ਨਵੀਂ ਦਿੱਲੀ:- ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਤਸ਼ਦਤ ਤੋਂ ਪਰੇਸ਼ਾਨ ਹੋ ਕੇ ਬਾਹਰਲੇ ਦੇਸ਼ਾ ਵਿਚ ਵਸਦੇ ਕਟੱਰਵਾਦੀ ਸਿੱਖਾ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਖੇਤਰ ਵਿਚ ਆ ਰਹੀਆਂ ਪਰੇਸ਼ਾਨੀਆ ਨੂੰ ਹਲ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਇੰਗਲੇਂਡ ਦੇ ਦੋਰੇ ਤੇ ਗਏ ਇਕ ਵਫਦ ਵਲੋਂ ਵੱਖਵਾਦੀਆਂ ਨੂੰ ਕੌਮੀ ਮੁੱਖਧਾਰਾ ਵਿਚ ਪਰਤਨ ਦੀ ਕੀਤੀ ਅਪੀਲ ਤੋਂ ਬਾਅਦ ਮਿਲੀਆਂ ਧਮਕੀਆਂ ਨੂੰ ਵੇਖਦੇ ਹੋਏ “ਵੈਸਟ ਮੀਡਲੈਂਡ ਪੁਲਿਸ” ਵਲੋਂ 3 ਪੁਲਿਸ ਅਧਿਕਾਰੀ ਅਤੇ ਪੁਲਿਸ ਦੀ ਐਸਕੋਰਟ ਗੱਡੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਦੇਣੀ ਪਈ। ਮਨਜੀਤ ਸਿੰਘ ਜੀ.ਕੇ. ਨੇ “ਸਿੱਖ ਚੈਨਲ ਯੂ.ਕੇ.” ਤੇ ਲਗਭਗ 130 ਮਿਨਟ ਚਲੀ ਲਾਈਵ ਵਿਚਾਰ ਚਰਚਾ ਦੌਰਾਨ ਵੱਖਵਾਦੀਆਂ ਨੂੰ ਕੌਮੀ ਮੁੱਖਧਾਰਾ ਵਿਚ ਵਾਪਿਸ ਆਉਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਸਿੱਖ ਸਭ ਤੋਂ ਵੱਡੇ ਰਾਸ਼ਟਰਵਾਦੀ ਹਨ ਅਤੇ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਡਾ ਯੋਗਦਾਨ ਸਿੱਖਾ ਨੇ ਪਾਈਆ ਹੈ ਅਤੇ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਵੀਰ ਮਜਬੂਰੀ ਵਿਚ ਵਿਦੇਸ਼ਾ ਵਿਚ ਆ ਕੇ ਵੱਖਵਾਦੀਆਂ ਦੀ ਮੁਹਿਮ ਦਾ ਹਿੱਸਾ ਬਣ ਗਏ ਹਨ। ਉਨ੍ਹਾ ਨੇ ਭਾਰਤ ਸਰਕਾਰ ਵਲੋਂ ਕਸ਼ਮੀਰੀਆਂ ਨੂੰ ਮੁੱਖਧਾਰਾ ਵਿਚ ਪਰਤਨ ਲਈ ਦਿੱਤੀਆ ਜਾ ਰਹੀਆਂ ਸੁਵਿਧਾਵਾਂ ਦੀ ਗਲ ਕਰਦੇ ਹੋਏ ਸਿੱਖਾ ਨੂੰ ਇਹ ਸੁਵਿਧਾਵਾਂ ਨਾ ਦੇਣ ਤੇ ਵੀ ਸਰਕਾਰ ਨੂੰ ਲੰਬੇ ਹੱਥੀ ਲਿਆ।
ਭਾਰਤ ਸਰਕਾਰ ਦੀ ਕਾਲੀ ਸੁਚੀ ਵਿਚ ਸ਼ਾਮਿਲ ਸਿੱਖਾ ਨੂੰ ਆਪਣੇ ਦੇਸ਼ ਵਾਪਿਸ ਪਰਤਨ ਵਿਚ ਆ ਰਹੀਆਂ ਪਰੇਸ਼ਾਨੀਆ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਦੋਸ਼ ਲਾਇਆ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ 12 ਸਾਲ ਦੇ ਕਾਰਜਕਾਲ ਦੌਰਾਨ ਵਿਦੇਸ਼ਾ ਵਿਚ ਵਸਦੇ ਕੱਟਰਵਾਦੀ ਸਿੱਖਾ ਦੇ ਨਾਲ ਕੋਈ ਰਾਫਤਾ ਕਾਯਮ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਮੁੱਖਧਾਰਾ ਤੋਂ ਦੁਰ ਜਾ ਚੁਕੇ ਸਿੱਖਾ ਨੂੰ ਭਾਰਤ ਸਰਕਾਰ ਨਾਲ ਗਲ ਕਰਕੇ ਸੁਰਖਿਅਤ ਵਾਪਿਸ ਆਪਣੇ ਦੇਸ਼ ਲਿਆਉਣ ਦੀ ਗੱਲ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਇਹ ਲੋਕ ਆਦਤਨ ਅਪਰਾਧੀ ਨਹੀਂ ਸਨ ਤੇ ਸਰਕਾਰੀ ਤੰਤਰ ਵਲੋਂ ਬਨਾਏ ਗਏ ਗਲਤ ਹਾਲਾਤਾ ਨੇ ਇਨ੍ਹਾਂ ਨੁੰ ਮੁੱਖਧਾਰਾ ਤੋਂ ਦੁਰ ਕੀਤਾ ਸੀ ਪਰ ਭਾਰਤ ਸਰਕਾਰ ਇਨ੍ਹਾਂ ਦੀ ਅਗਲੀ ਪੀੜੀ ਨੂੰ ਵੀ ਵੀਜ਼ਾ ਨਾ ਦੇ ਕੇ ਗਲਤ ਕਾਰਜ ਕਰ ਰਹੀ ਹੈ।
ਵੱਖਵਾਦੀਆਂ ਵਲੋਂ ਮਿਲ ਰਹੀਆਂ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਇਸ ਵਫਦ ਨੇ ਲੰਦਨ, ਬਰਮਿਘੰਮ, ਮੈਨਚੈਸਟਰ ਅਤੇ ਸਕਾਟਲੈਂਡ ਦੀਆਂ ਸਿੰਘ ਸਭਾਵਾਂ ਵਿਚ ਸੰਗਤਾ ਦੇ ਦਰਸ਼ਨ ਕੀਤੇ ਜਦੋਕਿ ਦਿੱਲੀ ਕਮੇਟੀ ਦੇ ਇਸ ਵਫਦ ਨੂੰ ਵੱਖਵਾਦੀ ਸਿੱਖਾ ਵਲੋਂ ਉਨ੍ਹਾਂ ਦੀ ਦਸਤਾਰਾਂ ਲਾਉਣ ਦੀ ਧਮਕੀ ਖਾਲਿਸਤਾਨ ਦਾ ਵਿਰੋਧ ਅਤੇ ਕੌਮੀ ਮੁੱਖਧਾਰਾ ਵਿਚ ਪਰਤਨ ਦੀ ਕੀਤੀ ਗਈ ਅਪੀਲ ਨੂੰ ਵੇਖਦੇ ਹੋਏ ਦਿੱਤੀ ਗਈ ਸੀ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਮੈ ਇੰਗਲੈਂਡ ਵਿਚ ਰਾਸ਼ਟਰਵਾਦੀ ਸਿੱਖ ਦੇ ਤੌਰ ਤੇ ਆਇਆ ਹਾਂ ਤੇ ਅਸੀ ਇਹ ਚਾਹੁੰਦੇ ਹਾ ਕਿ ਸਾਰੇ ਵੱਖਵਾਦੀ ਅਤੇ ਉਨ੍ਹਾਂ ਦੇ ਬੱਚਿਆ ਨੂੰ ਵਾਪਿਸ ਆਪਣੇ ਦੇਸ਼ ਭਾਰਤ ਇਕ ਆਮ ਸ਼ਹਰੀ ਦੇ ਤੌਰ ਤੇ ਵਸਣ ਦਾ ਮੌਕਾ ਮਿਲੇ।