ਲੁਧਿਆਣਾ – ਉੱਤਰੀ ਅਮਰੀਕਾ ਦੇ ਪ੍ਰਮੁੱਖ ਰੇਡੀਓ ਸ਼ੇਰੇ ਪੰਜਾਬ ਦੇ ਖ਼ਬਰਾਂ ਸੰਬੰਧੀ ਪ੍ਰੋਗਰਾਮ ਨਿਰਦੇਸ਼ਕ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਅੱਜ ਆਪਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੇਰੀ ਦੌਰਾਨ ਕਿਹਾ ਹੈ ਕਿ ਕੈਨੇਡਾ ਵਿਚ ਵਸਦੇ ਪੰਜਾਬੀ ਅੱਜ ਵੀ ਆਪਣੇ ਪਿੰਡਾਂ ਦੇ ਖੇਤੀਬਾੜੀ ਅਤੇ ਸਰਵਪੱਖੀ ਵਿਕਾਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੱਡੀਆਂ ਉਮੀਦਾਂ ਰੱਖਦੇ ਹਨ ਕਿਉਂਕਿ ਪਿਛਲੇ 47 ਸਾਲਾਂ ਦੌਰਾਨ ਇਸ ਮਹਾਨ ਸੰਸਥਾ ਨੇ ਸਿਰਫ ਖੇਤੀਬਾੜੀ ਖੋਜ ਨਾਲ ਪੰਜਾਬ ਦੇ ਪਿੰਡਾਂ ਦਾ ਹੀ ਕਾਇਆ ਕਲਪ ਨਹੀਂ ਕੀਤਾ ਸਗੋਂ ਜਵਾਨੀ ਨੂੰ ਵੀ ਨਵੇਂ ਸੁਪਨੇ ਦਿੱਤੇ ਹਨ। ਉਨ੍ਹਾਂ ਆਖਿਆ ਕਿ ਉਹ ਆਪਣੇ ਰੇਡੀਓ ਰਾਹੀਂ ਪ੍ਰਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਕਸਰ ਇਸ ਯੂਨੀਵਰਸਿਟੀ ਦੇ ਖੋਜ ਪ੍ਰੋਗਰਾਮਾਂ, ਕਿਸਾਨ ਮੇਲਿਆਂ, ਸਿਖਲਾਈਆਂ ਅਤੇ ਹੋਰ ਚੁਣੌਤੀਆਂ ਬਾਰੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਜਾਣਕਾਰੀ ਦਿੰਦੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਖ਼ਬਰਾਂ ਨੂੰ ਉਹ ਲਗਾਤਾਰ ਉਥੇ ਪੰਜਾਬੀਆਂ ਤੀਕ ਪਹੁੰਚਾਉਣ ਦਾ ਪ੍ਰਬੰਧ ਕਰਨਗੇ ਤਾਂ ਜੋ ਹਰ ਰੋਜ਼ ਤਾਜ਼ਾ ਜਾਣਕਾਰੀ ਉਥੇ ਵੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਆਖਿਆ ਕਿ ਭਾਵੇਂ ਅਮਰੀਕਾ ਕੈਨੇਡਾ ਵਿਚ ਵਸਦੇ ਪੰਜਾਬੀ ਦੇਸ਼ ਤੋਂ ਹਜ਼ਾਰਾਂ ਮੀਲਾਂ ਦੂਰ ਹਨ ਪਰ ਉਨ੍ਹਾਂ ਨੂੰ ਸੁਪਨੇ ਅਜੇ ਵੀ ਆਪਣੇ ਪਿੰਡਾਂ ਦੇ ਹੀ ਆਉਂਦੇ ਹਨ।
ਸ: ਧਾਲੀਵਾਲ ਨੇ ਅੱਜ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਡਾ: ਜਗਤਾਰ ਸਿੰਘ ਧੀਮਾਨ ਨਾਲ ਵਿਸੇਸ਼ ਮੁਲਾਕਾਤ ਦੌਰਾਨ ਆਖਿਆ ਕਿ ਖੇਤੀਬਾੜੀ ਖੋਜ ਤੋਂ ਇਲਾਵਾ ਗ੍ਰਹਿ ਵਿਗਿਆਨ ਨਾਲ ਸੰਬੰਧਿਤ ਗਿਆਨ ਅਤੇ ਖੇਤੀਬਾੜੀ ਇੰਜੀਨੀਅਰਿੰਗ ਰਾਹੀਂ ਪਿੰਡਾਂ ਦੇ ਕਾਇਆ ਕਲਪ ਦੀ ਜਾਣਕਾਰੀ ਵਧਾਉਣ ਲਈ ਉਹ ਕੈਨੇਡਾ ਵਿਚ ਵਸਦੇ ਪੰਜਾਬੀਆਂ ਨੂੰ ਪ੍ਰੇਰਨਾ ਦੇਣਗੇ ਤਾਂ ਜੋ ਉਹ ਆਪੋ ਆਪਣੇ ਪਿੰਡਾਂ ਵਿੱਚ ਖੇਤੀ ਸਾਹਿਤ ਲਾਇਬ੍ਰੇਰੀਆਂ ਦੀ ਸਥਾਪਨਾ ਕਰਵਾਉਣ। ਉਨ੍ਹਾਂ ਆਖਿਆ ਕਿ ਵਿਸ਼ਵ ਪੱਧਰ ਤੇ ਵਾਤਾਵਰਣ, ਸਿੱਖਿਆ ਅਤੇ ਸਿਹਤ ਸੰਭਾਲ ਮੁੱਢਲੀਆਂ ਜ਼ਰੂਰਤਾਂ ਹਨ ਜਿਨ੍ਹਾਂ ਬਾਰੇ ਚੇਤਨਾ ਪਸਾਰਨਾ ਸਾਡਾ ਸਭ ਦਾ ਧਰਮ ਹੋਣਾ ਚਾਹੀਦਾ ਹੈ। 21ਵੀਂ ਸਦੀ ਦੀਆਂ ਚੁਣੌਤੀਆਂ ਦੇ ਹਾਣੀ ਬਣਨ ਲਈ ਸਾਨੂੰ ਗਿਆਨ 22ਵੀਂ ਸਦੀ ਵਾਲਾ ਵਿਕਸਤ ਕਰਨਾ ਪਵੇਗਾ।
ਸੰਚਾਰ ਅਤੇ ਅੰਤਰ ਰਾਸ਼ਟਰ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ਉਹ ਇੰਟਰਨੈਟ ਰਾਹੀਂ ਤਾਜ਼ਾ ਤਰੀਨ ਗਿਆਨ ਅਤੇ ਜਾਣਕਾਰੀ ਰੇਡੀਓ ਸ਼ੇਰੇ ਪੰਜਾਬ ਨੂੰ ਮੁਹੱਈਆਂ ਕਰਵਾਉਂਦੇ ਰਹਿਣਗੇ ਤਾਂ ਜੋ ਉਥੇ ਵਸਦੇ ਪੰਜਾਬੀਆਂ ਤੀਕ ਸਾਡੀਆਂ ਪ੍ਰਾਪਤੀਆਂ, ਚੁਣੌਤੀਆਂ ਅਤੇ ਭਵਿੱਖ਼ ਦੀਆਂ ਨੀਤੀਆਂ ਪਹੁੰਚ ਸਕਣ। ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭੂਮੀ ਵਿਗਿਆਨੀ ਡਾ: ਗੁਰਦੇਵ ਸਿੰਘ ਹੀਰਾ ਤੋਂ ਇਲਾਵਾ ਚੰਗੀ ਖੇਤੀ ਦੇ ਸੰਪਾਦਕ ਗੁਰਭਜਨ ਗਿੱਲ ਅਤੇ ਡਾ: ਨਿਰਮਲ ਜੌੜਾ ਨੇ ਵੀ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਦਾ ਯੂਨੀਵਰਸਿਟੀ ਪਹੁੰਚਣ ਤੇ ਸੁਆਗਤ ਕੀਤਾ। ਪ੍ਰੋ: ਧਾਲੀਵਾਲ ਅਗਲੇ ਕੁਝ ਦਿਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੰਚਾਰ ਮਾਧਿਅਮਾਂ ਦੀ ਅੰਤਰ ਰਾਸ਼ਟਰੀ ਵਰਤੋਂ ਬਾਰੇ ਬੁੱਧੀਜੀਵੀਆਂ ਅਤੇ ਸਮਾਜ ਦੇ ਸਿਰਕੱਢ ਵਿਅਕਤੀਆਂ ਨਾਲ ਵਿਚਾਰ ਸਾਂਝ ਪਾਉਣਗੇ।