ਨਵੀਂ ਦਿੱਲੀ- ਦੇਸ਼ ਦੇ ਰੀਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਧਾਉਣ ਦੇ ਐਲਾਨ ਨਾਲ ਹੀ ਈਐਮਆਈ ਵਿੱਚ ਵੀ ਵਾਧਾ ਹੋ ਗਿਆ ਹੈ। 20 ਲੱਖ ਰੁਪੈ ਦਾ ਲੋਨ ਜੋ 20 ਸਾਲ ਤੱਕ ਲਈ ਲਿਆ ਗਿਆ ਹੈ ਉਸ ਉਪਰ ਹਰ ਮਹੀਨੇ ਹੁਣ 330 ਰੁਪੈ ਹੋਰ ਦੇਣੇ ਹੋਣਗੇ।ਬੈਂਕ ਦੇ ਇਸ ਫੈਸਲੇ ਨਾਲ ਬਾਜ਼ਾਰ ਵਿੱਚ ਭਾਰੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਆਰਬੀਆਈ ਦੇ ਰੇਪੋ ਰੇਟ ਵਿੱਚ ਵਾਧੇ ਦਾ ਸ਼ੇਅਰ ਬਾਜ਼ਾਰ ਤੇ ਭਾਰੀ ਅਸਰ ਹੋਇਆ ਹੈ ਅਤੇ ਇਸ ਵਿੱਚ 500 ਅੰਕਾਂ ਦੀ ਗਿਰਾਵਟ ਆਈ ਹੈ।
ਰੀਜ਼ਰਵ ਬੈਂਕ ਨੇ ਐਮਐਸਐਫ ਰੇਟ 0.75 ਫੀਸਦੀ ਘਟਾਇਆ ਹੈ। ਹੁਣ ਐਮਐਸਐਫ ਰੇਟ 9.5 ਫੀਸਦੀ ਹੋ ਗਿਆ ਹੈ। ਬੈਂਕ ਰੇਟ ਵੀ ਘੱਟ ਕੇ 9.5% ਹੋ ਗਿਆ ਹੈ। ਰੀਜ਼ਰਵ ਬੈਂਕ ਨੇ ਸੀਆਰਆਰ ਵਿੱਚ ਕੋਈ ਬਦਲਾਅ ਨਹੀਂ ਕੀਤਾ।ਰਘੂਰਾਮ ਰਾਜਨ ਨੇ ਆਪਣਾ ਕਾਰਜਕਾਲ ਸੰਭਾਲਣ ਤੋਂ ਬਾਅਦ ਇਹ ਪਹਿਲਾ ਮਾਨਟਿਰੀ ਪਾਲਿਸੀ ਰਿਵਿਊ ਕੀਤਾ ਹੈ। ਆਰਬੀਆਈ ਦਾ ਕਹਿਣਾ ਹੈ ਕਿ ਮੌਜੂਦਾ ਕਾਰੋਬਾਰੀ ਸਾਲ ਦੇ ਬਾਕੀ ਮਹੀਨਿਆਂ ਵਿੱਚ ਥੋਕ ਮਹਿੰਗਾਈ ਦਰ ਅਨੁਮਾਨ ਤੋਂ ਜਿਆਦਾ ਰਹਿਣ ਦੀ ਸੰਭਾਵਨਾ ਹੈ। ਰੀਟੇਲ ਮਹਿੰਗਾਈ ਦਰ ਕਈ ਸਾਲਾਂ ਤੋਂ ਉਚੇ ਪੱਧਰ ਤੇ ਬਣੀ ਹੋਈ ਹੈ। ਇਸ ਲਈ ਜੇ ਸਖਤ ਕਦਮ ਨਾਂ ਉਠਾਏ ਗਏ ਤਾਂ ਮਹਿੰਗਾਈ ਹੋਰ ਵੀ ਵੱਧ ਸਕਦੀ ਹੈ।