ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੋਦੀ ਨੇ ਭਾਜਪਾ ਦੀ ਦਿੱਲੀ ਰੈਲੀ ਦੌਰਾਨ ਦੇਸ ਦੇ ਅਰਥ ਸ਼ਾਸ਼ਤਰੀ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਦੀ ਪਗੜ੍ਹੀ ਉਛਾਲ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰ ਸਕਦੇ ਅਤੇ ਮੋਦੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਹੀ ਪਵੇਗਾ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਪਗੜ੍ਹੀ ਸਿੱਖਾਂ ਦਾ ਧਾਰਿਮਕ ਤੇ ਸਤਿਕਾਰਤ ਚਿੰਨ੍ਹ ਹੈ ਅਤੇ ਦੁਨੀਆ ਭਰ ਵਿੱਚ ਜਿਥੇ ਵੀ ਪਗੜ੍ਹੀ ਸਬੰਧੀ ਕੋਈ ਮਾਮਲਾ ਉ¤ਠਦਾ ਹੈ ਉਸ ਨੂੰ ਸਿੱਖ ਕੌਮ ਇੱਕਮੁੱਠ ਹੋ ਕੇ ਹੱਲ ਕਰਦੀ ਹੈ। ਉਹਨਾਂ ਕਿਹਾ ਕਿ ਬੀਤੇ ਕਲ੍ਹ ਦਿੱਲੀ ਵਿੱਚ ਭਾਜਪਾ ਦੀ ਰੈਲੀ ਵਿੱਚ ਮੋਦੀ ਨੇ ਡਾਂ ਮਨਮੋਹਨ ਸਿੰਘ ਦੀ ਪਗੜ੍ਹੀ ਉਛਾਲ ਕੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰ ਸਕਦੇ। ਉਹਨਾਂ ਕਿਹਾ ਕਿ ਮੋਦੀ ਨੇ ਆਪਣੇ ਪੂਰੇ ਭਾਸ਼ਨ ਵਿੱਚ ਫਿਰਕਾਪ੍ਰਸਤ ਦੀ ਬਦਬੂ ਖਿਲਾਰੀ ਅਤੇ ਹੰਕਾਰ ਨਾਲ ਭਰੇ ਹੋਏ ਉਸ ਦੇ ਨੱਕ ਵਿੱਚੋ ਠੂੰਹੇ ਡਿੱਗਦੇ ਰਹੇ। ਕੋਈ ਸਿੱਖ ਜਾਂ ਮੁਸਲਮਾਨ ਪੂਰੀ ਰੈਲੀ ਵਿੱਚ ਨਜਰ ਨਹੀ ਆਇਆ ਸਗੋਂ ਗੁਜਰਾਤ ਤੇ ਸਿੱਖਾਂ ਨੂੰ ਉਜਾੜਨ ਦਾ ਜਿਹੜਾ ਕੁਹਾੜਾ ਮੋਦੀ ਵੱਲੋ ਸੁਪਰੀਮ ਕੋਰਟ ਵਿੱਚ ਕੇਸ ਪਾ ਕੇ ਚਲਾਇਆ ਜਾ ਰਿਹਾ ਹੈ ਸਿਰਫ ਉਸ ਦਾ ਵਿਰੋਧ ਕਰਨ ਵਾਲੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਨੌਜਵਾਨ ਮੋਦੀ ਦੇ ਖਿਲਾਫ ਰੋਸ ਮੁਜਾਹਰਾ ਕਰਨ ਵਾਲੇ ਕਾਲੀਆ ਝੰਡੀਆ ਫੜੀ ਜਰੂਰ ਨਜ਼ਰ ਆਏ ਜਿਹਨਾਂ ਦੇ ਰੋਸ ਤੋ ਡਰਦਿਆ ਪਹਿਲਾਂ ਪੁਲੀਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਰੈਲੀ ਖਤਮ ਹੋਣ ਤੋ ਬਾਅਦ ਰਿਹਾਅ ਕਰ ਦਿੱਤਾ। ਭਾਜਪਾ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਤਾਂ ਇਸ ਰੈਲੀ ਵਿੱਚੋ ਇਸ ਤਰ੍ਹਾ ਗਾਇਬ ਰਹੀ ਜਿਵੇਂ ‘ਗੱਧੇ ਦੇ ਸਿਰ ਤੋ ਸਿੰਗ ਗਾਇਬ’ ਹੁੰਦੇ ਹਨ। ਉਹਨਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਦੇਸ ਦੇ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੇ ਵਾਈਟ ਹਾਊਸ ਵਿੱਚ ਜਾ ਕੇ ਪੂਰੀ ਦੀਦਾ ਦਲੇਰੀ ਨਾਲ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਦੱਸ ਕੇ ਦੇਸ ਅੰਤਰਰਾਸ਼ਟਰੀ ਮਸਲੇ ਰੱਖੇ ਜਿਸ ਦੀ ਉਦਾਹਰਣ ਦੇਸ ਦੇ 67 ਸਾਲਾ ਇਤਿਹਾਸ ਵਿੱਚ ਕਿਧਰੇ ਨਹੀ ਮਿਲਦੀ। ਇਥੋ ਤੱਕ ਕਿ ਡਾਂ ਮਨਮੋਹਨ ਸਿੰਘ ਨੂੰ ਦੁਨੀਆ ਦਾ ਸੁਪਰ ਰਾਸ਼ਟਰਪਤੀ ਉਬਾਮਾ ਬਾਹਰ ਤੱਕ ਛੱਡਣ ਲਈ ਵੀ ਖੁਦ ਆਇਆ । ਉਹਨਾਂ ਕਿਹਾ ਕਿ ਸਿੱਖਾਂ ਨੇ ਦੇਸ ਦੀ ਅਜਾਦੀ ਵਿੱਚ ਸਭ ਤੋ ਵੱਧ ਯੋਗਦਾਨ ਪਾਇਆ ਅਤੇ ਫਿਰ, ਅਜਾਦੀ ਤੋ ਬਾਅਦ ਦੇਸ ਵਿੱਚੋਂ ਅੰਨ ਦੀ ਥੁੜ੍ਹ ਨੂੰ ਵੀ ਦੂਰ ਕਰਨ ਲਈ ਸਿੱਖਾਂ ਨੇ ਹੀ ਜੰਗਲ ਬੇਲੇ ਕੱਟ ਕੇ ਵੱਧ ਤੋਂ ਵੱਧ ਫਸਲ ਪੈਦਾ ਕਰਕੇ ਦੇਸ ਨੂੰ ਪੈਰਾਂ ਸਿਰ ਖੜ੍ਹਾ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਕਿਸੇ ਵੇਲੇ ਦੇਸ ਦਾ ਅੰਨਦਾਤਾ ਹੋਣ ਦਾ ਮਾਣ ਵੀ ਹਾਸਲ ਹੋਇਆ ਜਿਹੜਾ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਖੁਦਕਸ਼ੀਆ ਕਰਨ ਦੇ ਰਸਤੇ ਤੁਰਿਆ ਹੋਇਆ ਹੈ। ਸਿੱਖਾਂ ਦੀ ਮਿਹਨਤ ਮੁਸ਼ੱਕਤ ਨੂੰ ਵੇਖ ਕੇ ਹੀ ਮਰਹੂਮ ਪਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਗੁਜਰਾਤ ਦੀ ਬੰਜਰ ਧਰਤੀ ਨੂੰ ਅਬਾਦ ਕਰਨ ਲਈ ਸਿੱਖਾਂ ਨੂੰ ਗੁਜਰਾਤ ਵਿੱਚ ਵਸਾਇਆ ਸੀ ਜਿਹਨਾਂ ਨੂੰ ਮੋਦੀ ਵੱਲੋ ਉਜਾੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਇਹ ਭਲੀਭਾਂਤ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਸ ਦੇਸ ਦੇ ਸੰਵਿਧਾਨ ਨੂੰ ਧਰਮ ਗ੍ਰੰਥ ਦੱਸ ਕੇ ਉਹਨਾਂ ਨੇ ਬੀਤੇ ਕਲ੍ਹ ਉਦਾਹਰਣ ਦੇ ਕੇ ਆਪਣਾ ਭਾਸ਼ਨ ਸ਼ੁਰੂ ਕੀਤਾ ਉਸੇ ਸੰਵਿਧਾਨ ਅਨੁਸਾਰ ਹੀ ਹਰੇਕ ਨਾਗਰਿਕ ਨੂੰ ਦੇਸ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਤੇ ਆਪਣਾ ਕਾਰੋਬਾਰ ਕਰਮ ਦਾ ਪੂਰਾ ਪੂਰਾ ਅਧਿਕਾਰ ਹੈ ਪਰ ਮੋਦੀ ਉਸੇ ਸੰਵਿਧਾਨ ਦੀ ਹੀ ਉਲੰਘਣਾ ਕਰਕੇ ਸਿੱਖਾਂ ਨੂੰ ਗੁਜਰਾਤ ਵਿੱਚੋਂ ਉਜਾੜਨ ਦੇ ਮਨਸੂਬੇ ਘੜ ਰਿਹਾ ਹੈ।
ਉਹਨਾਂ ਮੋਦੀ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਮੋਦੀ ਸਰਕਾਰ ਦੀ ਨੀਤੀਆ ਸਬੰਧੀ ਤਾਂ ਕੋਈ ਵੀ ਦੂਸ਼ਣਬਾਜੀ ਕਰੇ ਤਾਂ ਸਾਨੂੰ ਕੋਈ ਇਤਰਾਜ ਨਹੀ ਪਰ ਡਾਂ ਮਨਮੋਹਨ ਸਿੰਘ ‘ਤੇ ਟਿੱਪਣੀ ਕਰਨ ਲੱਗਿਆ ਮੋਦੀ ਨੂੰ ਸੂਝ ਬੂਝ ਤੋ ਕੰਮ ਲੈਣਾ ਚਾਹੀਦੀ ਹੈ ਅਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾ ਨੂੰ ਨਿਸ਼ਾਨਾ ਨਹੀ ਬਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਮੋਦੀ ਨੇ ਪਗੜ੍ਹੀ ਦੀ ਗੱਲ ਕਰਕੇ ਜਿਹੜੀ ਗਲਤੀ ਕੀਤੀ ਹੈ ਉਸ ਦਾ ਖਮਿਆਜਾ ਤਾਂ ਮੋਦੀ ਨੂੰ ਭੂਗਤਣਾ ਹੀ ਪਵੇਗਾ। ਉਹਨਾਂ ਦੇਸ ਵਾਸੀਆ ਨੂੰ ਸੁਚੇਤ ਕਰਦਿਆ ਕਿਹਾ ਕਿ ਭਾਰਤ ਵੱਖ ਵੱਖ ਧਰਮਾਂ,ਜਾਤਾ, ਫਿਰਕਿਆ, ਕਬੀਲਿਆ ਦਾ ਦੇਸ ਹੈ ਅਤੇ ਇਹਨਾਂ ਸਭ ਨੂੰ ਮਿਲਾ ਕੇ ਹੀ ਦੇਸ ਦੀ ਏਕਤਾ ਤੇ ਅਖੰਡਤਾ ਦਾ ਗੁਲਦਸਤਾ ਬਣਦਾ ਹੈ ਪਰ ਮੋਦੀ ਦੀਆ ਨੀਤੀਆ ਤਾਂ ਇਸ ਗੁਲਦਸਤੇ ਨੂੰ ਖੇਰੂੰ ਖੇਰੂੰ ਕਰਕੇ ਦੇਸ ਨੂੰ ਟੋਟੇ ਟੋਟੇ ਕਰਨ ਵਾਲੀਆ ਹਨ ਜਿਹਨਾਂ ਨੂੰ ਨੇਸਤੋਨਬੂਦ ਕਰਨ ਲਈ ਸਮੁੱਚੇ ਦੇਸ ਵਾਸੀਆ ਨੂੰ ਇੱਕ ਜੁੱਟ ਹੋਣਾ ਪਵੇਗਾ।