ਨਵੀਂ ਦਿੱਲੀ :- ਦਿੱਲੀ ਦੇ ਮਾਤਾ ਸੁੰਦਰੀ ਵਿਮੈਨ ਕਾਲੇਜ ਵਿਖੇ ਅੱਜ 47ਵੇਂ ਸਟੁਡੈਂਟ ਕਾਉਂਸਲਿੰਗ ਦਿਹਾੜੇ ਤੇ ਪੰਜਾਬੀ ਬਾਗ ਤੋਂ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਬੋਲਦੇ ਹੋਏ ਉਥੇ ਮੌਜੂਦ ਕੁੜੀਆਂ ਨੂੰ ਸਮਾਜਿਕ ਬੁਰਾਇਆਂ ਪ੍ਰਤੀ ਸੁਚੇਤ ਕਰਨ ਦੇ ਨਾਲ ਹੀ ਸਿੱਖੀ ਸਿਧਾਂਤਾ ਤੇ ਪਹਿਰਾ ਦੇਣ ਵਾਲੀਆਂ ਬੀਬੀਆਂ ਦੇ ਇਤਿਹਾਸ ਦਾ ਜਿਕਰ ਕਰਦੇ ਹੋਏ ਕੁੜੀਆਂ ਨੂੰ ਆਪਣੇ ਜਾਇਜ਼ ਹੱਕਾ ਲਈ ਲੜਾਈ ਲੜਨ ਦੀ ਵੀ ਤਾਕਿਦ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਕਾਲੇਜ ਦੇ ਚੇਅਰਮੈਨ ਤੇਜਵੰਤ ਸਿੰਘ, ਖਜਾਨਚੀ ਐਸ.ਐਸ. ਸਿਆਲ, ਗਵਰਨਿੰਗ ਬਾਡੀ ਦੇ ਮੈਂਬਰ ਰੰਜੀਤ ਕੌਰ ਚੱਡਾ, ਰੰਜੀਤ ਸਿੰਘ ਸਿੱਬਲ ਅਤੇ ਗੁਰਦੁਆਰਾ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ ਤੇ ਮਨਮੋਹਨ ਸਿੰਘ ਮੌਜੂਦ ਸਨ।
ਉਨ੍ਹਾਂ ਨੇ ਬੀਬੀਆਂ ਨੂੰ ਵੋਟ ਪਾਉਣ ਦੇ ਮਿਲੇ ਜਮਹੂਰੀ ਹੱਕਾ ਦਾ ਜਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਸੱਭ ਤੋਂ ਪਹਿਲੇ ਨਿਊਜ਼ੀਲੈਂਡ ਨੇ ਬੀਬੀਆਂ ਨੂੰ ਆਦਮੀਆਂ ਦੇ ਬਰਾਬਰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਉਸ ਤੋਂ ਬਾਅਦ ਇੰਗਲੈਂਡ, ਜਰਮਨੀ ਅਦਿਕ ਬਾਕੀ ਯੂਰੋਪੀ ਦੇਸ਼ਾਂ ਨੇ ਵੀ ਔਰਤਾਂ ਨੂੰ ਬਰਾਬਰੀ ਦਾ ਹੱਕ ਦਿੱਤਾ। ਸਮਾਜਿਕ ਬੁਰਾਈ “ਕਨਿਆਂ ਭਰੂਣ ਹੱਤਿਆ” ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਦਸਿਆ ਕਿ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਰਾਹੀਂ ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਅਤੇ ਪੁਰੀ ਇਜ਼ਤ ਦੇਣ ਦੀ ਗਲ ਕਹੀ ਸੀ। ਕਾਲੇਜ ਵਿਚ ਨਵੀਆਂ ਆਈਆਂ ਬੱਚੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਉਨ੍ਹਾਂ ਨੇ ਬੱਚੀਆਂ ਨੂੰ ਕਲਪਨਾ ਚਾਵਲਾ, ਪ੍ਰਤੀਭਾ ਪਾਟਿਲ, ਪੀ.ਟੀ. ਉਸ਼ਾ ਅਤੇ ਸਾਨਿਆ ਮਿਰਜ਼ਾ ਤੋਂ ਪ੍ਰੇਰਨਾ ਲੈਂਦੇ ਹੋਏ ਸਮਾਜ ਵਾਸਤੇ ਉਸਾਰੂ ਕੰਮ ਕਰਨ ਦੀ ਅਪੀਲ ਵੀ ਕੀਤੀ।