ਨਵੀਂ ਦਿੱਲੀ- 2014 ਵਿੱਚ ਆ ਰਹੀਆਂ ਲੋਕ ਸੱਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਸੀ ਪਾਰਟੀਆਂ ਵੋਟਾਂ ਬਟੋਰਨ ਲਈ ਵੱਖ-ਵੱਖ ਹੱਥਕੰਡੇ ਅਪਣਾ ਰਹੀਆਂ ਹਨ। ਭਾਜਪਾ ਮੋਦੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਐਲਾਨ ਕੇ ਪੱਬਾਂ ਭਾਰ ਹੋਈ ਫਿਰਦੀ ਹੈ ਅਤੇ ਕਾਂਗਰਸ ਰਾਹੁਲ ਨੂੰ ਅਗਲੇ ਪ੍ਰਧਾਨਮੰਤਰੀ ਦੇ ਰੂਪ ਵਿੱਚ ਵੇਖ ਰਹੀ ਹੈ।ਓਧਰ ਮੁਲਾਇਮ ਸਿੰਘ ਯਾਦਵ ਦਾ ਕਹਿਣਾ ਹੈ ਕਿ ਇਸ ਵਾਰ ਪ੍ਰਧਾਨਮੰਤਰੀ ਤੀਸਰੇ ਮੋਰਚੇ ਦਾ ਹੀ ਬਣੇਗਾ। ਮੁਲਾਇਮ ਦਾ ਕਹਿਣਾ ਹੈ ਕਿ ਤੀਸਰੇ ਮੋਰਚੇ ਦਾ ਗਠਜੋੜ ਚੋਣਾਂ ਤੋਂ ਬਾਅਦ ਹੀ ਹੋਵੇਗਾ। ਉਨ੍ਹਾਂ ਅਨੁਸਾਰ ਇਸ ਵਾਰ ਗੈਰ ਕਾਂਗਰਸ ਅਤੇ ਗੈਰ ਭਾਜਪਾ ਦਲਾਂ ਦੀ ਸਰਕਾਰ ਬਣੇਗੀ।
ਸਪਾ ਮੁੱਖੀ ਮੁਲਾਇਮ ਯਾਦਵ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਤੀਸਰੇ ਮੋਰਚੇ ਦੇ ਗਠਜੋੜ ਵਿੱਚ ਹਰ ਵਾਰ ਦਿਕਤਾਂ ਆਉਂਦੀਆਂ ਹਨ।ਸੀਟਾਂ ਦੀ ਵੰਡ ਨੂੰ ਲੈ ਕੇ ਸਮਸਿਆਵਾਂ ਪੈਦਾ ਹੁੰਦੀਆਂ ਹਨ। ਹਰ ਵਾਰ ਚੋਣਾਂ ਤੋਂ ਬਾਅਦ ਹੀ ਇਹ ਗਠਜੋੜ ਸਾਹਮਣੇ ਆਂਉਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਵੇਗਾ ਅਤੇ ਪ੍ਰਧਾਨਮੰਤਰੀ ਤੀਸਰੇ ਮੋਰਚੇ ਦਾ ਹੀ ਬਣੇਗਾ।ਪ੍ਰਧਾਨਮੰਤਰੀ ਦੀ ਕੁਰਸੀ ਤੇ ਮੁਲਾਇਮ ਦੀ ਦਾਅਵੇਦਾਰੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਚੋਣਾਂ ਤੋਂ ਬਾਅਦ ਤੀਸਰਾ ਮੋਰਚਾ ਆਪਸ ਵਿੱਚ ਮਿਲ ਕੇ ਕਰੇਗਾ ਕਿ ਪ੍ਰਧਾਨਮੰਤਰੀ ਕੌਣ ਬਣੇਗਾ।ਇਸ ਸਮੇਂ ਸਮਾਜਵਾਦੀ ਪਾਰਟੀ ਦਾ ਮੁੱਖ ਮਕਸਦ ਚੋਣ ਜਿੱਤਣ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਮਜ਼ਬੂਤ ਕਰਨ ਤੇ ਹੈ।ਸਮਾਜਵਾਦੀ ਪਾਰਟੀ ਅੰਦਰਖਾਤੇ ਗੰਢਤੁੱਪ ਕਰ ਰਹੀ ਹੈ।ਮਾਕਪਾ ਦੇ ਕਰਾਤ ਅਤੇ ਭਾਕਪਾ ਦੇ ਏਬੀ ਬਰਧਨ ਨਾਲ ਇਸ ਸਬੰਧੀ ਗੱਲਬਾਤ ਹੋ ਚੁੱਕੀ ਹੈ।ਸ਼ਰਦ ਯਾਦਵ ਦਾ ਕਹਿਣਾ ਹੈ ਕਿ ਮੁਲਾਇਮ ਸਹੀ ਕਹਿ ਰਹੇ ਹਨ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਤੀਸਰਾ ਮੋਰਚਾ ਹੋਂਦ ਵਿੱਚ ਆਵੇਗਾ।ਮਾਕਪਾ ਦੇ ਸੀਤਾਰਾਮ ਯੈਂਚਰੀ ਦਾ ਵੀ ਕਹਿਣਾ ਹੈ ਕਿ ਤੀਸਰੇ ਮੋਰਚੇ ਦਾ ਗਠਜੋੜ ਲੋਕ ਸੱਭਾ ਚੋਣਾਂ ਦੇ ਨਤੀਜਿਆਂ ਤੇ ਨਿਰਭਰ ਕਰੇਗਾ। ਅਜੇ ਤਾਂ ਫਿਰਕੂ ਸ਼ਕਤੀਆਂ ਨੂੰ ਰੋਕਣ ਲਈ ਮਾਕਪਾ,ਸਪਾ,ਜਦਯੂ ਅਤੇ ਜਦ ਐਸ ਆਦਿ ਦਲਾਂ ਨਾਲ ਗੱਲਬਾਤ ਚੱਲ ਰਹੀ ਹੈ।