ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਸੁਪਰੀਮ ਕੋਰਟ ਨੇ ਬਲੋਚ ਨੇਤਾ ਨਵਾਬ ਬੁਗਤੀ ਦੀ ਹੱਤਿਆ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ। ਕੋਰਟ ਨੇ ਉਨ੍ਹਾਂ ਨੂੰ 10-10 ਲੱਖ ਦੇ ਬਾਂਡ ਭਰਨ ਤੇ ਜਮਾਨਤ ਦੇ ਦਿੱਤੀ ਹੈ। ਮੁਸ਼ਰੱਫ ਦੇ ਵਕੀਲਾਂ ਦਾ ਕਹਿਣਾ ਹੈ ਕਿ ਜਮਾਨਤ ਮਿਲਣ ਨਾਲ ਊਨ੍ਹਾਂ ਦੀ ਨਜ਼ਰਬੰਦੀ ਵੀ ਸਮਾਪਤ ਹੋ ਜਾਵੇਗੀ।
ਬਲੋਚਿਸਤਾਨ ਦੀ ਹਾਈਕੋੲਟ ਵੱਲੋਂ ਇਸ ਕੇਸ ਵਿੱਚ ਮੁਸ਼ਰੱਫ ਦੀ ਦਰਖਾਸਤ ਰੱਦ ਕਰ ਦਿਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ। 2006 ਵਿੱਚ ਇੱਕ ਸੈਨਿਕ ਕਾਰਵਾਈ ਵਿੱਚ ਬਲੋਚ ਦੇ ਰਾਸ਼ਟਰਵਾਦੀ ਨੇਤਾ ਬੁਗਤੀ ਦੀ ਹੱਤਿਆ ਹੋਈ ਸੀ। ਉਸ ਸਮੇਂ ਮੁਸ਼ਰੱਫ ਦੇਸ਼ ਦੇ ਰਾਸ਼ਟਰਪਤੀ ਸਨ। ਇਸ ਲਈ ਕੁਝ ਸੰਗਠਨਾਂ ਵੱਲੋਂ ਇਸ ਹੱਤਿਆ ਮਾਮਲੇ ਵਿੱਚ ਮੁਸ਼ਰੱਫ ਤੇ ਆਰੋਪ ਲਗਾਏ ਗਏ ਸਨ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਬੁਗਤੀ ਹੱਤਿਆ ਮਾਮਲੇ ਵਿੱਚ ਸਾਜਿਸ਼ ਹੋਣ ਸਬੰਧੀ ਮੁਸ਼ਰੱਫ਼ ਦੇ ਖਿਲਾਫ਼ ਕੋਈ ਸਬੂਤ ਨਹੀਂ ਹਨ।ਆਲ ਪਾਕਿਸਤਾਨ ਮੁਸਲਿਮ ਲੀਗ ਨੇ ਮੁਸ਼ਰੱਫ਼ ਨੂੰ ਜਮਾਨਤ ਮਿਲਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਸ ਤੇ ਖੁਸ਼ੀ ਜਾਹਿਰ ਕੀਤੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਇਹ ਦਾਅਵਾ ਕੀਤਾ ਕਿ ਹੁਣ ਉਨ੍ਹਾਂ ਦੀ ਨਜ਼ਰਬੰਦੀ ਵੀ ਖਤਮ ਹੋ ਜਾਵੇਗੀ। ਵਕੀਲ ਨੇ ਕਿਹਾ ਕਿ ਹੋਰ ਸੱਭ ਮਾਮਲਿਆਂ ਵਿੱਚ ਮੁਸ਼ਰੱਫ਼ ਨੂੰ ਜਮਾਨਤ ਮਿਲ ਚੁੱਕੀ ਹੈ ਅਤੇ ਸਿਰਫ਼ ਇਹੋ ਹੀ ਇੱਕ ਅਜਿਹਾ ਮਾਮਲਾ ਸੀ, ਜਿਸ ਕਾਰਨ ਉਹ ਨਜ਼ਰਬੰਦ ਸਨ।