ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਹਾਈ ਕੋਰਟ ਵਿਚ ਚਲ ਰਹੇ ਦਿੱਲੀ ਦੰਗਿਆਂ ਦੇ ਕੇਸ ਵਿਚ ਅਜ ਦੰਗਿਆਂ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਦੇ ਮੁੱਖ ਸਹਿਯੋਗੀ ਕੈਪਟਨ ਭਾਗਮਲ ਅਤੇ ਸਾਬਕਾ ਐਮ ਐਲ ਏ ਮਹਿੰਦਰ ਯਾਦਵ ਵਲੋ ਕੋਰਟ ਵਿਚ ਜਮਾਨਤ ਅਤੇ ਆ ਰਹੀ ਵਿਧਾਨ ਸਭਾ ਦੀ ਚੋਣ ਲੜਨ ਲਈ ਅਪੀਲ ਪਾਈ ਸੀ । ਜਿਸ ਤੇ ਫੈਸਲਾ ਦੇਦੇਂ ਹੋਏ ਮਾਨਨੀਯ ਜੱਜ ਟੀ ਕੇ ਭਸੀਨ ਅਤੇ ਜੇ ਆਰ ਮਿੱਦਾ ਵਲੋਂ ਕੈਪਟਨ ਭਾਗਮਲ ਦੀ ਜਮਾਨਤ ਦੀ ਅਰਜੀ ਨੂੰ ਖਾਰਿਜ ਕਰਦਿਆਂ ਸਿੱਖ ਕੌਮ ਦੇ ਹਿਰਦਿਆਂ ਨੂੰ ਕੂਝ ਮਲ੍ਹੱਮ ਲਾਇਆ ਹੈ ਤੇ ਦੁਸਰੇ ਮੁੱਖ ਦੋਸ਼ੀ ਸਾਬਕਾ ਐਮ ਐਲ ਏ ਮਹਿੰਦਰ ਯਾਦਵ ਦੀ ਚੋਣ ਲੜਨ ਦੀ ਅਪੀਲ ਤੇ ਫੈਸਲਾ ਰਾਖਵਾਂ ਰਖਦੇ ਹੋਏ ਮਾਮਲੇ ਦੀ ਸੁਣਵਾਈ ਲਈ 11 ਅਕਤੂਬਰ ਦੀ ਤਰੀਕ ਮੁਕਰਰ ਕਰ ਦਿਤੀ ਹੈ ।
ਧਿਆਨ ਰਹੇ ਕਿ ਕੈਪਟਨ ਭਾਗਮਲ ਅਤੇ ਮਹਿੰਦਰ ਯਾਦਵ ਨੇ ਬੀਬੀ ਨਿਰਪ੍ਰੀਤ ਕੌਰ ਦੇ ਪਿਤਾ ਜੀ ਸ. ਨਿਰਮਲ ਸਿੰਘ ਜੀ ਅਤੇ ਜਗਸ਼ੇਰ ਸਿੰਘ ਦੇ ਭਰਾਵਾਂ ਨੂੰ ਧੋਖੇ ਨਾਲ ਘਰੋਂ ਬੁਲਾ ਕੇ ਰਸੀਆਂ ਨਾਲ ਬੰਨ ਕੇ ਅੱਗ ਲਾ ਕੇ ਜਿਉਦੇ ਜਲਾ ਦਿਤਾ ਸੀ ਉਪਰੰਤ ਮਹਿੰਦਰ ਯਾਦਵ ਨੇ ਦਿੱਲੀ ਦੇ ਕੂਝ ਗੁਰਦੁਆਰੇ ਸਾਹਿਬਾਨਾਂ ਨੂੰ ਅੱਗਾ ਵੀ ਲਾਈਆਂ ਸਨ । ਬੀਬੀ ਨਿਰਪ੍ਰੀਤ ਕੌਰ ਇਸ ਮਾਮਲੇ ਵਿਚ ਮੁੱਖ ਗਵਾਹ ਹੈ ਤੇ ਉਹ ਪੁਰੀ ਤਨਦੇਹੀ ਨਾਲ ਇਨ੍ਹਾਂ ਨੂੰ ਸਜਾ ਦਿਵਾਉਣ ਵਿਚ ਲਗੀ ਹੋਈ ਹੈ । ਦਿੱਲੀ ਦੰਗਿਆਂ ਦੇ ਕੇਸ ਵਿਚ ਕੈਪਟਨ ਭਾਗਮਲ ਨੂੰ 20 ਸਾਲ ਦੀ ਸਜਾ ਹੋਈ ਹੈ ਤੇ ਮਹਿੰਦਰ ਯਾਦਵ ਨੂੰ 3 ਸਾਲ ਦੀ । ਮਹਿੰਦਰ ਯਾਦਵ ਇਸ ਵਕਤ ਜਮਾਨਤ ਤੇ ਚਲ ਰਿਹਾ ਹੈ ਤੇ ਉਸਨੇ ਅਪਣੇ ਵਕੀਲ ਰਾਹੀ ਇਹ ਦਲੀਲ ਦਿੱਤੀ ਹੈ ਕਿ ਉਹ ਪਹਿਲਾਂ ਵੀ ਐਮ ਐਲ ਏ ਰਹਿ ਚੁਕਿਆ ਹੈ ਤੇ ਹੁਣ ਮੁੜ ਉਸ ਨੂੰ ਚੋਣ ਲੜਨ ਦੀ ਇਜਾਜਤ ਦਿੱਤੀ ਜਾਏ ।
ਜੇਕਰ ਕੋਰਟ ਵਲੋਂ ਮਹਿੰਦਰ ਯਾਦਵ ਨੂੰ ਚੋਣ ਲੜਨ ਦੀ ਇਜਾਜਤ ਮਿਲ ਜਾਂਦੀ ਹੈ ਤਦ ਸਿੱਖ ਕੌਮ ਲਈ ਇਕ ਪਾਸੇ ਖੂਹ ਅਤੇ ਦੂਜੇ ਪਾਸੇ ਸੰਮੁਦਰ ਵਾਲੀ ਗਲ ਹੋ ਜਾਏਗੀ । ਇਸ ਤੋ ਨਿਪਟਨ ਲਈ ਸਿੱਖ ਲੀਡਰ ਕਿ ਰਣਨਿਤੀ ਬਨਾਣਗੇ ਇਹ ਤੇ ਆਉਣ ਵਾਲਾ ਸਮਾਂ ਹੀ ਦਸੇਗਾ ਪਰ ਇਹ ਜੱਗ ਜਾਹਿਰ ਹੋ ਜਾਏਗਾ ਕਿ ਇਸ ਨਾਲ ਅਕਾਲੀਆਂ ਨੂੰ ਵੋਟਾਂ ਲਈ ਇਕ ਹੋਰ ਨਵਾਂ ਮੁੱਦਾ ਮਿਲ ਜਾਏਗਾ ।