ਹੱਕ ਲਈ ਲੜਿਆ ਸੱਚ ਬੀਬੀ ਅਨਮੋਲ ਕੌਰ ਨੇ ਪੰਜਾਬ ਦੇ ਮਾੜੇ ਦਿਨਾਂ( ਸੰਨ 1980 ਤੋਂ 1995) ਦੇ ਸਮੇਂ ਦੇ ਕਹਿਰ ਬਾਰੇ ਨਾਵਲ ਰੂਪ ਵਿਚ ਲਿਖਿਆ ਸੱਚ ਹੈ।ਇਸ ਤੋਂ ਪਹਿਲਾਂ ਬੀਬੀ ਅਨਮੋਲ ਕੌਰ ‘ਕੌੜਾ ਸੱਚ’ ਅਤੇ ਦੁੱਖ ਪੰਜਾਬ ਦੇ’ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੀ ਹੈ।ਇਸ ਤੋਂ ਇਲਾਵਾ ਉਸ ਦਾ ਲਿਖਿਆ ਨਾਟਕ ‘ਰਿਸ਼ਤੇ’ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ।ਕੈਨੇਡਾ ਦੇ ਕਈ ਸ਼ਹਿਰਾਂ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਜਿਥੇ ਜਿਥੇ ਵੀ ਇਹ ਨਾਟਕ ਖੇਡਿਆ ਗਿਆ, ਇਸ ਦੇ ਕਿਰਦਾਰ ਜਦੋਂ ਅਨਮੋਲ ਕੌਰ ਦੇ ਲਿਖੇ ਡਾਇਲਾਗ ਬੋਲਦੇ ਤਾਂ ਦਰਸ਼ਕ ਤਾੜੀਆਂ ਮਾਰ ਮਾਰ ਕੇ ਸਵਾਗਤ ਕਰਦੇ। ਇਹ ਨਾਟਕ ਰਿਸ਼ਤੇ ਨਕਲੀ ਵਿਆਹ ਕਰਵਾ ਕੇ ਵਿਦੇਸ਼ ਆਉਣ ਵਾਲਿਆਂ ਦੀ ਜ਼ਿੰਦਗੀ ਤੇ ਅਧਾਰਿਤ ਹੈ।
ਅਜ-ਕਲ ਅਨਮੋਲ ਕੌਰ ਨੇ “ ਹੱਕ ਲਈ ਲੜਿਆ ਸੱਚ” ਨਾਵਲ ਪੰਜਾਬੀ ਦੀ ਮਾਂ ਬੋਲੀ ਦੀ ਝੋਲੀ ਵਿਚ ਇਕ ਅਨਮੋਲ ਮੋਤੀ ਦੇ ਰੂਪ ਵਿਚ ਪਾਇਆ ਹੈ।ਨਾਵਲ ਦੀ ਕਹਾਣੀ ਇਕ ਆਮ ਜੱਟ ਮੁਖਤਿਆਰ ਸਿੰਘ ਅਤੇ ਉਸ ਦੇ ਪਰਿਵਾਰ ਬਾਰੇ ਹੈ। ਮੁਖਤਿਆਰ ਸਿੰਘ ਦੇ ਨਾਲ ਉਸ ਦਾ ਪਿਤਾ ਇੰਦਰ ਸਿੰਘ ਅਤੇ ਮਾਤਾ ਹਰਨਾਮ ਕੌਰ ਵੀ ਰਹਿੰਦੇ ਨੇ ਜੋ ਪੁਰਾਣੇ ਖਿਆਲਾਂ ਦੇ ਹਨ। ਉਸ ਦੀ ਪਤਨੀ ਸੁਰਜੀਤ ਕੌਰ ਅਗਾਂਹਵਧੂ ਖਿਆਲਾਂ ਦੀ ਹੈ। ਉਹ ਆਪਣੀ ਬੇਟੀ ਦੀਪੀ ਨੂੰ ਸਕੂਲ ਤੋਂ ਬਾਅਦ ਪਿੰਡ ਦੇ ਲਾਗੇ ਵਾਲੇ ਕੁੜੀਆਂ ਦੇ ਕਾਲਜ ਪੜ੍ਹਨ ਲਾ ਦਿੰਦੇ ਹਨ। ਸਰਦੀਆਂ ਨੂੰ ਕੁੜੀਆਂ ਸਿਰ ਤੇ ਸਕਾਫ, ਹੱਥਾਂ ਵਿਚ ਦਸਤਾਨੇ, ਗਰਮ ਕੋਟੀਆਂ ਪਾ ਕੇ ਉਪਰੋਂ ਸ਼ਾਲਾਂ ਦੀਆਂ ਬੁਕੱਲਾਂ ਮਾਰ ਕੇ ਕਾਲਜ਼ ਜਾਂਦੀਆਂ ਹਨ। ਇਹ ਸੀਨ ਅਨਮੋਲ ਕੌਰ ਨੇ ਅਜਿਹਾ ਚਿਤਰਿਆ ਹੈ ਕਿ ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਉਹ ਕੋਈ ਫਿਲਮ ਦੇਖ ਰਿਹਾ ਹੈ।ਕਾਲਜ ਪੜ੍ਹਦਿਆ ਹੀ ਦੀਪੀ ਦਾ ਕਿਸੇ ਹੋਰ ਕਾਲਜ ਵਿਚ ਪੜ੍ਹਦੇ ਦਿਲਪ੍ਰੀਤ ਨਾਲ ਪਿਆਰ ਹੋ ਜਾਂਦਾ ਹੈ। ਦੀਪੀ ਦੂਰੋਂ ਲੱਗਦੀ ਇਕ ਭੂਆ ਦੀਪੀ ਦਾ ਰਿਸ਼ਤਾ ਆਪਣੇ ਜੇਠ ਦੇ ਪੁੱਤ ਨਾਲ ਮੰਗਣ ਲਈ ਦੀਪੀ ਦੇ ਘਰਦਿਆਂ ਉੱਪਰ ਜ਼ੋਰ ਪਾਉਂਦੀ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਦੀਪੀ ਭੂਆ ਨੂੰ ਆਖ ਦੇਂਦੀ ਹੈ ਕਿ ਮੈ ਅਜੇ ਵਿਆਹ ਨਹੀ ਕਰਵਾਉਣਾ।ਕੁਝ ਸਮਾਂ ਪਾ ਕੇ ਉਹ ਭੂਆ ਫਿਰ ਰਿਸ਼ਤਾ ਕਰਨ ਤੇ ਜ਼ੋਰ ਪਾਉਂਦੀ ਹੈ ਅਤੇ ਦੀਪੀ ਦੇ ਘਰਦੇ ਮੰਨ ਜਾਂਦੇ ਹਨ।ਪ੍ਰੋਗਰਾਮ ਬਣ ਜਾਂਦਾ ਹੈ ਕਿ ਦੋਨੋ ਪਰਵਾਰ ਲਾਗੇ ਦੇ ਪਿੰਡ ਵਾਲੇ ਗੁਰਦੁਵਾਰੇ ਵਿਚ ਇਕ- ਦੂਜੇ ਨੂੰ ਦੇਖ ਲੈਣ।ਦੀਪੀ ਇਹ ਸੁਣ ਕੇ ਉਦਾਸ ਹੋ ਜਾਂਦੀ ਹੈ ਕਿ ਉਹ ਤਾਂ ਦਿਲਪ੍ਰੀਤ ਨੂੰ ਚਾਹੁੰਦੀ ਹੈ ਅਤੇ ਘਰਦੇ ਕਿਸੇ ਹੋਰ ਨਾਲ ਉਸ ਦਾ ਨਰੜ ਕਰਨਾ ਚਾਹੁੰਦੇ ਹਨ।ਦੀਪੀ ਦੀ ਸਹੇਲੀ ਸਿਮਰੀ ਉਸ ਨੂੰ ਸਲਾਹ ਦੇਂਦੀ ਹੈ ਕਿ ਮੁੰਡਾ ਦੇਖ ਕੇ ਨਾਂਹ ਕਰ ਦੇਵੇ।ਇਹ ਸਸਪੈਂਸ ਭਰੀ ਕਹਾਣੀ ਨਾਵਲ ਨੂੰ ਦਿਲਚਸਪ ਬਣਾਉਂਦੀ ਹੈ।ਕਹਾਣੀ ਦਾ ਨਾਟਕੀ ਭੇਦ ਨਾਵਲ ਪੜ੍ਹ ਕੇ ਹੀ ਪਤਾ ਲੱਗਦਾ ਹੈ। ਦੀਪੀ ਦੇ ਗੁਵਾਂਢ ਦੀ ਇਕ ਕੁੜੀ ਨੂੰ ਉਸ ਦੇ ਸਹੁਰੇ ਦਾਜ ਦੀ ਬਲੀ ਵੀ ਚੜ੍ਹਾ ਦਿੰਦੇ ਹਨ।ਬਾਲਮੀਕੀਆਂ ਦੀ ਇਕ ਨੂੰਹ ਨੂੰ ਬਾਹਰਲੀ ਕਸਰ ਹੈ ਤੇ ਉਹ ਇਕ ਸਾਧ ਨੂੰ ਇਲਾਜ ਲਈ ਬਲਾਉਂਦੇ ਹਨ। ਸਾਧ ਚਿਮਟੇ ਮਾਰ ਮਾਰ ਕੇ ਤੜਫਾ ਕੇ ਬਾਹਰਲੀ ਕਸਰ ਚੰਗੀ ਤਰਾਂ ਕੱਢ ਦਿੰਦਾ ਹੈ ਅਤੇ ਉਹ ਮਰ ਜਾਂਦੀ ਹੈ।ਕਹਾਣੀ ਦੇ ਨਾਲ ਨਾਲ ਇਹੋ ਜਿਹੀਆਂ ਸਮਾਜਿਕ ਬੁਰਾਈਆਂ ਦਾ ਜਿਕਰ ਵੀ ਢੁਕਵੇਂ ਥਾਹੀਂ ਕੀਤਾ ਗਿਆ ਹੈ। ਇਸੇ ਤਰਾਂ ਜੱਟਾਂ ਦੇ ਘਰਾਂ ਵਿਚ ਪ੍ਰਾਹੁਣੇ ਦੀ ਸੇਵਾ ਸ਼ਰਾਬ ਨਾਲ ਕਰਨੀ।ਪਿੰਡ ਦੇ ਹੀ ਸ਼ਰਾਬੀ ਗੀਰੀ ਦਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਉੱਪਰ ਕਿਸੇ ਦੇ ਟੋਕਣ ਤੇ ਕਹਿਣਾ ਕਿ ਉਸ ਨੇ ਬਾਬੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਪੀਤੀ ਹੈ।ਇਸ ਬੁਰਾਈ ਵਿਰੁਧ ਨਾਵਲ ਵਿਚ ਇਕ ਬਜ਼ੁਰਗ ਔਰਤ ਦੇ ਮੂੰਹੋਂ ਕਹਾਇਆ ਹੈ “ ਜੱਟਾਂ ਦੇ ਘਰੋਂ ਸ਼ਰਾਬ ਨਿਕਲ ਜਾਵੇ ਤਾਂ ਅੱਧੇ ਦੁੱਖ ਮੁੱਕ ਜਾਣ।” ਇਹ ਹੈ ਅਨਮੋਲ ਕੌਰ ਦੀ ਸਮਾਜ਼ ਨੂੰ ਸੇਧ ਦੇਣ ਵਾਲੀ ਸੋਚ।
ਕਹਾਣੀ ਅੱਗੇ ਨਾਵਲ ਦੇ ਕੇਂਦਰੀ ਵਿਸ਼ੇ ਵੱਲ ਵਧਦੀ ਹੈ।ਪੰਜਾਬ ਨਾਲ ਹੋ ਰਹੇ ਕੇਂਦਰ ਸਰਕਾਰ ਦੇ ਵਿਤਕਰਿਆਂ ਵਿਰੁਧ ਇਕ ਲੋਕ ਰੋਹ ਉਠਦਾ ਹੈ।ਪਹਿਲਾਂ ਸੰਤ ਲੋਂਗੋਵਾਲ ਦੀ ਅਗਵਾਈ ਵਿਚ ਸ਼ਾਤਮਈ ਅੰਦੋਲਨ ਕਰਕੇ ਗ੍ਰਿਫਤਾਰੀਆਂ ਦੇ ਕੇ ਪੰਜਾਬ ਦੇ ਸਿਖ ਜੇਲ੍ਹਾਂ ਭਰ ਦਿੰਦੇ ਹਨ, ਪਰ ਕੇਂਦਰ ਸਰਕਾਰ ਟਾਲ-ਮਟੋਲ ਕਰੀ ਜਾਂਦੀ ਹੈ।ਅੰਦੋਲਨ ਦੀ ਕਮਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਹੱਥ ਆ ਜਾਂਦੀ ਹੈ ਤੇ ਸ਼ਾਤਮਈ ਅੰਦੋਲਨ ਖਾੜਕੂ ਰੂਪ ਧਾਰ ਲੈਂਦਾ ਹੈ।ਸੰਨ 1984 ਵਿਚ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਵਲੋਂ ਹਮਲਾ ਸਭ ਸਿੱਖਾਂ ਦੇ ਦਿਲਾਂ ਨੂੰ ਜਖਮੀਂ ਕਰ ਦਿੰਦਾ ਹੈ। ਕੁਝ ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੋ ਕਿ ਦਰਬਾਰ ਸਾਹਿਬ ਦੀ ਤਬਾਹੀ ਅਤੇ ਹਜ਼ਾਰਾਂ ਬੇਕਸੂਰ ਸ਼ਰਧਾਲੂਆਂ ਦੇ ਕਤਲ ਦੀ ਜ਼ੁਮੇਵਾਰ ਸੀ ਨੂੰ ਉਸ ਦੇ ਸਿੱਖ ਬਾਡੀਗਾਰਡ ਗੋਲੀਆਂ ਮਾਰ ਕੇ ਪਾਰ ਬੁਲਾ ਦਿੰਦੇ ਹਨ। ਪੰਜਾਬ ਵਿਚ ਖਾੜਕੂ ਨੋਜਵਾਨ ਹਥਿਆਰ ਚੁਕ ਲੈਂਦੇ ਹਨ।ਸੰਂਨ 1992 ਵਿਧਾਨ ਸਭਾ ਚੋਣਾ ਦਾ ਖਾੜਕੂਆਂ ਨੇ ਬਾਈਕਾਟ ਦਾ ਸੱਦਾ ਦੇ ਦਿੱਤਾ। ਕੁਝ ਕੁ ਕਾਂਗਰਸੀ ਪਖੀ ਲੋਕਾਂ ਦੀ ਮਾਮੂਲੀ ਗਿਣਤੀ ਦੀਆਂ ਵੋਟਾਂ ਨਾਲ ਕਾਂਗਰਸੀ ਜਿਤ ਗਏ।ਬੇਅੰਤ ਸਿੰਘ ਮੁਖਮੰਤਰੀ ਅਤੇ ਕੇ.ਪੀ. ਐਸ ਗਿੱਲ ਡਾਇਰੈਕਟਰ ਜਰਨਲ ਪੁਲਸ ਬਣੇ ਤਾਂ ਪੰਜਾਬ ਵਿਚ ਥਾਂ ਥਾਂ ਨਕਲੀ ਮੁਕਾਬਲੇ ਬਣਾ ਕੇ ਪੁਲਿਸ ਵਾਲਿਆਂ ਨਕਦ ਇਨਾਮ ਅਤੇ ਤਰੱਕੀਆਂ ਪ੍ਰਾਪਤ ਕੀਤੀਆਂ। ਪਿੰਡ ਵਿਚ ਲੋਕਾਂ ਸਾਹਮਣੇ ਨੋਜਵਾਨ ਮੁੰਡਿਆਂ ਨੂੰ ਪੁਲਸ ਚੁੱਕ ਕੇ ਲੈ ਜਾਂਦੀ ੳਤੇ ਪੁਲਿਸ ਮੁਕਾਬਲੇ ਵਿਚ ਮਾਰ ਦਿੰਦੀ।ਖਾੜਕੂਆਂ ਨੇ ਵੀ ਕੁਝ ਜ਼ਾਲਮ ਪੁਲਸ ਵਾਲੇ ਸੋਧੇ। ਕੇ.ਪੀ.ਐਸ ਨੂੰ ਸਰਕਾਰ ਨੇ ਖੁੱਲ੍ਹ ਦੇ ਛੱਡੀ ਕਿ ਉਹ ਜੋ ਮਰਜ਼ੀ ਤਰੀਕਾ ਅਪਣਾਏ ਪਰ ਖਾੜਕੂ ਲਹਿਰ ਨੂੰ ਖਤਮ ਕਰ ਦੇਵੇ। ਕੁਝ ਕੁ ਖਾੜਕੂਆਂ ਦੇ ਟੋਲੇ ਪੁਲਸ ਕੋਲੋ ਬਚੇ ਰਹੇ। ਉਹਨਾਂ ਵਿਚ ਦਿਲਪ੍ਰੀਤ ਦਾ ਜਥਾ ਵੀ ਸੀ। ਬਚੇ ਹੋਏ ਖਾੜਕੂ ਵਿਦੇਸ਼ਾਂ ਨੂੰ ਖਿਸਕ ਜਾਂਦੇ ਹਨ। ਦਿਲਪ੍ਰੀਤ ਦੇ ਸਾਥੀ ਉਸ ਨੂੰ ਮਜ਼ਬੂਰ ਕਰਦੇ ਹਨ ਕਿ ਉਹ ਵੀ ਵਿਦੇਸ਼ ਚਲਿਆ ਜਾਵੇ, ਕਿਉਂਕਿ ਉਹ ਵਿਆਹਿਆ ਹੋਇਆ ਹੈ। ਦਿਲਪ੍ਰੀਤ ਉਧਰ ਹੀ ਸ਼ਹੀਦੀ ਪਾਉਣਾ ਚਾਹੁੰਦਾ ਹੈ।ਇਕ ਸ਼ਰਮਾ ਨਾਮ ਹਿੰਦੂ ਇਸ ਜਥੇ ਦੀ ਮੱਦਦ ਕਰਦਾ ਹੈ।ਨਾਵਲ ਆਪਣੀ ਮੰਜ਼ਲ ਵੱਲ ਵੱਧਦਾ ਕਈ ਘਟਨਾਵਾਂ ਵਿਚੋਂ ਗੁਜ਼ਰਦਾ ਹੈ।ਪਾਠਕ ਨਾਵਲ ਪੜ੍ਹਦਾ ਹੋਇਆ ਸਹਿਜ ਹੀ ਇਸ ਦਾ ਅੰਤ ਜਾਣ ਜਾਂਦਾ ਹੈ।
ਨਾਵਲ ਵਿਚ ਦੁਆਬੇ ਦੀ ਬੋਲੀ ਰਾਂਹੀ ਲਿਖੀ ਵਾਰਤਾਲਾਪ ਪਾਠਕ ਨੂੰ ਖਿਚ ਪਾਉਂਦੀ ਹੈ।ਨਾਵਲ ਵਿਚ ਆਏ ਕਿਰਦਾਰਾਂ ਦੀ ਆਪਸੀ ਗਲਬਾਤ ਖਾਸ ਕਰਕੇ ਦਿਲਚਸਪੀ ਵਾਲੀ ਹੈ। ਮੈਨੂੰ ਪੂਰੀ ਆਸ ਹੈ ਕਿ ਪਾਠਕ ਇਸ ਨੂੰ ਪਸੰਦ ਕਰਨਗੇ।