ਸਪਰਿੰਗਫੀਲਡ ਦੇ : ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 17 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਪ੍ਰਦਰਸ਼ਨੀ ਲਾਈ ਗਈ ਜਿਸ ਵਿਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਸਿੱਖ ਫੌਜੀਆਂ, ਡਾ. ਮਨਮੋਹਨ ਸਿੰਘ ਦੀਆਂ ਰਾਸ਼ਟਰਪਤੀ ਓਬਾਮਾ ਅਤੇ ਸਾਬਕਾ ਰਾਸ਼ਟਰਪਤੀ ਬੁਸ਼ ਨਾਲ ਤਸਵੀਰਾਂ ‘ਤੇ ਸਿੱਖ ਧਰਮ ਨਾਲ ਸਬੰਧਿਤ ਹੋਰ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ।ਸਿੱਖ ਧਰਮ ਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ । ਅਮਰੀਕਨਾਂ ਨੇ ਇਨ੍ਹਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਬਹੁਤ ਸਾਰਿਆਂ ਨੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਖ੍ਰੀਦਣ ਦੀ ਇੱਛਾ ਜਾਹਿਰ ਕੀਤੀ।ਇਸ ਮੌਕੇ ‘ਤੇ ਸਿਖ ਧਰਮ ਨਾਲ ਸਬੰਧਤ ਸਿੱਖ ਕੋਲਿਸ਼ਨ ਵਲੋਂ ‘ਦਾ ਸਿੱਖਸ’ ਸਿਰਲੇਖ ਹੇਠ ਤਿਆਰ ਕੀਤੇ ਗਏ ਇਕ ਹਜ਼ਾਰ ਦੇ ਕਰੀਬ ਪੈਂਫਲਿਟ ਵੰਡੇ ਗਏ। ਸਿੱਖ ਰਿਸਰਚ ਇਨਸਟੀਚਿਊਟ ਵਲੋਂ ਪ੍ਰਕਾਸ਼ਿਤ ਅੰਗਰੇਜ਼ੀ ਵਿਚ ਕਿਤਾਬਚਾ ‘ਸਿੱਖੀ: ਦਾ ਫ਼ੇਥ ਐਂਡ ਫ਼ਾਲੋਅਰਜ਼’ ਵੰਡਿਆ ਗਿਆ।ਸਿੱਖਾਂ ਦੀ ਪਛਾਣ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ ਲਈ ਯੂ ਐਸ ਡਿਪਾਰਟਮੈਂਟ ਆਫ਼ ਜਸਟਿਸ ਵਲੋਂ ਜਾਰੀ ਦਸਤਾਵੇਜ਼ੀ ਫ਼ਿਲਮ (ਡੌਕੂਮੈਂਟਰੀ) ‘ਔਨ ਕਾਮਨ ਗਰਾਊਂਡ’, ਜਿਸ ਨੂੰ ਸਿੱਖ ਅਮੈਰਿਕਨ ਲੀਗ਼ਲ ਡਫ਼ੈਂਸ ਐਂਡ ਐਜ਼ੂਕੇਸ਼ਨ ਫੰਡ ਨੇ ਤਿਆਰ ਕੀਤਾ ਹੈ ਉੱਥੇ ਮੌਜੂਦ ਪੁਲੀਸ ਅਧਿਕਾਰੀਆਂ ਅਤੇ ਹੋਰਨਾਂ ਨੂੰ ਵੰਡੀਆਂ ਗਈਆਂ ।ਪੰਜਾਬੀ ਸਟਾਲ ਦੇ ਬਾਹਰ ਕੇਨ ਅਤੇ ਮੇਰੀ ਦੀ ਟੀਮ ਨੇ ਵੀ ਆਪਣਾ ਸੰਗੀਤ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ।ਇਹ ਟੀਮ ਜਰਮਨ ਤੇ ਅਮਰੀਕੀ ਸੰਗੀਤ ਨੂੰ ਮਿਲਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ।
ਇਸ ਮੇਲੇ ਵਿਚ ਜਿਨ੍ਹਾਂ ਨੇ ਪੰਜਾਬੀ ਸਟਾਲ ‘ਤੇ ਵਲਟੀਅਰ ਦੀ ਸੇਵਾ ਨਿਭਾਈ ਜਾਂ ਹੋਰ ਕਿਰਿਆਵਾਂ ਵਿਚ ਭਾਗ ਲਿਆ ,ਉਨ੍ਹਾਂ ਵਿਚ ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਦਰਸ਼ਨ ਸਿੰਘ ਤੇ ਉਨ੍ਹਾਂ ਦੀ ਸੁਪਤਨੀ , ਇੰਜ. ਪਿਆਰਾ ਸਿੰਘ ਸੈਂਬੀ, ਡਾ. ਕੁਲਦੀਪ ਸਿੰਘ ਰਤਨ, ਇੰਜ. ਰਾਜਪਾਲ ਸਿੰਘ ਬਜਾਜ ਤੇ ਉਨ੍ਹਾਂ ਦੀ ਸੁਪਤਨੀ ਗੁਰਜੀਤ ਕੌਰ ਬਜਾਜ, ਸ. ਗੁਰਜਤਿੰਦਰ ਸਿੰਘ ਮਾਨ,ਇੰਜ. ਸਮੀਪ ਸਿੰਘ ਗੁਮਟਾਲਾ, ਡਾ.ਦਰਸ਼ਨ ਸਿੰਘ ਸਹਿਬੀ,ਸ਼ੇਰੇ ਪੰਜਾਬ ਸਪੋਰਟਸ ਕਲਬ ਸਿਨਸਿਨਾਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਾਵੀ,ਬੌਬੀਸਿੱਧੂ,ਮਹਾਰਾਜਾ ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ, ਪ੍ਰਮਜੀਤ ਸਿੰਘ ਤਖ਼ੜ,ਨਰਿੰਦਰ ਸਿੰਘ ਥਿੰਦ ਤੇ ਉਨ੍ਹਾਂ ਦੀ ਸੁਪਤਨੀ, ਪਾਲ ਕਨਟਰੈਕਟਰ, ਜੱਸੀ, ਸਰਬਜੀਤ ਕੌਰ, ਅਵਤਾਰ ਸਿੰਘ ਸਪਰਿੰਗਫੀਲਡ, ਰਵਜੋਤ ਕੌਰ, ਮਨਪ੍ਰੀਤ ਸਿੰਘ, ਕਰਨਵੀਰ ਸਿੰਘ,ਡਾ.ਚਰਨਜੀਤ ਸਿੰਘ ਗੁਮਟਾਲਾ ਤੇ ਉਨ੍ਹਾਂ ਦੀ ਸੁਪਤਨੀ ਚਰਨਜੀਤ ਕੌਰ ਆਦਿ ਸ਼ਾਮਲ ਸਨ।ਕਮਿਸ਼ਨਰ ਜੌਹਨ ਡੀਟ੍ਰਿਕ ਤੇ ਮੇਅਰ ਵੈਰਨ ਕੋਪਲਂੈਡ ਨੇ ਉਚੇਚੇ ਤੌਰ ‘ਤੇ ਆ ਕੇ ਸਟਾਲ ‘ਤੇ ਹਾਜਰੀ ਭਰੀ।ਮਿਸਟਰ ਕ੍ਰਿਸ ਮੂਰ ਜੋ ਕਿ ਇਸ ਪ੍ਰੋਗਰਾਮ ਦੇ ਪ੍ਰਧਾਨ ਸਨ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਜਿਥੇ ਲੋਕਾਂ ਨੇ ਜਾਪਾਨੀ, ਕੰਬੋਡੀਆ, ਚੀਨੀ, ਮੈਕਸੀਕਨ, ਅਮਰੀਕੀ ਖਾਣਿਆਂ ਦਾ ਸੁਆਦ ਮਾਣਿਆ ਉੱਥੇ ਪੰਜਾਬੀ ਖਾਣਿਆਂ ਦਾ ਲੁਤਫ ਵੀ ਉਨ੍ਹਾਂ ਨੇ ਖ਼ੂਬ ਉਠਾਇਆ।ਕੁਝ ਅਮੀਕੀਆਂ ਨਾਲ ਗਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਹ ਸਾਗ ਪਨੀਰ ਤੇ ਅੰਬ ਵਾਲੀ ਲਸੀ ਨੂੰ ਬਹੁਤ ਪਸੰਦ ਕਰਦੇ ਹਨ।ਕੁਝ ਨੇ ਚਿਕਨ ਕਰੀ ਨੂੰ ਸਭ ਤੋਂ ਵੱਧ ਪਸੰਦ ਦੱਸਿਆ।ਗ਼ਰਮ ਗ਼ਰਮ ਜਲੇਬੀਆਂ ਤੇ ਸਮੋਸੇ ਉਨ੍ਹਾਂ ਦੀ ਸਭ ਤੋਂ ਵਧ ਮਨ ਪਸੰਦ ਹਨ।ਕੁਝ ਨੇ ਤਾਂ ਇੱਥੋਂ ਤੀਕ ਕਿਹਾ ਕਿ ਉਹ ਪੰਜਾਬੀ ਖਾਣੇ ਖਾਣ ਲਈ ਉਚੇਚਾ ਇਸ ਮੇਲੇ ਵਿਚ ਆਉਂਦੇ ਹਨ ਕਿਉਂਕਿ ਸਪਰਿੰਗਲਡ ਦੇ ਆਸ ਪਾਸ ਕੋਈ ਇੰਡੀਅਨ ਰੈਸਟੋਰੈਂਟ ਨਹੀਂ ਹੈ।