ਉੱਘੇ ਸਿੱਖਿਆ-ਸ਼ਾਸਤਰੀ, ਸਾਹਿਤਕਾਰ, ਖੋਜੀ ਅਤੇ ਕੁਸ਼ਲ ਪ੍ਰਬੰਧਕ : ਪ੍ਰਿੰ. ਪ੍ਰੇਮ ਸਿੰਘ ਬਜਾਜ
ਪ੍ਰਿੰ. ਪ੍ਰੇਮ ਸਿੰਘ ਬਜਾਜ ਉੱਘੇ ਸਿੱਖਿਆ-ਸ਼ਾਸਤਰੀ, ਸਾਹਿਤਕਾਰ, ਖੋਜੀ ਅਤੇ ਕੁਸ਼ਲ ਪ੍ਰਬੰਧਕ ਹਨ। ਉਨ੍ਹਾਂ ਨੇ ਲੰਮਾ ਅਰਸਾ ਸਾਹਿਤ ਦੇ ਅਧਿਆਪਨ ਉਪਰੰਤ ਲਾਲਾ ਲਾਜਪਤ ਰਾਏ ਡੀ.ਏ.ਵੀ. ਕਾਲਜ, ਜਗਰਾਓਂ ਜਿਹੀ ਉੱਘੀ ਸਿੱਖਿਆ ਸੰਸਥਾ ਨੂੰ 13 ਸਾਲ ਪ੍ਰਿੰਸੀਪਲ ਵਜੋਂ ਅਗਵਾਈ ਦਿੱਤੀ। ਪੰਜਾਬੀ ਸਾਹਿਤ ਅਤੇ ਖੋਜ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਅਦੁੱਤੀ ਹੈ।
ਉਨ੍ਹਾਂ ਦਾ ਜਨਮ 13 ਫ਼ਰਵਰੀ 1931 ਨੂੰ ਪਿੰਡ ਬਾਰਨ, ਤਹਿਸੀਲ ਸ਼ਾਹਪੁਰ, ਜ਼ਿਲ੍ਹਾ ਸਰਗੋਧਾ (ਹੁਣ ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਨੇ ਮੌਲਿਕ ਲੇਖਨ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਲਿੱਪੀਅੰਤਰ, ਅੰਗਰੇਜ਼ੀ, ਹਿੰਦੀ ਆਦਿ ਭਾਸ਼ਾਵਾਂ ਤੋਂ ਅਨੁਵਾਦ ਅਤੇ ਪੰਜਾਬੀ ਦੀ ਸਾਹਿਤ ਖੋਜ ਦੇ ਖੇਤਰ ਵਿਚ ਅਮਿੱਟ ਛਾਪ ਛੱਡੀ ਹੈ। ਪਾਕਿਸਤਾਨੀ ਬਾਲ ਪੁਸਤਕ ‘ਬਾਲ ਬਲੂੰਗੇ’ ਦਾ ਗੁਰਮੁਖੀ ਵਿਚ ਲਿੱਪੀਅੰਤਰਨ ਤੇ ‘ਦੋ ਪੈੜਾਂ ਇਤਿਹਾਸ ਦੀਆਂ’ ਉਨ੍ਹਾਂ ਦੀ ਅਜਿਹੀ ਨਾਯਾਬ ਰਚਨਾ ਹੈ ਜਿਸ ਨੇ ਪੰਜਾਬ ਦੀਆਂ ਦੋ ਸਿਰਮੌਰ ਸ਼ਖ਼ਸੀਅਤਾਂ ਅਤੇ ਉ¤ਘੇ ਸੁਤੰਤਰਤਾ ਸੰਗਰਾਮੀਆਂ ਦੀਆਂ ਯਾਦਾਂ ਨੂੰ ਹਮੇਸ਼ਾ ਲਈ ਪੰਜਾਬੀ ਜ਼ਬਾਨ ਤੇ ਸਾਹਿਤ ਦਾ ਸਰਮਾਇਆ ਬਣਾ ਦਿੱਤਾ ਹੈ। ਪੁਸਤਕ ਲੇਖਨ ਦੇ ਨਾਲ-ਨਾਲ ਉਨ੍ਹਾਂ ਸਾਨੂੰ ਪੁਸਤਕਾਂ ਨੂੰ ਸਾਂਭਣ ਅਤੇ ਪਿਆਰਣ ਦੀ ਜਾਚ ਵੀ ਸਿਖਾਈ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਵਜੋਂ ਪਿਛਲੇ ਦੋ ਦਹਾਕਿਆਂ ਤੋਂ ਉਨ੍ਹਾਂ ਨੇ ਜੋ ਨਿਰਸਵਾਰਥ ਸੇਵਾ ਨਿਭਾਈ ਹੈ, ਉਸ ਦੀ ਮਿਸਾਲ ਵਿਰਲੀ-ਟਾਂਵੀਂ ਹੀ ਮਿਲਦੀ ਹੈ। ਉਪਭੋਗਤਾ ਅਤੇ ਨਿੱਜਵਾਦ ਦੇ ਮੌਜੂਦਾ ਦੌਰ ਵਿਚ ਉਨ੍ਹਾਂ ਦਾ ਤਿਆਗ, ਸੰਜਮ ਅਤੇ ਹਲੀਮੀ ਸਾਡੇ ਲਈ ਰਾਹ ਦਸੇਰੇ ਵਾਲੀ ਭੂਮਿਕਾ ਅਦਾ ਕਰ ਰਹੇ ਹਨ। ਜਿੱਥੇ ਹਜ਼ਾਰਾਂ ਖੋਜਾਰਥੀ ਇਸ ਲਾਇਬ੍ਰੇਰੀ ਦਾ ਲਾਭ ਉਠਾ ਰਹੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਉਨ੍ਹਾਂ ਦੀ ਨਰੋਈ ਸਿਹਤ ਤੇ ਦੀਰਘ ਆਯੂ ਦੀ ਕਾਮਨਾ ਕਰਦੀ ਹੋਈ ਅਕਾਡਮੀ ਦਾ ਸਰਵ-ਉ¤ਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤਾ ਜਾ ਰਿਹਾ ਹੈ।
ਮਾਨਵਵਾਦੀ ਚੇਤਨਾ ਦਾ ਸ਼ਾਇਰ : ਪ੍ਰੋ. ਕੁਲਵੰਤ ਜਗਰਾਓਂ
ਮਾਨਵਵਾਦੀ ਚੇਤਨਾ ਦੇ ਸ਼ਾਇਰ ਪ੍ਰੋ. ਕੁਲਵੰਤ ਜਗਰਾਓਂ ਨੇ ਪੰਜਾਬੀ ਸ਼ਾਇਰੀ ਵਿਚ ਜ਼ਿਕਰਯੋਗ ਯੋਗਦਾਨ ਪਾਇਆ ਹੈ। ਕੁਲਵੰਤ ਜਗਰਾਓਂ ਦਾ ਜਨਮ 7 ਜਨਵਰੀ 1939 ਨੂੰ ਹੋਇਆ। ਗੁਰਬਤ ਭਰੀ ਜ਼ਿੰਦਗੀ ਜਿਉਂਦਿਆਂ ਉਨ੍ਹਾਂ ਉਚੇਰੀ ਸਿੱਖਿਆ ਹਾਸਲ ਕੀਤੀ ਤੇ ਉਹ ਸਿੱਖਿਆ ਖੇਤਰ ਵਿਚ ¦ਮਾ ਸਮਾਂ ਕਾਰਜਸ਼ੀਲ ਰਹੇ। ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ‘ਸਮੇਂ ਦੇ ਬੋਲ’, ਸੁਲਘਦੇ ਪਲ’, ‘ਕੌਣ ਦਿਲਾਂ ਦੀਆਂ ਜਾਣ’, ‘ਅਧੂਰੇ ਬੋਲ’ ਹਨ। ਜਿਨ੍ਹਾਂ ਦਾ ਸਮੁੱਚਾ ਸੰਗ੍ਰਹਿ ‘ਸੂਹਾ ਗੁਲਾਬ’ ਨਾਂ ਹੇਠ ਪ੍ਰਕਾਸ਼ਿਤ ਹੋਇਆ। ਕੁਲਵੰਤ ਜਗਰਾਓਂ ਨਾ-ਮੁਰਾਦ ਬਿਮਾਰੀ ਕੈਂਸਰ ਤੋਂ ਪੀੜਤ ਰਹੇ ਪਰ ਉਨ੍ਹਾਂ ਦੀ ਸਿਰਜਨਾ ਵਿਚ ਕੋਈ ਰੁਕਾਵਟ ਨਾ ਆਈ। ਮੌਤ ਨਾਲ ਦਸਤਪੰਜਾ ਲੈਂਦਿਆਂ ਉਨ੍ਹਾਂ ਕਲਮ ਦੇ ਰਾਹੀਂ ਜ਼ਿੰਦਗੀ ਤੇ ਮੌਤ ਵਿਚਲੇ ਫ਼ਾਸਲੇ ਨੂੰ ਕਾਵਿਕ ਰੂਪ ਦਿੱਤਾ, ਜਿਹੜਾ ਪੁਸਤਕ ‘ਸੱਚ ਦੇ ਸਨਮੁਖ’ ਰਾਹੀਂ ਸਾਡੇ ਸਾਹਮਣੇ ਆਇਆ।
ਅਕਸਰ ਹੀ ਵੱਡੇ ਲੇਖਕਾਂ ਦੇ ਪਰਿਵਾਰ ਆਪਣੇ ਪਿਤਾ ਦੀ ਸਾਹਿਤਕ ਦੇਣ ਨੂੰ ਭੁੱਲ ਜਾਂਦੇ ਹਨ, ਪਰ ਕੁਲਵੰਤ ਜਗਰਾਓਂ ਤੇ ਉਨ੍ਹਾਂ ਦੇ ਬੇਟੇ ਸ. ਨਵਜੋਤ ਸਿੰਘ ਨੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ‘ਕੁਲਵੰਤ ਜਗਰਾਓਂ ਯਾਦਗਾਰੀ ਪੁਰਸਕਾਰ’ ਸ਼ੁਰੂ ਕਰਕੇ ਪ੍ਰਤਿਭਾਸ਼ੀਲ ਸ਼ਾਇਰਾਂ ਨੂੰ ਸਨਮਾਨਤ ਕਰਨ ਦਾ ਬੀੜਾ ਚੁੱਕਿਆ ਹੈ।
ਪ੍ਰੋ. ਕੁਲਵੰਤ ਜਗਰਾਓਂ ਯਾਦਗਾਰੀ ਪੁਰਸਕਾਰ : ਪ੍ਰੋ. ਕਮਲਪ੍ਰੀਤ ਕੌਰ ਸਿੱਧੂ
ਪ੍ਰਤਿਭਾਸ਼ੀਲ ਸ਼ਾਇਰਾ ਕਮਲਪ੍ਰੀਤ ਕੌਰ ਸਿੱਧੂ ਦਾ ਜਨਮ ਮਿਤੀ 07.07.1977 ਨੂੰ ਪਿਤਾ ਸ. ਪਰਮਪਾਲ ਸਿੰਘ ਸਿੱਧੂ ਤੇ ਮਾਤਾ ਸ੍ਰੀਮਤੀ ਸ਼ਿੰਦਰਪਾਲ ਕੌਰ ਸਿੱਧੂ ਦੇ ਘਰ ਪਿੰਡ ਸੰਗੂਧੌਣ, ਜ਼ਿਲ੍ਹਾ ਮੁਕਤਸਰ ਵਿਖੇ ਕਿਸਾਨ ਪਰਿਵਾਰ ਵਿਚ ਹੋਇਆ। ਕਿਸਾਨੀ ਜੀਵਨ ਦਾ ਅਨੁਭਵ ਅਤੇ ਪੇਂਡੂ ਜੀਵਨ ਦੇ ਦੁੱਖ ਤੇ ਦੁਸ਼ਵਾਰੀਆਂ ਨਾਲ ਉਸ ਦੇ ਨੇੜੇ ਦੇ ਵਾਹ ਸਦਕਾ ਉਹ ਪੰਜਾਬੀ ਸਮਾਜ ਅਤੇ ਸਭਿਆਚਾਰ ਨੂੰ ਨੇੜਿਓ ਸਮਝਣ ਦੇ ਕਾਬਲ ਹੋਈ। ਪੰਜਾਬੀ ਔਰਤ ਦੀ ਹੋਂਦ ਅਤੇ ਹੋਣੀ ਦਾ ਪਹਿਲਾ ਸਬਕ ਉਸ ਨੇ ਆਪਣੇ ਚੁਫ਼ੇਰੇ ’ਚੋਂ ਸ਼ਿੱਦਤ ਨਾਲ ਪੜ੍ਹਿਆ। ਇਸ ਨੂੰ ਸਮਝਣ ਅਤੇ ਜਾਨਣ ਲਈ ਉਸ ਨੇ ਭਾਸ਼ਾ ਅਤੇ ਸਾਹਿਤ ਦਾ ਮਾਧਿਅਮ ਚੁਣਕੇ ਪੰਜਾਬੀ ਸਾਹਿਤ ਵਿਚ ਐਮ.ਏ. ਅਤੇ ਐਮ.ਫ਼ਿਲ ਦੀਆਂ ਉ¤ਚ ਡਿਗਰੀਆਂ ਪ੍ਰਾਪਤ ਕੀਤੀਆਂ। ਅੱਜ ਕੱਲ ਉਹ ਪੰਜਾਬੀ ਵਿਚ ਪੀ-ਐ¤ਚ.ਡੀ. ਕਰ ਰਹੀ ਹੈ ਅਤੇ ਕਾਲਜ ਪੱਧਰ ’ਤੇ ਪੰਜਾਬੀ ਸਾਹਿਤ ਨੂੰ ਪੜ੍ਹਾ ਵੀ ਰਹੀ ਹੈ। ਕਮਲਪ੍ਰੀਤ ਸਿੱਧੂ ਦੀਆਂ ਦੋ ਪੁਸਤਕਾਂ ‘ਉਨੀਂਦਰੇ ਚਿਰਾਗ਼’ (ਕਵਿਤਾ) ਅਤੇ ‘ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ’ (ਆਲੋਚਨਾ) ਛਪ ਚੁੱਕੀਆਂ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਇਹ ਪੁਰਸਕਾਰ ਪ੍ਰੋ. ਕਮਲਪ੍ਰੀਤ ਕੌਰ ਸਿੱਧੂ ਦੀ ਪੁਸਤਕ ‘ਉਨੀਂਦਰੇ ਚਿਰਾਗ਼’ ਨੂੰ ਦਿੱਤਾ ਜਾ ਰਿਹਾ ਹੈ।
ਵਿਸ਼ੇਸ਼ ਸਾਹਿਤਕ ਸਨਮਾਨ : ਰਘਬੀਰ ਸਿੰਘ ‘ਭਰਤ’
ਸਿੱਖਿਆ ਸ਼ਾਸਤਰੀ, ਵਿਦਵਾਨ ਆਲੋਚਕ, ਸਿਰੜੀ, ਪ੍ਰਤਿਬੱਧ ਲੇਖਕ ਤੇ ਅਨੁਵਾਦਕ ਰਘਬੀਰ ਸਿੰਘ ‘ਭਰਤ’ ਪੰਜਾਬੀ ਸਾਹਿਤ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਹੈ। ਉਨ੍ਹਾਂ ਦਾ ਜਨਮ 8 ਜਨਵਰੀ, 1939 ਨੂੰ ਪਿੰਡ ਸਧਨੌਲੀ, ਜ਼ਿਲ੍ਹਾ ਪਟਿਆਲਾ ਵਿਚ ਹੋਇਆ। ਅੱਜ ਕੱਲ ਉਹ ਮਾਛੀਵਾੜਾ ਵਿਖੇ ਰਹਿ ਰਹੇ ਹਨ। ਉਨ੍ਹਾਂ ਸਕੂਲ ਦੀ ਵਿੱਦਿਆ ਤੋਂ ਬਾਅਦ ਜੇ.ਬੀ.ਟੀ., ਐਮ.ਏ. ਕਰਕੇ ¦ਮਾ ਸਮਾਂ ਅਧਿਆਪਕ ਵਜੋਂ ਕਾਰਜਸ਼ੀਲ ਰਹੇ। ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ‘ਢੋਲ ਸਿਪਾਹੀ’, ‘ਸਰਵੇਖਣ : ਮਾਛੀਵਾੜਾ ਸਾਹਿਬ’, ‘ਪੰਜਾਬੀ ਕਵਿਤਾ ਦਾ ਵਿਕਾਸ’, ‘ਸਮਕਾਲੀ ਪੰਜਾਬੀ ਕਵਿਤਾ’, ‘ਗੁਰਮਤਿ ਦਰਪਣ’, ‘ਭਗਤ ਨਾਮਦੇਵ ਜੀ : ਚਿੰਤਨ ਤੇ ਅਨੁਭਵ’, ‘ਪਾਕਿਸਤਾਨੀ ਪੰਜਾਬੀ ਇਕਾਂਗੀ ਨਾਟਕ’ ਦਾ ਆਲੋਚਨਾਤਮਿਕ ਅਧਿਐਨ’ ਅਤੇ ‘ਮੇਰਾ ਜੀਵਨ ਸਫ਼ਰ’ ਹਨ, ਅਨੁਵਾਦਕ ਪੁਸਤਕਾਂ ‘ਮਿਰਜ਼ਾ ਸਾਹਿਬਾਂ : ਮੀਆਂ ਮੁਹੰਮਦ ਦੀਨ ਕਾਦਰੀ’ ਤੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਹਨ ਤੇ ਸੰਪਾਦਨ ਪੁਸਤਕ ‘ਰੌਸ਼ਨੀ ਦਾ ਸਫ਼ਰ’ ਹਨ। ਮੌਲਾ ਬਖ਼ਸ਼ ਕੁਸ਼ਤਾ ਦੀ ਵੱਡ-ਆਕਾਰੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਉਨ੍ਹਾਂ ਦੀ ਕਈ ਵਰ੍ਹਿਆਂ ਦੀ ਮਿਹਨਤ ਦਾ ਸਿੱਟਾ ਹੈ ਜਿਸ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਹ ਪੁਸਤਕ ਪੰਜਾਬੀ ਆਲੋਚਨਾ ਦੀ ਉਨ੍ਹਾਂ ਪੁਸਤਕਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਪੰਜਾਬੀ ਆਲੋਚਨਾ ਦਾ ਮੁੱਢ ਬੰਨਿਆ ਹੈ। ਇਹ ਪੁਸਤਕ ਖੋਜਾਰਥੀਆਂ ਲਈ ਲਾਹੇਵੰਦ ਹੋਵੇਗੀ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਨਾਬ ਮੌਲਾ ਬਖ਼ਸ਼ ਕੁਸ਼ਤਾ ਜੀ ਦੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਦਾ ਗੁਰਮੁੱਖੀ ਵਿਚ ਲਿੱਪੀਅੰਤਰਨ ਕਰਨ ’ਤੇ ਉਨ੍ਹਾਂ ਨੂੰ ਵਿਸ਼ੇਸ਼ ਸਾਹਿਤਕ ਸਨਮਾਨ ਦਿੱਤਾ ਜਾ ਰਿਹਾ ਹੈ।