ਨਵੀਂ ਦਿੱਲੀ- ਦੇਸ਼ ਵਿੱਚ 2014 ਵਿੱਚ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦਾ ਬਿਗਲ ਵਜ ਗਿਆ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਪੰਜ ਰਾਜਾਂ : ਮੱਧਪ੍ਰਦੇਸ਼, ਰਾਜਸਥਾਨ, ਦਿੱਲੀ, ਛਤੀਸਗੜ੍ਹ ਅਤੇ ਮਿਜੋਰਾਮ ਵਿੱਚ ਹੋਣ ਵਾਲੀਆਂ ਵਿਧਾਨ ਸੱਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਛਤੀਸਗੜ੍ਹ ਵਿੱਚ ਸੱਭ ਤੋਂ ਪਹਿਲਾਂ ਦੋ ਪੜਾਵਾਂ ਵਿੱਚ 11 ਅਤੇ 19 ਨਵੰਬਰ ਨੂੰ ਵੋਟਾਂ ਪੈਣਗੀਆਂ। ਮੱਧ ਪ੍ਰਦੇਸ਼ ਵਿੱਚ 25 ਨਵੰਬਰ ਅਤੇ ਰਾਜਸਥਾਨ ਵਿੱਚ 1 ਦਸੰਬਰ ਨੂੰ ਵੋਟਾਂ ਪੈਣਗੀਆਂ। ਸੱਭ ਤੋਂ ਆਖਿਰ ਵਿੱਚ ਦਿੱਲੀ ਅਤੇ ਮਿਜ਼ੋਰਾਮ ਵਿੱਚ 4 ਦਸੰਬਰ ਨੂੰ ਮੱਤਦਾਨ ਹੋਵੇਗਾ। ਦਸੰਬਰ 8 ਨੂੰ ਸੱਭ ਨਤੀਜੇ ਆ ਜਾਣਗੇ। ਮੁੱਖ ਚੋਣ ਕਮਿਸ਼ਨਰ ਵੀਐਸ ਸੰਪਤ ਨੇ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕੀਤਾ।
ਚੋਣ ਕਮਿਸ਼ਨਰ ਸੰਪਤ ਨੇ ਚੋਣਾਂ ਦਾ ਬਿਊਰਾ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਪੰਜ ਰਾਜਾਂ ਵਿੱਚ ਵਿਧਾਨ ਸੱਭਾ ਦੀਆਂ ਕੁਲ 630 ਸੀਟਾਂ ਤੇ 11 ਕਰੋੜ ਵੋਟਰ 1,30,000 ਮੱਤਦਾਨ ਕੇਂਦਰਾਂ ਤੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਗੇ। ਸਾਰੇ ਸਥਾਨਾਂ ਤੇ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦੁਆਰਾ ਵੋਟਿੰਗ ਹੋਵੇਗੀ। ਚੋਣ ਆਯੋਗ ਨੇ ਇਹ ਵੀ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ‘ਇਨ੍ਹਾਂ ‘ਚੋਂ ਕੋਈ ਨਹੀਂ’ ਦਾ ਵਿਕਲਪ ਵੀ ਹੋਵੇਗਾ। ਇਸ ਦੇ ਲਈ ਈਵੀਐਮ ਮਸ਼ੀਨਾਂ ਵਿੱਚ ਉਮੀਦਵਾਰਾਂ ਦੀ ਸੂਚੀ ਵਿੱਚ ਸੱਭ ਤੋਂ ਅੰਤ ਵਿੱਚ ‘ਇਨ੍ਹਾਂ ‘ਚੋਂ ਕੋਈ ਨਹੀਂ’ ਦਾ ਬਟਨ ਲਗਾ ਹੋਵੇਗਾ, ਜੋ ਵੋਟਰ ਸੂਚੀ ਵਿੱਚ ਦਰਜ ਉਮੀਦਵਾਰਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਵੋਟ ਨਹੀਂ ਦੇਣਾ ਚਾਹੁੰਦੇ ਤਾਂ ਉਹ ਇਹ ਬਟਨ ਦਬਾ ਸਕਦੇ ਹਨ।