ਨਵੀਂ ਦਿੱਲੀ / ਗੁੜਗਾਉਂ : ‘ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਓਲਡ ਬੁਅਇਜ਼ ਐਸੋਸੀਏਸ਼ਨ’ (ਪੇਕੋਬਾ) ਵਲੋਂ ਗੁੜਗਾਉਂ ਦੇ ਏਪਿਸੇਂਟਰ ਵਿਖੇ 25 ਸਤੰਬਰ ਨੂੰ ਆਯੋਜਿਤ ਇੱਕ ਵਿਸ਼ੇਸ਼ ਸਮਗਮ ਵਿੱਚ ਕਲਪਨਾ ਚਾਵਲਾ ਦੇ ਪਿਤਾ ਸ਼੍ਰੀ ਬੀ ਐਲ ਚਾਵਲਾ ਵਲੋਂ ਪ੍ਰਸਿੱਧ ਅਦਾਕਾਰਾ ਕਾਮਨੀ ਕੌਸ਼ਲ (86 ਵਰ੍ਹੇ) ਨੂੰ ‘ਕਲਪਨਾ ਚਾਵਲਾ ਐਕਸੀਲੈਂਸ ਐਵਾਰਡ’ ਭੇਂਟ ਕਰ ਸਨਮਾਨਤ ਕੀਤਾ ਗਿਆ। ਇਸੇ ਮੌਕੇ ਤੇ ਕਾਮਨੀ ਕੌਸ਼ਲ ਤੋਂ ਬਿਨਾ ਦਿੱਲੀ ਦੀ ਅਰਜਨ ਐਵਾਰਡੀ ਅਤੇ ਸਾਬਕਾ ਏਸ਼ੀਅਨ ਵੁਮਨ ਚੇਸ ਚੈਂਪੀਅਨ ਤਾਨੀਆ ਸਚਦੇਵ, ਜੋ ਚੇਸ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ 21 ਮੈਡਲਾਂ ਦੀ ਜੇਤੂ ਰਹੀ, ਸਿਕਸ਼ੰਤਰ ਸਕੂਲ ਗੁੜਗਾਉਂ ਦੇ ਡਾਇਰੈਕਟਰ, ਪ੍ਰਮੁਖ ਸਿਖਿਆ ਸ਼ਾਸਤ੍ਰੀ ਮਿਨੋਟੀ ਬਾਹਰੀ ਅਤੇ ਦਿੱਲੀ ਦੇ ਯੁਵਾ ਕਥਕ ਡਾਂਸਰ ਵਿਧਾ ਲਾਲ, ਜਿਸਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਕਥਕ ਸਪਿਨਸ (103) ਕਰ ਵਿਸ਼ਵ ਰਿਕਾਰਡ ਕਾਇਮ ਕਰ ਗਿਨੀਜ਼ ਬੁਕ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ, ਨੂੰ ਵੀ ‘ਕਲਪਨਾ ਚਾਵਲਾ ਐਕਸੀਲੈਂਸ ਐਵਾਰਡ’ ਭੇਂਟ ਕਰ ਸਨਮਾਨਤ ਕੀਤਾ ਗਿਆ।
ਕਾਮਨੀ ਕੌਸ਼ਲ (86 ਵਰ੍ਹੇ), ਚੇਤਨ ਅਨੰਦ ਦੀ ਫਿਲਮ ‘ਨੀਚਾ ਘਰ’ (1946) ਵਿੱਚ ਨਾਇਕਾ ਦੀ ਭੂਮਿਕਾ ਨਿਭਾਣ ਤੋਂ ਲੈ ਕੇ, ਬੀਤੇ 67 ਵਰ੍ਹਿਆਂ ਤੋਂ ਲਗਾਤਾਰ ਫਿਲਮਾਂ ਵਿੱਚ ਕੰਮ ਕਰਦੀ ਚਲੀ ਆ ਰਹੀ ਹੈ। ਹਾਲ ਵਿੱਚ ਹੀ ਰਲੀਜ਼ ਹੋਈ ਫਿਲਮ ‘ਚੇਨਈ ਐਕਸਪ੍ਰੈਸ’ ਵਿੱਚ ਉਸਨੇ ਸ਼ਾਹਰੁਖ ਦੀ ਦਾਦੀ ਦੀ ਭੂਮਿਕਾ ਨਿਭਾਈ ਹੈ। ਲਗਭਗ 100 ਫਿਲਮਾਂ ਵਿੱਚ ਕੰਮ ਕਰ ਚੁਕਣ ਤੋਂ ਬਾਅਦ ਵੀ ਉਹ ਫਿਲਮਾਂ ਵਿੱਚ ਕੰਮ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ।
ਇਸੇ ਮੌਕੇ ਤੇ ਕਾਮਨੀ ਕੌਸ਼ਲ ਨੇ ਅੰਮ੍ਰਿਤਸਰ ਦੇ ਪੀ. ਈ. ਸੀ. ਇੰਜੀਨੀਅਰ ਅਵਿਨਾਸ਼ ਮਹਿੰਦਰੂ, ਐਮਟੀਐਨਐਲ ਦੇ ਸਾਬਕਾ ਸੀਐਮਡੀ ਬੀ ਐਮ ਖੰਨਾ, ਰੋਲਿੰਗ ਸਟਾਕ, ਦਿੱਲੀ ਮੈਟਰੋ ਦੇ ਡਾਇਰੈਕਟਰ ਹਰਜੀਤ ਸਿੰਘ ਅਨੰਦ ਅਤੇ ਦਿੱਲੀ ਇਲੈਕਟ੍ਰਿਸਿੱਟੀ ਕਮਸ਼ਿਨ ਦੇ ਬਾਨੀ ਚੇਅਰਮੈਨ ਵੀ ਕੇ ਸੂਦ ਨੂੰ ‘ਪੇਕੋਬਾ ਐਵਾਰਡ’ ਭੇਂਟ ਕਰ ਸਨਮਾਨਤ ਕੀਤਾ। ਇਨ੍ਹਾਂ ਤੋਂ ਬਿਨਾਂ ਮਿਉਜ਼ਿਕ ਕੰਪੋਜ਼ਰ ਲਵਲੀ ਸ਼ਰਮਾ, ਗਾਇਕਾ / ਸੰਚਾਲਿਕਾ ਸੀਮਾ ਵਰਮਾ, ਆਡਿਉਗ੍ਰਾਫਰ ਸੰਤੋਸ਼ ਸ਼ਰਮਾ ਅਤੇ ਆਰਗੇਨਾਈਜ਼ਰ ਰਾਕੇਸ਼ ਕੁਮਾਰ ਨੂੰ ਕਾਮਨੀ ਕੌਸ਼ਲ ਵਲੋਂ ‘ਸਖਾ ਐਵਾਰਡ’ ਦੇ ਕੇ ਸਨਮਾਨਤ ਕੀਤਾ ਗਿਆ।
ਪੇਕੋਬਾ ਦੇ ਜਨਰਲ ਸਕਤੱਰ ਅਤੇ ਸਖਾ ਦੇ ਚੇਅਰਮੈਨ ਸ਼੍ਰੀ ਅਮਰਜੀਤ ਸਿੰਘ ਕੋਹਲੀ ਨੇ ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਦਸਿਆ ਕਿ ਕਲਪਨਾ ਚਾਵਲਾ ਦੀ ਮੌਤ ਦੇ ਤੁਰੰਤ ਬਾਅਦ ਪੇਕੋਬਾ ਵਲੋਂ 9 ਫਰਵਰੀ 2003 ਨੂੰ ਨਵੀਂ ਦਿੱਲੀ ਵਿੱਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਸਮਾਗਮ ਲਈ ਉਸ ਸਮੇਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਸ਼੍ਰੀਮਤੀ ਸੋਨੀਆ ਗਾਂਧੀ ਵਲੋਂ ਹੇਠ ਲਿਖਿਆ ਸੁਨੇਹਾ ਭੇਜਆ ਗਿਆ ਸੀ :
‘ਅੱਜ ਅਸੀਂ ਉਸ ਮਹਾਨ ਯੁਵਾ ਭਾਰਤੀ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ, ਜਿਸਨੇ ਆਪਣੇ ਛੋਟੇ ਜਿਹੇ ਸਮੁਚੇ ਜੀਵਨ ਨੂੰ ਸਾਡਾ ਜੀਵਨ ਰੁਸ਼ਨਾਉਣ ਅਤੇ ਭਾਰਤ ਦਾ ਸਨਮਾਨ ਅਤੇ ਗੌਰਵ ਵਧਾਣ ਲਈ ਸਮਰਪਿਤ ਕਰੀ ਰਖਿਆ।…ਉਹ ਇੱਕ ਅਦੁਤੀ ਸ਼ਖਸੀਅਤ ਸੀ, ਜੋ ਆਪਣੀਆਂ ਉਚ ਅਭਿਲਾਸ਼ਾਵਾਂ ਦੇ ਸਮਾਨ ਅਦੁਤੀ ਪ੍ਰਾਪਤੀਆਂ ਲਈ ਦ੍ਰਿੜ੍ਹਤਾ ਨਾਲ ਸਮਰਪਿਤ ਰਹੀ। ਉਸਦਾ ਰੋਸ਼ਨ ਕੈਰੀਅਰ ਧਰੂ ਤਾਰੇ ਵਾਂਗ ਸੀ। ਉਸਨੇ ਆਪਣੇ ਜੀਵਨ ਵਿੱਚਲੀਆਂ ਸਮੁਚੀਆਂ ਅਦੁਤੀ ਪ੍ਰਾਪਤੀਆਂ ਆਪਣੀ ਲਗਨ ਅਤੇ ਮਿਹਨਤ ਨਾਲ, ਬਿਨਾਂ ਕਿਸੇ ਸਿਫਾਰਿਸ਼ ਆਦਿ ਦੇ ਹਾਸਲ ਕੀਤੀਆਂ। ਉਸਨੇ ਮਾਨਵੀ ਜਾਣਕਾਰੀ ਦੀਆਂ ਸੀਮਾਵਾਂ ਦਾ ਵਿਸਥਾਰ ਕਰਨ ਲਈ ਆਪਣਾ ਜੀਵਨ ਸਮਰਪਿਤ ਕਰੀ ਰਖਿਆ। ਕਲਪਨਾ ਦਾ ਜੀਵਨ ਯੁਵਾ ਭਾਰਤੀ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ’।
(ਦਸਤਖਤ) ਸੋਨੀਆ ਗਾਂਧੀ
ਮਿਤੀ : ਫਰਵਰੀ 7, 2003
ਸ਼੍ਰੀ ਅਮਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਕਲਪਨਾ ਚਾਵਲਾ ਦੀ ਮੌਤ ਹੋਇਆਂ 10 ਵਰ੍ਹੇ ਬੀਤ ਗਏ ਹਨ। ਉਸਦੇ ਯੋਗਦਾਨ ਦਾ ਸਨਮਾਨ ਕਰਦਿਆਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਸ (ਕਲਪਨਾ ਚਾਵਲਾ) ਨੂੰ ‘ਮਰਨ ਉਪਰੰਤ ਭਾਰਤ ਰਤਨ’ ਦੇ ਕੇ ਸਨਮਾਨਤ ਕਰੇ। ਜਦਕਿ ਉਸਤੋਂ ਬਹੁਤ ਬਾਅਦ ਦੀ ਐਸਟਰੋਨਾਟ ਸੁਨੀਤਾ ਵਿਲੀਅਮ ਨੂੰ ‘ਪਦਮ ਭੂਸ਼ਨ’ ਦੇ ਕੇ ਸਨਮਾਨਤ ਕਰ ਦਿੱਤਾ ਗਿਆ ਹੋਇਆ ਹੈ।
ਸਮਾਗਮ ਦੀ ਸਮਾਪਤੀ ਕਲਚਰਲ ਸੋਸਾੲਟੀ ਸਖਾ ਵਲੋਂ ਨਿਰਮਿਤ, ਸੰਤੋਸ਼ ਸ਼ਰਮਾ ਵਲੋਂ ਵਿਜ਼ੂਅਲ ਡਿਜ਼ਾਇਨਿੰਗ, ਮਮਤਾ ਵਾਨੀ ਵਲੋਂ ਲਿਖਿਤ ਤੇ ਸੰਚਾਲਤ, ਲਵਲੀ ਸ਼ਰਮਾ ਵਲੋਂ ਆਰਕਸਟਰੇਸ਼ਨ ਅਤੇ ਸਖਾ ਦੇ ਚੇਅਰਮੈਨ ਸ਼੍ਰੀ ਅਮਰਜੀਤ ਸਿੰਘ ਕੋਹਲੀ ਨਿਰਦੇਸ਼ਤ ਅਤੇ ਨਿਰਮਤ ਅਦੁਤੀ ਸੰਗੀਤਕ ਪ੍ਰੋਗਰਾਮ ‘ਕਲਪਨਾ ਕੀ ਉੜਾਨ : ਨਾਰੀ ਕਾ ਸਨਮਾਨ’ ਰਾਹੀਂ ਸੰਗੀਤਕ ਸ਼ਰਧਾਂਜਲੀ ਪੇਸ਼ ਕਰ, ਕੀਤਾ ਗਿਆ।