ਭੁੱਜ- ਗੁਜਰਾਤ ਦੇ ਕੱਛ ਜਿਲ੍ਹੇ ਵਿੱਚ ਭੁਜ ਸ਼ਹਿਰ ਦੇ ਨਜ਼ਦੀਕ ਲੌਰੀਆ ਪਿੰਡ ਵਿੱਚ 40 ਹੱਥਿਆਰਬੰਦ ਵਿਅਕਤੀਆਂ ਨੇ ਇੱਕ ਹੀ ਪਰੀਵਾਰ ਦੇ 4 ਸਿੱਖ ਕਿਸਾਨਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰ ਦਿੱਤਾ। ਕਿਸਾਨਾਂ ਦੀ ਸਿ਼ਕਾਇਤ ਤੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੀੜਤ ਸਿੱਖ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 5 ਦਿਨ ਪਹਿਲਾਂ ਹੀ ਪੁਲਿਸ ਕੋਲ ਇਹ ਸ਼ੱਕ ਜਾਹਿਰ ਕੀਤਾ ਸੀ ਕਿ ਉਨ੍ਹਾਂ ਤੇ ਹਮਲਾ ਹੋ ਸਕਦਾ ਹੈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਓਧਰ ਹਮਲਾਵਰ ਧੜ੍ਹਾ ਪੀੜਤ ਪਰੀਵਾਰ ਤੇ ਕੇਸ ਵਾਪਿਸ ਲੈਣ ਲਈ ਦਬਾਅ ਪਾ ਰਿਹਾ ਹੈ।ਇੱਕ ਸਿੱਖ ਕਿਸਾਨ ਦਾ ਕਹਿਣਾ ਹੈ ਕਿ ਪਿੰਡ ਵਿੱਚ 500 ਏਕੜ ਜਮੀਨ ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਗਲਤ ਢੰਗ ਨਾਲ ਆਪਣੇ ਨਾਂ ਤੇ ਰਜਿਸਟਰ ਕਰਵਾ ਲਿਆ ਸੀ। ਕਾਫੀ ਦੇਰ ਤੋਂ ਗੁਜਰਾਤ ਸਰਕਾਰ ਤੇ ਆਰੋਪ ਲਗ ਰਿਹਾ ਹੈ ਕਿ ਰਾਜ ਵਿੱਚ 1964 ਵਿੱਚ ਜੋ ਬੰਜਰ ਜਮੀਨ ਸਿੱਖ ਪ੍ਰੀਵਾਰਾਂ ਨੂੰ ਦਿੱਤੀ ਗਈ ਸੀ। ਉਨ੍ਹਾਂ ਨੇ ਬਹੁਤ ਮਿਹਨਤ ਕਰਕੇ ਉਸ ਨੂੰ ਖੇਤੀਯੋਗ ਬਣਾਇਆ ਹੈ ਤਾਂ ਹੁਣ ਉਨ੍ਹਾਂ ਤੋਂ ਗਲਤ ਹੱਥਕੰਡੇ ਵਰਤ ਕੇ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ।