ਫਤਿਹਗੜ੍ਹ ਸਾਹਿਬ-ਕਾਂਗਰਸੀ ਉਮੀਦਵਾਰ ਸੁਖਦੇਵ ਸਿੰਘ ਲਿਬੜਾ ਦੇ ਨਾਮਜਦਗੀ ਪੇਪਰ ਭਰਨ ਸਮੇਂ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਸਿ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੁਆਰਾ ਡਾ: ਮਨਮੋਹਨ ਸਿੰਘ ਨੂੰ ਸਿੱਖ ਨਾਂ ਮੰਨਣ ਦੀ ਸਖਤ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮਨਮੋਹਨ ਸਿੰਘ ਨੂੰ ਪੂਰੀ ਦੁਨੀਆ ਜਾਣਦੀ ਹੈ ਕਿ ਉਹ ਅੰਮ੍ਰਿਤਸਰ ਦੇ ਨਿਵਾਸੀ ਹਨ। ਲੋਕ ਸਭਾ ਵਿਚ ਪਹਿਲੀ ਵਾਰ ਹੋਇਆ ਕਿ ਦੇਹ ਸਿ਼ਵਾ ਵਰ ਮੋਹਿ ਦੀ ਸੌਂਹ ਚੁਕ ਕੇ ਕੁਰਸੀ ਸੰਭਾਲੀ ਹੈ। ਕੈਪਟਨ ਨੇ ਸੁਖਦੇਵ ਸਿੰਘ ਵਲੋਂ ਪਰਮਾਣੂੰ ਮੁਦੇ ਤੇ ਡਾ: ਮਨਮੋਹਨ ਸਿੰਘ ਦੀ ਹਮਾਇਤ ਕਰਨ ਲਈ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਮੱਕੜ ਬਾਰੇ ਉਨ੍ਹਾਂ ਨੇ ਕਿਹਾ ਕਿ ਮੱਕੜ ਆਪਣੀ ਕੁਰਸੀ ਬਚਾਉਣ ਲਈ ਬਾਦਲ ਪਰੀਵਾਰ ਦੀ ਕਠਪੁਤਲੀ ਬਣਨ ਲਈ ਮਜ਼ਬੂਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਦਲ ਟੋਲੀ ਦੇ ਮੁਖੀ ਸੁਖਬੀਰ ਨੇ ਵੀ ਪਰਮਾਣੂੰ ਬਿਜਲੀ ਕੇਂਦਰ ਦੀ ਗੱਲ ਕੀਤੀ ਸੀ ਪਰ ਬਾਅਦ ਵਿਚ ਆਪਣੀ ਗਦੀ ਬਚਾਉਣ ਲਈ ਭਾਜਪਾ ਦੇ ਇਸ਼ਾਰੇ ਤੇ ਪਰਮਾਣੂੰ ਕਰਾਰ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਜਦੋਂ ਕਿ ਸੁਖਦੇਵ ਸਿੰਘ ਲਿਬੜਾ ਨੇ ਦੇਸ਼ ਪ੍ਰਤੀ ਆਪਣੀ ਵਫਾਦਾਰੀ ਸੌਂਪਦੇ ਹੋਏ ਡਾ: ਮਨਮੋਹਨ ਸਿੰਘ ਨੂੰ ਆਪਣਾ ਸਮਰਥਨ ਦਿਤਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਦੀ ਭਾਰੀ ਜਿਤ ਦੇ ਨਾਲ ਦੋ ਹਫਤਿਆਂ ਵਿਚ ਹੀ ਪੰਜਾਬ ਸਰਕਾਰ ਦਾ ਭੋਗ ਪੈ ਜਾਵੇਗਾ। ਕੁਰਬਾਨੀਆਂ ਦੇ ਇਤਿਹਾਸ ਵਾਲੀ ਸੰਸਥਾ ਸ਼ਰੋਮਣੀ ਅਕਾਲੀ ਦਲ ਹੁਣ ਖੁਦਗਰਜ਼ਾਂ ਦੀ ਜਮਾਤ ਬਣ ਕੇ ਰਹਿ ਗਈ ਹੈ। ਜਿਸ ਕਰਕੇ ਟਕਸਾਲੀ ਅਕਾਲੀ ਨੇਤਾ ਇਸ ਨੂੰ ਛਡ ਰਹੇ ਹਨ। ਉਨ੍ਹਾਂ ਨੇ ਪੰਜਾਬ ਵਿਚਲੇ ਮੌਜੂਦਾ ਰਾਜ ਨੂੰ ਹਿਟਲਰ ਦਾ ਰਾਜ ਕਰਾਰ ਦਿਤਾ। ਇਸ ਸਮੇਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਰਮਾਣੂੰ ਮੁਦੇ ਤੇ ਅਕਾਲੀਆਂ ਵਲੋਂ ਡਾ: ਮਨਮੋਹਨ ਸਿੰਘ ਦਾ ਵਿਰੋਧ ਕਰਨ ਨੂੰ ਇਤਿਹਾਸ ਦਾ ਕਾਲਾ ਦਿਨ ਕਹਿ ਕੇ ਸੰਬੋਧਨ ਕੀਤਾ। ਇਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਲਾਲ ਸਿੰਘ ਅਤੇ ਹੋਰ ਭਾਰੀ ਗਿਣਤੀ ਵਿਚ ਕਾਂਗਰਸੀ ਵਾਕਰ ਹਾਜਿ਼ਰ ਸਨ।