ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੰਜਵਾਂ ਕਿਸਾਨ ਮੇਲਾ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੀ ਮੈਂਬਰ ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਉੱਘੇ ਵਿਗਿਆਨੀ ਡਾ: ਐਮ ਐਸ ਬਾਸੂ ਅਤੇ ਡਾ: ਰਾਮ ਪ੍ਰਕਾਸ਼ ਇਸ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ: ਢਿੱਲੋਂ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਵਿੱਚ ਕਿਸਾਨਾਂ ਦੀ ਸ਼ਮੂਲੀਅਤ, ਯੂਨੀਵਰਸਿਟੀ ਵੱਲੋਂ ਤਿਆਰ ਤਕਨਾਲੋਜੀ ਵਿੱਚ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨ ਮੇਲੇ ਦਾ ਉਦੇਸ਼ ‘ਪਰਾਲੀ ਸਾੜ ਕੇ ਜੱਟਾ, ਨਾ ਕਰ ਸਭ ਦਾ ਮਨ ਖੱਟਾ’ ਰੱਖਿਆ ਗਿਆ ਹੈ। ਸਾਨੂੰ ਪਰਾਲੀ ਦੀ ਸੁਚੱਜੀ ਸਾਂਭ੍ਯ-ਸੰਭਾਲ ਕਰਨੀ ਚਾਹੀਦੀ ਹੈ। ਪਰਾਲੀ ਨੂੰ ਸਾੜ ਕੇ ਅਸੀਂ ਜਿਥੇ ਵਡਮੁੱਲੇ ਤੱਤ ਨਸ਼ਟ ਕਰ ਦਿੰਦੇ ਹਾਂ ਉਥੇ ਵਾਤਾਵਰਨ ਵੀ ਬਹੁਤ ਹੱਦ ਤਕ ਪਲੀਤ ਹੁੰਦਾ ਹੈ। ਡਾ: ਢਿੱਲੋਂ ਨੇ ਕਿਹਾ ਕਿ ਕੁਦਰਤੀ ਸੋਮਿਆਂ ਅਤੇ ਵਾਤਾਵਰਨ ਦੇ ਚੰਗੇਰ ਰੱਖ ਰਖਾਵ ਲਈ ਸਾਨੂੰ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਆਪਣੇ ਆਪ ਵਿੱਚ ਸਾਇੰਸਦਾਨ ਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਅਚੇਤ ਮਨ ਨਾਲ ਕੀਤੇ ਤਜ਼ਰਬੇ ਸਾਡੇ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦਾ ਮੁੱਢ ਬੰਨਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਸ਼ੀਨੀਕਰਨ ਅਤੇ ਮੰਡੀਕਰਨ ਲਈ ਇਕ ਮੁੱਠ ਹੋਣਾ ਪਵੇਗਾ ਤਾਂ ਜੋ ਅਸੀਂ ਆਪਣੀ ਪੈਦਾਵਾਰ ਦਾ ਵੱਧ ਤੋਂ ਵੱਧ ਮੁੱਲ ਲੈ ਸਕੀਏ ਅਤੇ ਮਸ਼ੀਨਰੀ ਦਾ ਲਾਹਾ ਲੈ ਸਕੀਏ। ਉਨ੍ਹਾਂ ਕਿਹਾ ਕਿ ਰੋਜ਼ਾਨਾ ਆਮਦਨ ਲਈ ਸਾਨੂੰ ਸਹਾਇਕ ਕਿੱਤਿਆਂ ਵੱਲ ਮੁੜਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਖਾਣ ਲਈ ਸਬਜ਼ੀਆਂ ਅਤੇ ਦਾਲਾਂ ਖੁਦ ਤਿਆਰ ਕਰਨੀਆਂ ਚਾਹੀਦੀਆਂ ਹਨ।
ਕਿਨੂੰਆਂ ਦੀ ਰਾਣੀ ਦਾ ਦਰਜਾ ਹਾਸਿਲ ਕਰ ਚੁੱਕੀ ਸ਼੍ਰੀਮਤੀ ਦਾਨੇਵਾਲੀਆ ਨੇ ਬੋਲਦਿਆਂ ਕਿਹਾ ਕਿ ਕਿਸਾਨ ਮੇਲੇ ਦੌਰਾਨ ਦਿਖਾਈਆਂ ਗਈਆਂ ਤਕਨਾਲੋਜੀਆਂ ਅਤੇ ਪ੍ਰਦਰਸ਼ਨੀਆਂ ਕਿਸਾਨਾਂ ਲਈ ਅਤਿਅੰਤ ਲਾਹੇਵੰਦ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੀ ਇਨਬਿਨ ਪਾਲਣਾ ਕਰਨੀ ਚਾਹੀਦੀ ਹੈ। ਸ਼੍ਰੀਮਤੀ ਦਾਨੇਵਾਲੀਆ ਨੇ ਕਿਹਾ ਕਿ ਆਪਣੇ ਖੇਤੀ ਅਧੀਨ ਰਕਬੇ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਣਾ ਚਾਹੀਦਾ ਹੈ ਅਤੇ ਖੇਤੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਵੱਖ ਵੱਖ ਫ਼ਸਲਾਂ ਲਗਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਹਾਜ਼ਰ ਲੋਕਾਂ ਨੂੰ ਨਸੀਹਤ ਦਿੱਤੀ ਕਿ ਵਾਤਾਵਰਨ ਦੇ ਚੰਗੇਰੇ ਰੱਖ ਰਖਾਓ ਲਈ ਕਿਉਂ ਨਾ ਇਕ ਦੂਜੇ ਨੂੰ ਤੋਹਫੇ ਵਜੋਂ ਰੁੱਖ ਭੇਂਟ ਕੀਤੇ ਜਾਣ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਸੁਆਗਤੀ ਭਾਸ਼ਣ ਦੌਰਾਨ ਕਿਹਾ ਕਿ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਕਿਸਾਨ ਵੀਰਾਂ ਨੂੰ ਸਹਾਇਕ ਧੰਦਿਆਂ ਵੱਲ ਤੁਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਮਧੂ ਮੱਖੀ ਪਾਲਣ, ਪਸ਼ੂ ਪਾਲਣ, ਮੁਰਗੀ ਪਾਲਣ, ਸਬਜ਼ੀਆਂ ਅਤੇ ਫੁੱਲਾਂ ਦੀ ਨਰਸਰੀ ਤਿਆਰ ਕਰਨਾ, ਖੁੰਭ ਉਤਪਾਦਨ ਆਦਿ ਨਾਲ ਚੌਖਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਸਿਖਲਾਈ ਹਾਸਿਲ ਕੀਤੀ ਜਾ ਸਕਦੀ ਹੈ। ਡਾ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਸੇਸ਼ ਤੌਰ ਤੇ ਇਕ ਵੈਨ ਤਿਆਰ ਕੀਤੀ ਗਈ ਹੈ ਜਿਸ ਵਿੱਚ ਸਹਾਇਕ ਕਿੱਤਿਆਂ ਸੰਬੰਧੀ ਫਿਲਮਾਂ ਵਿਖਾਈਆਂ ਜਾਣਗੀਆਂ।
ਮੇਲੇ ਦੌਰਾਨ ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ ਖੋਜ ਡਾ: ਪਿਆਰਾ ਸਿੰਘ ਚਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫ਼ਸਲਾਂ ਤੇ ਖੋਜ ਕਾਰਜ ਕੀਤੇ ਜਾ ਰਹੇ ਹਨ ਅਤੇ 727 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਸਿਫਾਰਸ਼ ਕਣਕ ਦੀਆਂ 50 ਫੀ ਸਦੀ ਤੋਂ ਵੱਧ ਕਿਸਮਾਂ ਇਸ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਡਾ: ਚਾਹਲ ਨੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 658 ਤੋਂ ਇਲਾਵਾ ਮੱਕੀ, ਸੂਰਜਮੁਖੀ, ਅਮਰੂਦ, ਬੈਂਗਣ, ਮਿਰਚਾਂ ਆਦਿ ਕਿਸਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਕਣਕ ਦੀਆਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਹੀ ਬੀਜੋਗੇ ਤਾਂ ਪੀਲੀ ਕੁੰਗੀ ਤੋਂ ਬਚਾਅ ਹੋ ਸਕਦਾ ਹੈ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ: ਗੁਰਜਿੰਦਰਪਾਲ ਸਿੰਘ ਸੋਢੀ ਨੇ ਕਹੇ। ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ। ਵੱਖ ਵੱਖ ਵਿਸ਼ਾ ਵਸਤੂ ਮਾਹਿਰਾਂ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਮੌਕੇ ਤੇ ਹੀ ਦਿੱਤੇ ਗਏ। ਕਿਸਾਨਾਂ ਵੱਲੋਂ ਯੂਨੀਵਰਸਿਟੀ ਦਾ ਤਿਆਰ ਬੀਜ ਅਤੇ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਲਈ ¦ਮੀਆਂ ਕਤਾਰਾਂ ਵੀ ਮੇਲੇ ਦੌਰਾਨ ਦੇਖੀਆਂ ਗਈਆਂ।