਸਲੇ ਨੇ ਅਕਾਲੀ ਦਲ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ ,ਜਿਸ ਵਿੱਚ ਮੋਦੀ ਨੇ ਕਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਪ੍ਰੰਤੂ ਸੁਪਰੀਮ ਕੋਰਟ ਦੇ ਕੰਮ ਵਿੱਚ ਉਹ ਦਖਲ ਨਹੀਂ ਦੇਣਗੇ। ਉਹਨਾਂ ਨੂੰ ਪੁਛੋ ਕਿ ਸੁਪਰੀਮ ਕੋਰਟ ਵਿੱਚ ਗੁਜਰਾਤ ਸਰਕਾਰ ਹੀ ਕਿਸਾਨਾਂ ਦੇ ਖਿਲਾਫ ਗਈ ਹੈ।ਅਕਾਲੀ ਦਲ ਲਈ ਵੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਗੱਲ ਹੈ ਇੱਕ ਪਾਸੇ ਤਾਂ 1984 ਦੇ ਕਤਲੇਆਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਕਹਿ ਰਹੇ ਹਨ ਦੂਜੇ ਪਾਸੇ ਗੋਦਰਾ ਦੇ ਦੰਗਿਆਂ ਕਰਕੇ ਚਰਚਾ ਵਿੱਚ ਆਏ ਮੋਦੀ ਦੀ ਸਪੋਰਟ ਕਰ ਰਹੇ ਹਨ। ਅਕਾਲੀ ਦਲ ਦੀ ਇਹ ਦੋਗਲੀ ਨੀਤੀ ਵੋਟਰਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਕਰੇਗੀ।ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਆਪਣੇ ਬਿਆਨਾ ਅਤੇ ਕਾਰਗੁਜ਼ਾਰੀ ਕਰਕੇ ਹਰ ਰੋਜ ਨਵੇਂ ਤੋਂ ਨਵੇਂ ਵਾਦ ਵਿਵਾਦ ਪੈਦਾ ਕਰਕੇ ਆਪਣੇ ਰਾਹ ਵਿੱਚ ਖੁਦ ਹੀ ਉਲਝਣਾਂ ਅਤੇ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ।ਅਜੇ ਲੋਕ ਸਭਾ ਦੀਆਂ ਚੋਣਾਂ ਵਿੱਚ 9 ਮਹੀਨੇ ਬਾਕੀ ਹਨ ਪ੍ਰੰਤੂ ਖਾਮਖਾਹ ਉਹ ਆਪਣੇ ਲਈ ਨਵੀਆਂ ਮੁਸ਼ਕਲਾਂ ਛੇੜ ਰਹੇ ਹਨ।ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਦਾ ਉਮੀਦਵਾਰ ਕਿਹੋ ਜਿਹਾ ਹੋਵੇ,ਉਸਦਾ ਵਿਅਕਤਿਤਵ ਵਾਦ ਵਿਵਾਦਾਂ ਤੋਂ ਰਹਿਤ ਹੋਵੇ ਅਤੇ ਉਹ ਸਭ ਤੋਂ ਪਹਿਲਾਂ ਆਪਣੀ ਪਾਰਟੀ ਵਿੱਚ ਸਰਵਪ੍ਰਵਾਣਤ ਹੋਵੇ। ਉਸਤੋਂ ਬਾਅਦ ਦੂਜੀਆਂ ਪਾਰਟੀਆਂ ਵਿੱਚ ਵੀ ਹਰਮਨ ਪਿਆਰਾ ਹੋਵੇ।ਅਟੱਲ ਬਿਹਾਰੀ ਬਾਜਪਾਈ,ਪੰਡਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸ਼ਤਰੀ ਦੀ ਤਰ੍ਹਾ ਸਿਰਮੌਰ ਲੀਡਰ ਹੋਵੇ।ਜਿਸ ਦਿਨ ਤੋਂ ਨਰਿੰਦਰ ਮੋਦੀ ਨੂੰ ਬੀ ਜੇ ਪੀ ਨੇ ਆਪਣੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਹੈ, ਉਸੇ ਦਿਨ ਤੋਂ ਹੀ ਪਾਰਟੀ ਵਿੱਚ ਬਗਾਬਤੀ ਸੁਰਾਂ ਸ਼ੁਰੂ ਹੋ ਗਈਆਂ ਸਨ,ਸਭ ਤੋਂ ਪਹਿਲਾਂ ਤਾਂ ਪਾਰਟੀ ਦੇ ਦਿਗਜ ਲੀਡਰ ਐਲ ਕੇ ਅਡਵਾਨੀ ਨੇ ਹੀ ਮੋਦੀ ਦੇ ਵਿਰੋਧ ਵਿੱਚ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਬੰਬ ਦਾਗ਼ ਦਿੱਤਾ ਸੀ,ਕਿਉਂਕਿ ਉਹਨੂੰ ਪਤਾ ਸੀ ਕਿ ਮੋਦੀ ਫਿਰਕਾਪ੍ਰਸਤ ਲੀਡਰ ਹੈ। ਸਿੱਖਾਂ ਦਾ ਗੁਜਰਾਤ ਵਿੱਚੋਂ ਉਜਾੜਾ ਕਰਕੇ ਉਹ ਫਿਰਕਾਪ੍ਰਸਤ ਸਾਬਤ ਹੋ ਗਿਆ ਹੈ।ਪ੍ਰਧਾਨ ਮੰਤਰੀ ਦੇ ਉਮੀਦਵਾਰ ਨੂੰ ਤਾਂ ਰਾਸ਼ਟਰੀ ਸੋਚ ਦਾ ਮਾਲਕ ਹੋਣਾਂ ਚਾਹੀਦਾ ਹੈ ਨਾਕਿ ਇੱਕ ਰਾਜ ਦੇ ਲੋਕਾਂ ਦੇ ਹਿਤਾਂ ਲਈ ਦੂਜੇ ਰਾਜ ਦੇ ਲੋਕਾਂ ਦਾ ਨੁਕਸਾਨ ਕਰੇ। ਗੋਦਰਾ ਕਾਂਡ ਨੇ ਵੀ ਉਸ ਉਪਰ ਫਿਰਕਾਪ੍ਰਸਤ ਹੋਣ ਦਾ ਇਲਜਾਮ ਲਾ ਦਿੱਤਾ ਸੀ,ਹੁਣ ਕਿਸੇ ਸਬੂਤ ਦੀ ਲੋੜ ਨਹੀਂ।ਇਹ ਤਾਂ ਆਰ ਐਸ ਐਸ ਦੀ ਮਿਹਰਬਾਨੀ ਨਾਲ ਥੋੜੀ ਦੇਰ ਲਈ ਟਿਕਾਅ ਹੋ ਗਿਆ ਪ੍ਰੰਤੂ ਅਜੇ ਵੀ ਪਾਰਟੀ ਵਿੱਚ ਖੀਰ ਰਿਝ ਰਹੀ ਹੈ।ਮੋਦੀ ਵੀ ਹਰ ਰੋਜ ਪਾਰਟੀ ਲਈ ਨਵੀਂ ਤੋਂ ਨਵੀਂ ਸਮੱਸਿਆ ਪੈਦਾ ਕਰ ਰਿਹਾ ਹੈ।ਹਰ ਰੋਜ ਕੋਈ ਨਾ ਕੋਈ ਛੁਰਲੀ ਛੱਡ ਦਿੰਦਾ ਹੈ।ਪ੍ਰਧਾਨ ਮੰਤਰੀ ਦਾ ਉਮੀਦਵਾਰ ਧਰਮ ਨਿਰਪੱਖ ਹੋਣਾ ਜਰੂਰੀ ਹੈ ਕਿਉਂਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਪ੍ਰੰਤੂ ਮੋਦੀ ਨੇ ਇੱਕ ਬਿਆਨ ਵਿੱਚ ਆਪਣੇ ਆਪਨੂੰ ਹਿੰਦ ਰਾਸ਼ਟਰਵਾਦੀ ਕਹਿਕੇ ਵਾਦਵਿਵਾਦ ਛੇੜ ਦਿੱਤਾ ਸੀ।ਪ੍ਰਧਾਨ ਮੰਤਰੀ ਕਿਸੇ ਇੱਕ ਪਾਰਟੀ ਜਾਂ ਸੂਬੇ ਦਾ ਨਹੀਂ ਹੁੰਦਾ, ਉਸਨੇ ਤਾਂ ਦੇਸ਼ ਦੇ ਕੌਮੀ ਹਿੱਤਾਂ ਦੀ ਰਾਖੀ ਕਰਨੀ ਹੁੰਦੀ ਹੈ ਅਤੇ ਦੇਸ਼ ਦੇ ਸਾਰੇ ਸੂਬਿਆਂ ਨੂੰ ਬਰਾਬਰ ਰੱਖਣਾਂ ਹੁੰਦਾ ਹੈ। ਮੋਦੀ ਸਾਹਿਬ ਨੇ ਤਾਂ ਪੰਜਾਬ ਦੇ ਕਿਸਾਨਾਂ ਖਾਸ ਤੌਰ ਸਿੱਖਾਂ ਦੇ ਹਿੱਤਾਂ ਦੇ ਖਿਲਾਫ ਹੀ ਮੋਰਚਾ ਖੋਲ੍ਹ ਦਿੱਤਾ।ਪੰਜਾਬ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਕਹਿਣ ਤੋਂ ਬਾਅਦ ਗੁਜਰਾਤ ਦੇ ਕੱਛ ਖੇਤਰ ਦੇ ਭੁਜ ਜਿਲ੍ਹੇ ਦੇ ਜੰਗਲਾਂ ਵਿੱਚ ਜਾਕੇ ਉਹਨਾਂ ਨੂੰ ਆਬਾਦ ਕੀਤਾ ਤੇ ਉਸਨੂੰ ਖੇਤੀ ਯੋਗ ਬਣਾਇਆ।ਜਦੋਂ ਹੁਣ ਉਥੇ ਖੇਤੀ ਹੋਣ ਲੱਗ ਗਈ ਤਾਂ ਮੋਦੀ ਨੇ ਜੋ ਪਿਛਲੇ ਪੰਦਰਾਂ ਸਾਲਾਂ ਤੋਂ ਗੁਜਰਾਤ ਤੇ ਰਾਜ ਕਰ ਰਿਹਾ ਹੈ,ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਨੂੰ ਉਥੋਂ ਬਾਹਰ ਕੱਢਣ ਦੀ ਤਰਕੀਬ ਬਣਾਈ ਕਿ 2010 ਵਿੱ ਬੰਬੇ ਵਿਦਰਭਾ ਟੈਨੈਨਸੀ ਐਕਟ 1960 ਨੂੰ ਆਧਾਰ ਬਣਾਕੇ ਸਿੱਖ ਕਿਸਾਨਾਂ ਨੂੰ ਗੈਰ ਗੁਜਰਾਤੀ ਕਰਾਰ ਦਿੰਦਿਆਂ ਜ਼ਮੀਨਾਂ ਤੋਂ ਬੇਦਖਲ ਕਰਨ ਦਾ ਹੁਕਮ ਸੁਣਾ ਦਿੱਤਾ ਸੀ। ਕਿਸਾਨਾਂ ਨੇ ਬਥੇਰਾ ਰੌਲਾ ਪਾਇਆ ਪ੍ਰੰਤੂ ਮੋਦੀ ਨੇ ਇੱਕ ਨਾ ਸੁਣੀ। ਅਖੀਰ ਕਿਸਾਨਾਂ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜਾ ਖਟਕਾਇਆ ਤਾਂ ਕਿਤੇ ਜਾਕੇ ਗੁਜਰਾਤ ਹਾਈ ਕੋਰਟ ਨੇ 22 ਜੂਨ 2012 ਨੂੰ ਉਹਨਾਂ ਦੇ ਮਾਲਕੀ ਦੇ ਹੱਕ ਬਹਾਲ ਕਰ ਦਿੱਤੇ। ਹੈਰਾਨੀ ਦੀ ਗੱਲ ਹੈ ਕਿ ਕੇਂਦਰ ਅਤੇ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ ਜੇ ਪੀ ਭਾਈਵਾਲ ਹਨ,ਪੰਜਾਬ ਵਿੱਚ ਸਾਂਝੀ ਸਰਕਾਰ ਵੀ ਹੈ ਪ੍ਰੰਤੂ ਸਿੱਖਾਂ ਦੇ ਜਖਮਾਂ ਤੇ ਮੋਦੀ ਲੂਣ ਛਿੜਕ ਰਿਹਾ ਹੈ।ਪੰਜਾਬ ਵਿੱਚ ਆ ਕੇ ਮੋਦੀ ਪਰਕਾਸ਼ ਸਿੰਘ ਬਾਦਲ ਤੋਂ ਸਿਆਸਤ ਦੀ ਗੁੜ੍ਹਤੀ ਲੈਣ ਦੀ ਗੱਲ ਕਰਦਾ ਹੈ ਅਤੇ ਨਾਲ ਹੀ ਉਹਨਾਂ ਦੀਆਂ ਜੜ੍ਹਾਂ ਵਿੱਚ ਤੇਲ ਦਿੰਦਾ ਹੈ।ਸ੍ਰ ਬਾਦਲ ਵੀ ਮੋਦੀ ਦੇ ਚਕਰ ਲਾ ਰਿਹਾ ਹੈ,ਇਹ ਕੋਈ ਨਵੀਂ ਗੱਲ ਨਹੀ,ਬਲਵੰਤ ਸਿੰਘ ਰਾਮੂਵਾਲੀਆਂ ਪਿਛਲੇ ਇੱਕ ਸਾਲ ਤੋਂ ਬਾਦਲ ਦੀਆਂ ਮਿੰਨਤਾਂ ਕਰ ਰਿਹਾ ਹੈ ਕਿ ਮੋਦੀ ਨਾਲ ਗੱਲ ਕਰੋ ਸ੍ਰ ਬਾਦਲ ਮੀਸਣਾ ਬਣਕੇ ਚੁਪ ਕਰਕੇ ਬੈਠੇ ਰਹੇ ਹਨ, ਹੁਣ ਜਦ ਪਾਣੀ ਉਪਰੋਂ ¦ਘ ਗਿਆ ਹੁਣ ਗੱਲ ਕਰਨ ਦੀ ਕਹਿ ਰਹੇ ਹਨ,ਗੱਲ ਕਰਕੇ ਵੀ ਵੇਖ ਲਈ,ਉਸਨੇ ਸਾਫ ਇਨਕਾਰ ਕਰ ਦਿੱਤਾ ਹੈ।ਅਕਾਲੀ ਦਲ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣ ਲਈ ਕਾਹਲਾ ਪਿਆ ਹੋਇਆ ਹੈ ਤਾਂ ਜੋ ਉਹਨਾਂ ਦੀਆਂ ਜੜ੍ਹਾਂ ਵਿੱਚ ਹੋਰ ਤੇਲ ਦੇ ਦਵੇ।ਜਦੋਂ ਹਰਿਆਣਾ ਸਰਕਾਰ ਨੇ ਪੰਜਾਬੀ ਕਿਸਾਨਾ ਦੀ ਬਾਂਹ ਫੜ ਲਈ ਫਿਰ ਮੋਦੀ ਨੂੰ ਕੀ ਸਮੱਸਿਆ ਹੈ।ਪੰਜਾਬ ਵਿੱਚ ਕੋਈ ਵੀ ਆਕੇ ਜ਼ਮੀਨ ਖ੍ਰੀਦਕੇ ਵਪਾਰ ਕਰ ਸਕਦਾ ਹੈ,ਭਾਵੇਂ ਕੋਈ ਇਥੋਂ ਦਾ ਵਾਸੀ ਬਣ ਜਾਵੇ ਫਿਰ ਸਾਡੇ ਨਾਲ ਬੇਇਨਸਾਫੀ ਕਿਉਂ। ਮੋਦੀ ਦੋਗਲੀ ਨੀਤੀ ਅਪਣਾ ਰਿਹਾ ਹੈ ਇੱਕ ਪਾਸੇ ਉਹ ਹਿੰਦੂ ਰਾਸ਼ਟਰਵਾਦੀ ਕਹਾਉਣ ਵਾਲਾ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਕੇ ਉਥੋਂ ਦੇ ਲੋਕਾਂ ਨੂੰ ਮਿਲੇ ਵਿਸ਼ੇਸ਼ ਅਧਿਕਾਰ ਖਤਮ ਕਰਨ ਦੇ ਨਾਹਰੇ ਇਸ ਆਧਾਰ ਉਪਰ ਦਿੰਦੇ ਹਨ ਕਿ ਇਸ ਨਾਲ ਦੇਸ਼ ਦੀ ਏਕਤਾ ਵਿੱਚ ਰੁਕਾਵਟ ਪੈਂਦੀ ਹੈ,ਪ੍ਰੰਤੂ ਆਪਣੇ ਰਾਜ ਵਿੱਚ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੀ ਮਾਲਕੀ ਦੇ ਹੱਕ ਦੇਣ ਲਈ ਤਿਆਰ ਨਹੀਂ। ਪੰਜਾਬੀ ਕਿਸਾਨਾਂ ਬਾਰੇ ਉਹਨਾਂ ਨੂੰ ਕਿਹੜਾ ਸੱਪ ਸੁੰਘ ਗਿਆ। ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਤਾਕਤ ਦੇ ਨਸ਼ੇ ਵਿੱਚ ਸਿੱਖਾਂ ਦੀ ਰਾਖੀ ਕਰਨ ਤੋਂ ਅਸਫਲ ਰਿਹਾ ਹੈ।ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਹੋਰਨਾਂ ਰਾਜਾਂ ਵਿੱਚ ਵੀ ਪੰਜਾਬ ਦੀ ਤਰ੍ਹਾਂ ਹੋਰਨਾਂ ਸੂਬਿਆਂ ਵਿੱਚ ਬਰਾਬਰ ਦੇ ਹਕੂਕ ਦੇਣ ਦੀ ਗੱਲ ਕਿਉਂ ਨਹੀਂ ਕਰ ਰਿਹਾ। ਜੇ ਕਿਤੇ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਜਿਵੇਂ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਫਟਕਣ ਨਹੀਂ ਦਿੱਤਾ ,ਸਮੁਚੇ ਦੇਸ਼ ਵਿੱਚ ਘੱਟ ਗਿਣਤੀਆਂ ਦਾ ਭਵਿਖ ਖਤਰੇ ਤੋਂ ਖਾਲੀ ਨਹੀਂ। ਗੁਜਰਾਤ ਵਿੱਚ ਇੱਕ ਵੀ ਮੁਸਲਮਾਨ ਨੂੰ ਵਿਧਾਨ ਸਭਾ ਦੀ ਇੱਕ ਵੀ ਟਿਕਟ ਬੀ ਜੇ ਪੀ ਨੇ ਨਹੀਂ ਦਿੱਤੀ।ਦੇਸ਼ ਵਿੱਚ ਇੱਕ ਵਿਧਾਨ,ਇੱਕ ਝੰਡਾ ਅਤੇ ਇੱਕ ਕਾਨੂੰਨ ਦਾ ਰਾਗ ਅਲਾਪਣ ਵਾਲੀ ਬੀ ਜੇ ਪੀ ਕਿਉਂ ਚੁੱਪ ਬੈਠੀ ਹੈ। ਅਕਾਲੀ ਦਲ ਲਈ ਵੀ ਹੁਣ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਗੱਲ ਹੈ ਖਾਂਦੀ ਹੈ ਤਾਂ ਕੋਹੜੀ ਨਹੀਂ ਖਾਂਦੀ ਤਾਂ ਕਲੰਕੀ।ਅਕਾਲੀ ਦਲ ਲਈ ਇਮਤਿਹਾਨ ਦੀ ਘੜੀ ਹੈ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਇਮਤਿਹਾਨ ਵਿੱਚ ਬੈਠਦੇ ਹਨ ਜਾਂ ਨਹੀਂ ਕਿਉਂਕਿ ਉਹ ਤਾਂ ਆਪਣੀ ਸਰਕਾਰ ਬਚਾਉਣਗੇ, ਹੁਣ ਉਹਨਾ ਲੋਕਾਂ ਤੋਂ ਕੀ ਲੈਣਾ ਹੈ। ਲੋਕ ਸਭਾ ਦੀਆਂ ਚੋਣਾਂ ਤੱਕ ਟਾਲ ਮਟੋਲ ਕਰਨਗੇ। ਸੁਪਰੀਮ ਕੋਰਟ ਵਿੱਚ ਕਿਸਾਨਾਂ ਦਾ ਕੇਸ ਲੱਗਿਆ ਹੋਇਆ ਹੈ।ਮੋਦੀ ਬੜਾ ਸਿਰੜੀ ਤੇ ਜਿੱਦੀ ਹੈ, ਅਕਾਲੀ ਦਲ ਦੀ ਉਸਨੇ ਇੱਕ ਨਹੀਂ ਸੁਣਨੀ।ਉਹ ਤਾਂ ਇੱਕ ਬਿਆਨ ਵਿੱਚ ਗੋਦਰਾ ਕਾਂਡ ਵਿੱਚ ਮਰਨ ਵਾਲੇ ਮੁਸਲਮਾਨਾਂ ਦੀ ਤਸ਼ਬੀਹ ਇੱਕ ਕਤੂਰੇ ਨਾਲ ਦੇ ਚੁਕਿਆ ਹੈ। ਉਹ ਮੁਖ ਮੰਤਰੀ ਹੁੰਦਿਆਂ ਆਪਣੇ ਆਪ ਨੂੰ ਸਰਕਾਰ ਦੀ ਕਾਰ ਦੇ ਪਿਛਲੀ ਸੀਟ ਤੇ ਬੈਠਣੀ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਸਰਕਾਰ ਦੇ ਕੰਮ ਤਾਂ ਅਧਿਕਾਰੀ ਚਲਾਉਂਦੇ ਹਨ। ਕੀ ਮੋਦੀ ਦੱਸੇਗਾ ਕਿ ਸਰਕਾਰ ਜੇ ਅਧਿਕਾਰੀ ਚਲਾਉਂਦੇ ਹਨ ਤਾਂ ਮੁੱਖ ਮੰਤਰੀ ਕੀ ਕੰਮ ਕਰਦਾ ਹੈ। ਮੋਦੀ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਸੌਖਾ ਪੈਂਡਾ ਨਹੀਂ ਕਿਉਂਕਿ ਉਸਦੀਆਂ ਆਪਣੀਆਂ ਕਰਤੂਤਾਂ ਹੀ ਉਸਦਾ ਰਸਤਾ ਰੋਕਣ ਲਈ ਕਾਫੀ ਹਨ। ਇਸਤੋਂ ਇਲਾਵਾ ਬੀ ਜੇ ਪੀ ਦੀ ਲੀਡਰਸ਼ਿਪ ਦੇ ਵੀ ਮੋਦੀ ਅਜੇ ਰਾਸ ਨਹੀਂ ਆ ਰਿਹਾ। ਸ਼ਤਰੂਘਨ ਸਿਨਹਾ ਉਸਤੋਂ ਵੱਡੇ ਲੀਡਰਾਂ ਦੀ ਲਾਈਨ ਵੀ ਗਿਣਾ ਰਿਹਾ ਹੈ ਜਿਹੜੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉਸਤੋਂ ਵੱਧ ਕਾਬੁਲ ਹਨ।ਮੁਸਲਮਾਨਾ ਦੇ ਕੱਟੜ ਵਿਰੋਧੀ ਹੋਣ ਕਰਕੇ ਦੁਨੀਆਂ ਦੇ 50 ਮੁਸਲਿਮ ਦੇਸ਼ ਤਾਂ ਉਸਨੂੰ ਮੰਨਣ ਲਈ ਹੀ ਤਿਆਰ ਨਹੀਂ ਹੋਣਗੇ। ਅਮਰੀਕਾ,ਕੈਨੇਡਾ ਅਤੇ ਇੰਗਲੈਂਡ ਤਾਂ ਪਹਿਲਾਂ ਹੀ ਉਨੂੰ ਵੀਜਾ ਦੇਣ ਤੋਂ ਮੁਨਕਰ ਹੋਏ ਬੈਠੇ ਹੈ।
ਇਸ ਸਾਰੀ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਐਨਾ ਸੌਖਾ ਨਹੀਂ ਕਿਉਂਕਿ ਉਸਦੀ ਆਪਣੀ ਪਾਰਟੀ ਵੀ ਉਸ ਲਈ ਇੱਕਮੁਠ ਨਹੀਂ ਹੈ।ਅਡਵਾਨੀ,ਸ਼ੁਸ਼ਮਾ ਸਵਰਾਜ ਅਤੇ ਅਰੁਨ ਜੈਤਲੀ ਦੇ ਸਮਰਥਕ ਆਪੋ ਆਪਣੀ ਡਫਲੀ ਵਜਾ ਰਹੇ ਹਨ ,ਉਹ ਕਿਸੇ ਕੀਮਤ ਤੇ ਆਪਣੇ ਲੀਡਰਾਂ ਦੇ ਦਾਅਵੇ ਤੋਂ ਪਿਛੇ ਹੱਟਣ ਵਾਲੇ ਨਹੀਂ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਚਾਹ ਦੇ ਕੱਪ ਦਾ ਬੁਲ੍ਹਾਂ ਤੱਕ ਪਹੁੰਚਣ ਦਾ ਫਾਸਲਾ ਤਹਿ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ। ਅਕਾਲੀ ਦਲ ਨੂੰ ਵੀ ਸੋਚਣਾ ਪਵੇਗਾ ਕਿ ਉਸਨੇ ਆਪਣੀ ਸਰਕਾਰ ਬਚਾਕੇ ਰਾਜ ਭਾਗ ਦਾ ਆਨੰਦ ਮਾਨਣਾ ਹੈ ਜਾਂ ਕਿਸਾਨਾ ਦੇ ਹਿੱਤਾਂ ਤੇ ਪਹਿਰਾ ਦੇਣਾ ਹੈ।ਕਿਸਾਨਾ ਦੇ ਹਿੱਤਾਂ ਦੀ ਪਹਿਰੇਦਾਰ ਸਰਕਾਰ ਲਈ ਇਹ ਇੱਕ ਚੁਣੌਤੀ ਹੈ। ਉਹ ਮੋਦੀ ਤੇ ਦਬਾਆ ਪਾਕੇ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਸ ਵੀ ਕਰਵਾ ਸਕਦੀ ਹੈ।