ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ 12 ਮੈਂਬਰੀ ਅਮਰੀਕੀ ਅਤੇ ਅਫਗਾਨੀ ਵਫਦ ਨੇ ਦੌਰਾ ਕੀਤਾ। ਇਸ ਵਫਦ ਦੀ ਫੇਰੀ ਦਾ ਮੁੱਖ ਟੀਚਾ ਭਾਰਤੀ ਖੇਤੀਬਾੜੀ ਵਿੱਚ ਚੰਗਰੀਆਂ ਕਾਰਗੁਜ਼ਾਰੀਆਂ ਤੋਂ ਮੈਂਬਰਾਂ ਨੂੰ ਜਾਣੂ ਕਰਵਾਉਣਾ ਸੀ। ਇਸ ਵਫਦ ਵਿੱਚ ਅਫਗਾਨਿਸਤਾਨ ਦੇ ਵੱਖ ਵੱਖ ਖੇਤੀਬਾੜੀ ਨਾਲ ਸਬੰਧਿਤ ਅਦਾਰਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਖੇਤੀਬਾੜੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਵਾਲੇ ਅਮਰੀਕੀ ਸਾਇੰਸਦਾਨ ਸ਼੍ਰੀਮਾਨ ਬਰੈਂਟ ਮਾਰਕ ਵੀ ਸ਼ਾਮਿਲ ਸਨ। ਕਾਬਲ ਯੂਨੀਅਨ ਅਫਗਾਨਿਸਤਾਨ ਦੇ ਪ੍ਰੋਫੈਸਰ ਮੁਹੰਮਦ ਹਸਨ ਰਸੀਕ ਨੇ ਯੂਨੀਵਰਸਿਟੀ ਵਿਗਿਆਨੀਆਂ ਨੂੰ ਅਫਗਾਨਿਸਤਾਨ ਦੀ ਖੇਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅਫਗਾਨਿਸਤਾਨ ਵਿੱਚ ਵੀ 80 ਫੀ ਸਦੀ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣੀ ਜੀਵਿਕਾ ਖੇਤੀਬਾੜੀ ਖੇਤਰ ਤੋਂ ਹੀ ਪ੍ਰਾਪਤ ਕਰਦੇ ਹਨ।
ਇਸ ਵਫਦ ਨੇ ਯੂਨੀਵਰਸਿਟੀ ਵੱਲੋਂ ਵਿਕਸਤ ਵੱਖ ਵੱਖ ਫ਼ਸਲਾਂ ਦੀਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਇਸ ਬਾਰੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵੱਖ ਵੱਖ ਸੈਕਸ਼ਨਾਂ ਦੇ ਸਾਇੰਸਦਾਨਾਂ ਨੇ ਵਫਦ ਨੂੰ ਜਾਣਕਾਰੀ ਪ੍ਰਦਾਨ ਕੀਤੀ। ਵਿਭਾਗ ਦੇ ਸਾਇੰਸਦਾਨ ਡਾ: ਐਸ ਪੀ ਐਸ ਬਰਾੜ, ਡਾ: ਮਨਜੀਤ ਸਿੰਘ, ਡਾ: ਜਸਵੀਰ ਸਿੰਘ ਚਾਵਲਾ, ਡਾ: ਗੁਰਜੀਤ ਸਿੰਘ ਮਾਂਗਟ, ਡਾ: ਆਰ ਕੇ ਬਜਾਜ ਨੇ ਵਫਦ ਨੂੰ ਵੱਖ ਵੱਖ ਫ਼ਸਲਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਵਫਦ ਨੇ ਮੌਸਮ ਵਿਭਾਗ ਦੇ ਲੈਬਾਰਟਰੀ ਅਤੇ ਖੁੰਭ ਉਤਪਾਦਨ ਖੇਤਰ ਵਿੱਚ ਭਰਪੂਰ ਦਿਲਚਸਪੀ ਦਿਖਾਈ। ਮੌਸਮ ਵਿਭਾਗ ਦੇ ਸਾਇੰਸਦਾਨ ਡਾ: ਸੋਮਪਾਲ ਅਤੇ ਉੱਘੇ ਖੁੰਭ ਉਤਪਾਦਨ ਦੇ ਸਾਇੰਸਦਾਨ ਡਾ: ਜੀ ਪੀ ਐਸ ਸੋਢੀ ਨੇ ਇਸ ਸੰਬੰਧ ਵਿੱਚ ਚਾਨਣਾ ਪਾਇਆ।