ਨਵੀਂ ਦਿੱਲੀ :-ਵਿਦੇਸ਼ਾਂ ਵਿਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਦੇਸ਼ਾ ਦੇ ਗੁਰੂਧਾਮਾਂ ਵਿਚ ਲੋੜ ਪੈਣ ਤੇ ਗ੍ਰੰਥੀ, ਰਾਗੀ, ਪ੍ਰਚਾਰਕ ਅਤੇ ਮਾਲੀ ਸਹਾਇਤਾ ਦੇਣ ਦੀ ਘੋਸ਼ਣਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਤੇ ਦੀਨੀ ਆਪਣੀ ਦੁਬਈ ਅਤੇ ਇੰਗਲੈਂਡ ਫੇਰੀ ਦੌਰਾਨ ਕੀਤੀ ਗਈ ਸੀ ਤੇ ਇਸ ਕੜੀ ਵਿਚ ਅੱਜ ਦਿੱਲੀ ਕਮੇਟੀ ਵਲੋਂ ਇੰਗਲੈਂਡ ਦੇ 3 ਅਤੇ ਦੁਬਈ ਦੇ ਇਕ ਗੁਰਦੁਆਰਾ ਸਾਹਿਬ ਵਾਸਤੇ ਲਗਭਗ 18 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਦੀ ਸੰਗਤ ਦਾ ਦਸਵੰਧ ਨਾ ਸਿਰਫ ਦਿੱਲੀ ਵਿਚਲੇ ਕਮੇਟੀ ਵਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ ਕਾਰਜਾਂ ਵਿਚ ਵਰਤਿਆ ਜਾ ਰਿਹਾ ਹੈ ਸਗੋਂ ਉਸ ਦੇ ਨਾਲ ਹੀ ਵਿਦੇਸ਼ਾਂ ਵਿਚ ਬਣੇ ਗੁਰੂਧਾਮਾਂ ਨੂੰ ਜੋ ਕਿ ਆਰਥਿਕ ਪੱਖੋਂ ਆਪਣੇ ਰੋਜ਼ ਮਰਾ ਦੇ ਖਰਚਿਆਂ ਨੂੰ ਚਲਾਉਣ ਲਈ ਵੱਡੀ ਜੱਦੋ-ਜਹਿਦ ਕਰ ਰਹੇ ਨੇ, ਨੂੰ ਵੀ ਕਮੇਟੀ ਵਲੋਂ ਮਾਲੀ ਮਦਦ ਦੇ ਕੇ ਗੁਰੂ ਸਾਹਿਬ ਦੇ ਸਿਧਾਂਤਾ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਕੀਤਾ ਗਿਆ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਧਰਤੀ ਤੇ ਬਣੇ ਗੁਰੂਧਾਮ ਬੈਂਕਾ ਤੋਂ ਕਰਜਾ ਲੈ ਕੇ ਉਸਾਰੇ ਗਏ ਹਨ ਜਿਸ ਕਰਕੇ ਕਈ ਗੁਰੂਧਾਮਾਂ ਵਿਚ ਸੰਗਤਾਂ ਦੀ ਆਮਦ ਘੱਟ ਹੋਣ ਕਰਕੇ ਗੁਰੂਧਾਮਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਸੀ ਬੜੇ ਸੋਚ ਵਿਚਾਰ ਤੋ ਬਾਅਦ ਇੰਗਲੈਂਡ ਵਿਚਲੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਨੇਸਨਡ ਕੈਂਟ ਨੂੰ 5100 ਪੌਂਡ, ਗੁਰਦੁਆਰਾ ਗੁਰੂ ਨਾਨਕ ਦਰਬਾਰ ਏਕਤਾ ਸੋਸਾਇਟੀ ਹੋਨੋਲੋਕ ਰੋੜ ਲੰਦਨ 3100 ਪੌਂਡ, ਗੁਰਦੁਆਰਾ ਗਲਾਸਗੋ (ਨਿਰਮਾਣ ਅਧੀਨ) ਸਕਾਟਲੈਂਡ 3100 ਪੌਂਡ ਅਤੇ ਗੁਰਦੁਆਰ ਗੁਰੂ ਨਾਨਕ ਦਰਬਾਰ ਦੁਬਈ ਨੂੰ 11,000 ਅਮੇਰਿਕਨ ਡਾਲਰ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ।