ਨਵੀਂ ਦਿੱਲੀ-ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਐਨਆਈਸੀ ਦੀ ਮੀਟਿੰਗ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਉਸ ਵੱਲੋਂ ਐਲਾਨੇ ਗਏ ਪ੍ਰਧਾਨ ਮੰਤਰੀ ਉਮੀਦਵਾਰ ਮੋਦੀ ਨੂੰ ਆੜੈ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਅਤੇ ਮੋਦੀ ਦੀ ਸੰਪਰਦਾਇਕ ਰਾਜਨੀਤੀ ਦੇ ਖਿਲਾਫ਼ ਸਾਰੇ ਧੜ੍ਹਿਆਂ ਨੂੰ ਇੱਕਮੁੱਠ ਹੋਣਾ ਚਾਹੀਦਾ ਹੈ। ਸ੍ਰੀ ਲਾਲੂ ਨੇ ਕਿਹਾ ਕਿ ਮੋਦੀ ਕਦੇ ਵੀ ਪ੍ਰਧਾਨਮੰਤਰੀ ਨਹੀਂ ਬਣ ਸਕਣਗੇ ਅਤੇ ਉਹ ਨਕਲੀ ਲਾਲ ਕਿਲ੍ਹੇ ਦੇ ਸਾਹਮਣੇ ਹੀ ਖੜ੍ਹੇ ਰਹਿਣਗੇ। ਮੋਦੀ ਦੇ ਐਨਆਈਸੀ ਦੀ ਬੈਠਕ ਵਿੱਚ ਹਿੱਸਾ ਨਾਂ ਲੈਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਪਤਾ ਸੀ ਕਿ ਉਸ ਦੀ ਅਲੋਚਨਾ ਹੋਵੇਗੀ, ਇਸ ਕਰਕੇ ਹੀ ਉਹ ਨਹੀਂ ਆਏ।
ਲਾਲੂ ਯਾਦਵ ਨੇ ਕਿਹਾ, ‘ਸੰਪਰਦਾਇਕ ਸ਼ਕਤੀਆਂ ਸਰਗਰਮ ਹੋ ਗਈਆਂ ਹਨ। ਸੰਪਰਦਾਇਕ ਰਾਜਨੀਤੀ ਨਾਲ ਨਜਿਠਣ ਲਈ ਸੱਭ ਪਾਰਟੀਆਂ ਨੂੰ ਇੱਕਠੇ ਹੋਣ ਦੀ ਜਰੂਰਤ ਹੈ।’
ਬਿਹਾਰ ਦੇ ਮੁੱਖਮੰਤਰੀ ਨਤੀਸ਼ ਤੇ ਵਾਰ ਕਰਦੇ ਹੋਏ ਲਾਲੂ ਨੇ ਕਿਹਾ ਕਿ 17 ਸਾਲ ਬੀਜੇਪੀ ਦਾ ਸਾਥ ਦੇਣ ਤੋਂ ਬਾਅਦ ਉਹ ਹੁਣ ਸੱਭ ਨਾਟਕ ਕਰ ਰਹੇ ਹਨ। ਭਾਜਪਾ ਦਾ ਜੇਡੀਯੂ ਨਾਲੋਂ ਸਬੰਧ ਟੁਟਣ ਤੋਂ ਬਾਅਦ ਊਹ ਹਿੰਸਾ ਫੈਲਾਉਣ ਦਾ ਯਤਨ ਕਰ ਰਹੀ ਹੈ। ਅਮਿਤ ਸ਼ਾਹ ਹੁਣ ਪਾਰਟੀ ਦੇ ਦੂਜੇ ਨੰਬਰ ਦੇ ਵੱਡੇ ਨੇਤਾ ਬਣ ਗਏ ਹਨ। ਗੁਜਰਾਤ ਦੰਗਿਆਂ ਦੇ ਮੈਨੇਜਰ ਹੁਣ ਉਤਰਪ੍ਰਦੇਸ਼ ਅਤੇ ਬਿਹਾਰ ਵੀ ਪਹੁੰਚ ਗਏ ਹਨ। ਮੁਜਫਰ ਨਗਰ ਤਾਂ ਸਿਰਫ਼ ਸ਼ੁਰੂਆਤ ਹੈ। ਤਿਊਹਾਰਾਂ ਦਾ ਮੌਸਮ ਆਉਣ ਵਾਲਾ ਹੈ ਅਤੇ ਬਿਹਾਰ ਦੇ ਨਾਵਾਦਾ ਬੇਤੀਆ ਅਤੇ ਹੋਰ ਖੇਤਰਾਂ ਵਿੱਚ ਜਾਣਬੁੱਝ ਕੇ ਤਣਾਅ ਵਾਲੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ।