ਇਸਲਾਮਾਬਾਦ- ਪਾਕਿਸਤਾਨ ਦੇ ਦੱਖਣੀ-ਪੱਛਮੀ ਇਲਾਕੇ ਵਿੱਚ ਆਏ ਭੂਚਾਲ ਨਾਲ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਬਲੋਚਿਸਤਾਨ ਸੂਬੇ ਦੇ ਅਵਾਰਨ ਜਿਲ੍ਹੇ ਵਿੱਚ 7.7 ਦੀ ਰਫ਼ਤਾਰ ਨਾਲ ਆਏ ਭੂਚਾਲ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਜਖਮੀ ਹੋਏ ਹਨ। ਇਸ ਖੇਤਰ ਵਿੱਚ 30% ਘਰ ਤਬਾਹ ਹੋ ਗਏ ਹਨ। ਕਰਾਚੀ, ਹੈਦਰਾਬਾਦ, ਲੜਕਾਨਾ ਅਤੇ ਸਿੰਧ ਸੂਬੇ ਤੋਂ ਇਲਾਵਾ ਲਾਹੌਰ, ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਬਲੋਚਿਸਤਾਨ ਸੂਬੇ ਦੇ ਮੁੱਖਮੰਤਰੀ ਮਲਿਕ ਦਾ ਕਹਿਣਾ ਹੈ ਕਿ ਭੂਚਾਲ ਦਾ ਮੁੱਖ ਕੇਂਦਰ ਰਾਜਧਾਨੀ ਕੋਟਾ ਤੋਂ 69 ਕਿਲੋਮੀਟਰ ਦੂਰ ਅਵਾਰਨ ਵਿੱਚ 23 ਕਿਲੋਮੀਟਰ ਡੂੰਘਾਈ ਤੱਕ ਸੀ। ਸੈਨਾ ਦੇ ਜਵਾਨ ਅਤੇ ਰਾਹਤ ਕਰਮਚਾਰੀ ਹੈਲੀਕਾਪਟਰਾਂ ਰਾਹੀਂ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਅਤੇ ਜਖਮੀਆਂ ਨੂੰ ਮੱਦਦ ਮੁਹਈਆ ਕਰਵਾਉਣ ਲਈ ਕੰਮ ਕਰ ਰਹੇ ਹਨ। ਅਵਾਰਨ ਦੇ ਆਸਪਾਸ ਦੇ ਇਲਾਕਿਆਂ ਵਿੱਚ ਐਮਰਜੰਸੀ ਲਾਗੂ ਕਰ ਦਿੱਤੀ ਗਈ ਹੈ। ਅਮਰੀਕਾ ਅਤੇ ਪਾਕਿਸਤਾਨ ਦੇ ਭਚਾਲ ਕੇਂਦਰਾਂ ਨੇ ਦਸਿਆ ਕਿ ਇਹ ਝਟਕੇ ਇੱਕ ਮਿੰਟ ਤੱਕ ਮਹਿਸੂਸ ਕੀਤੇ ਗਏ।
ਪਾਕਿਸਤਾਨ ਦੇ ਗਵਾਦਰ ਤੱਟ ਤੇ ਸਮੁੰਦਰ ਵਿੱਚ ਇਸ ਜਬਰਦਸਤ ਆਏ ਭੂਚਾਲ ਕਾਰਨ ਇੱਕ ਟਾਪੂ ਬਣ ਗਿਆ ਹੈ। ਗਵਾਦਰ ਤੱਟ ਤੋਂ 350 ਫੁੱਟ ਦੀ ਦੂਰੀ ਤੇ ਸਮੁੰਦਰ ਦੇ ਵਿੱਚ 40 ਸੁਕੇਅਰ ਫੁੱਟ ਦੇ ਖੇਤਰਫਲ ਦਾ ਇੱਕ ਟਾਪੂ ਉਭਰ ਆਇਆ ਹੈ।ਪਾਕਿਸਤਾਨੀ ਟੀਵੀ ਚੈਨਲਾਂ ਤੇ ਇਸ ਟਾਪੂ ਦੀਆਂ ਤਸਵੀਰਾਂ ਵਿਖਾਈਆਂ ਜਾ ਰਹੀਆਂ ਹਨ ਜੋ ਕਿ ਭੂਚਾਲ ਤੋਂ ਬਾਅਦ ਅਚਾਨਕ ਉਭਰ ਆਇਆ ਹੈ।