ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ ): ਸੁਪਰੀਮ ਕੋਰਟ ਵਿਚ ਚਲ ਰਹੇ ਨਵੰਬਰ 1984 ਸੁਲਤਾਨਪੁਰੀ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਅਜ ਸੱਜਣ ਕੁਮਾਰ ਵਲੋਂ ਵਕੀਲ ਮੁਕੁਲ ਰਸਤੋਗੀ ਅਤੇ ਪੀ.ਏ.ਰਾਉ ਨੇ ਪੇਸ਼ ਹੋ ਕੇ ਉਨ੍ਹਾਂ ਦੇ ਮੁਵਕਿਲਾਂ ਤੇ ਸੀ.ਬੀ.ਆਈ ਅਤੇ ਸਿੱਖ ਕਤਲੇਆਮ ਦੇ ਪੀੜਿਤਾਂ ਵਲੋਂ ਦੋਸ਼ ਆਇਦ ਕਰਦੇ ਪਤਰਾਂ ਨੂੰ ਪੁਰੀ ਤਰ੍ਹਾਂ ਸਮਝਣ ਅਤੇ ਪੜਤਾਲ ਕਰਨ ਲਈ ਹੋਰ ਸਮਾਂ ਮੰਗਿਆ ਜਿਸ ਨੂੰ ਜੱਜ ਸਾਹਿਬ ਵਲੋਂ ਪ੍ਰਵਾਨ ਕਰਦੇ ਹੋਏ ਮਾਮਲੇ ਦੀ ਅਗਲੀ ਤਰੀਕ ਰੱਖ ਦਿੱਤੀ । ਸਜੱਨ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਤੇ 6 ਸਿੱਖਾਂ ਦੇ ਕੱਤਲ, ਦੰਗਾ ਭੜਕਾਉਣ ਅਤੇ ਸਿੱਖਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਚਲ ਰਿਹਾ ਹੈ । ਸੀਬੀਆਈ ਵਲੋਂ ਵਕੀਲ ਬੀਬੀ ਤਰਨੁੰਮ ਚੀਮਾ, ਸਿੱਖ ਪੀੜਿਤਾਂ ਵਲੋਂ ਸ. ਐਚ ਐਸ ਫੁਲਕਾ ਤੇ ਉਨ੍ਹਾਂ ਦੇ ਅਸਿਸਟੇਂਟ ਜਗਜੀਤ ਸਿੰਘ ਛਾਬਰਾ ਅਤੇ ਵਿਕਟਿਮ ਫਾਰ ਜਸਟਿਸ ਦੀ ਚੇਅਰਪਰਸਨ’ਤੇ ਸਜੱਨ ਕੁਮਾਰ ਦੇ ਖਿਲਾਫ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਵੀ ਪੇਸ਼ ਹੇਏ ਸਨ। ਸ. ਫੁਲਕਾ ਨੇ ਕੋਰਟ ਨੂੰ ਕਿਹਾ ਕਿ ਹੇਠਲੀ ਅਦਾਲਤ ਵਿਚ ਚਲ ਰਹੇ ਇਕ ਮਾਮਲੇ ਵਿਚ ਦੋਸ਼ੀਆਂ ਨੂੰ ਕਿਸੇ ਕਿਸਮ ਦੀ ਸਟੇਅ ਨਹੀ ਦੇਣੀ ਚਾਹੀਦੀ ਜਿਸ ਨਾਲ ਅਦਾਲਤ ਦਾ ਫੈਸਲਾਂ ਪ੍ਰਭਾਵਿਤ ਹੋ ਸਕਦਾ ਹੈ ਜਿਸ ਨੂੰ ਪ੍ਰਵਾਨ ਕਰਦਿਆਂ ਜੱਜ ਸਾਹਿਬ ਨੇ ਕਿਹਾ ਕਿ ਕੜਕੜਡੁਮਾ ਕੋਰਟ ਵਿਚ ਜੋ ਮਾਮਲਾ ਚਲ ਰਿਹਾ ਹੈ ਉਸ ਵਿਚ ਕਿਸੇ ਕਿਸਮ ਦੀ ਸਟੇਅ ਨਹੀ ਦਿੱਤੀ ਜਾਏਗੀ ਤੇ ਕੇਸ ਦੀ ਸੁਣਵਾਈ ਕਾਨੂੰਨੀ ਨਿਯਮਾਂ ਅਨੁਸਾਰ ਹੁੰਦੀ ਰਹੇਗੀ (ਕੜਕੜਡੁਮਾ ਕੋਰਟ ਵਿਚ ਮਾਮਲੇ ਦੀ ਸੁਣਵਾਈ 7 ਅਕਤੁਬਰ ਨੂੰ ਹੈ)। ਸੁਪਰੀਮ ਕੋਰਟ ਵਿਖੇ ਮਾਮਲੇ ਦੀ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ ।
ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਕ ਵਾਰੀ ਫਿਰ ਸਿੱਖਾਂਦੇ ਹਿਰਦਿਆਂ ਨੂੰ ਲਾਂਬੂ ਲਾਉਂਦੇ ਹੋਏ ਕਾਂਗਰਸ ਨੇ ਦਿੱਲੀ ਵਿਖੇ ਵਾਪਰੇ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਬੇਟੇ ਜਗਪ੍ਰਵੇਸ਼ ਕੁਮਾਰ ਨੂੰ ਅਪਣੀ ਪਾਰਟੀ ਵਲੋਂ ਉਮੀਦਵਾਰੀ ਦੀ ਟਿਕਟ ਦੇਕੇ ਸਾਬਿਤ ਕਰ ਦਿੱਤਾ ਹੈ ਕਿ ਇਸ ਦੇਸ਼ ਵਿਚ ਸਿੱਖਾਂ ਦੀ ਕੋਈ ਵੀ ਹਮਦਰਦ ਪਾਰਟੀ ਨਹੀ ਹੈ । ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਇਕ ਪਾਸੇ ਬੀਜੇਪੀ ਸੱਜਣ ਕੁਮਾਰ ਨੂੰ ਬਚਾਉਣ ਲਈ ਅਪਣਾ ਵਕੀਲ ਦੇ ਰਹੀ ਹੈ ਤੇ ਦੁਸਰੇ ਪਾਸੇ ਸਿੱਖਾਂ ਦੇ ਕਾਤਲਾਂ ਦੇ ਬੇਟਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ । ਸਿੱਖਾਂ ਨੂੰ ਅਪਣੀ ਗਹਿਰੀ ਨੀਂਦ ਤਿਆਗ ਕੇ ਅਤੇ ਇਕਮੁੱਠ ਹੋ ਕੇ ਅਪਣੇ ਹੱਕਾਂ ਲਈ ਅਪਣੀ ਅਵਾਜ ਨੂੰ ਸੰਸਾਰ ਪੱਧਰ ਤੇ ਲੈਕੇ ਜਾਣ ਦੀ ਸਖਤ ਜਰੂਰਤ ਹੈ ਜਿਸ ਨਾਲ ਸਿੱਖਾਂ ਨਾਲ ਸਰਕਾਰਾਂ ਵਲੋਂ ਕੀਤੀਆਂ ਜਾ ਰਹੀਆਂ ਦੋਗਲੀ ਨੀਤੀਆਂ ਦਾ ਸੰਸਾਰ ਨੂੰ ਪਤਾ ਲਗ ਸਕੇ ।