ਵਾਸਿੰਗਟਨ-ਅਮਰੀਕਾ ਵਿੱਚ ਦੇਸ਼ ਨੂੰ ਡੀਫਾਲਟਰ ਹੋਣ ਤੋਂ ਬਚਾਉਣ ਲਈ ਅਤੇ ਸ਼ਟਡਾਉੂਨ ਨੂੰ ਖਤਮ ਕਰਨ ਲਈ ਸੈਨਿਟ ਵਿੱਚ ਦੋਵਾਂ ਧਿਰਾਂ ਦਰਮਿਆਨ ਇੱਕ ਸਮਝੌਤਾ ਹੋ ਗਿਆ ਹੈ। ਹਾਊਸ ਆਫ਼ ਰੀਪ੍ਰਜੈਂਟੈਟਿਵ ਨੇ ਵੀ ਬਜਟ ਤੇ ਹੋਏ ਇਸ ਸਮਝੌਤੇ ਨੂੰ ਪਾਸ ਕਰ ਦਿੱਤਾ ਹੈ। ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਬਿੱਲ ਨੂੰ ਕਾਨੂੰਨ ਦੀ ਸ਼ਕਲ ਦੇਣ ਲਈ ਉਹ ਜਲਦੀ ਤੋਂ ਜਲਦੀ ਇਸ ਉਪਰ ਦਸਤਖਤ ਕਰ ਦੇਣਗੇ।
ਸੈਨਿਟ ਵਿੱਚ 81 ਦੇ ਮੁਕਾਬਲੇ 18 ਵੋਟਾਂ ਨਾਲ ਬਿੱਲ ਪਾਸ ਹੋ ਗਿਆ ਅਤੇ ਹਾਊਸ ਆਫ਼ ਰੀਪ੍ਰਜੈਂਟੈਟਿਵ ਨੇ ਇਸ ਬਿੱਲ ਨੂੰ 285 ਦੇ ਮੁਕਾਬਲੇ 144 ਵੋਟਾਂ ਨਾਲ ਪਾਸ ਕੀਤਾ। ਸੈਨਿਟ ਵਿੱਚ ਬਹੁਮੱਤ ਦੇ ਨੇਤਾ ਹੈਰੀ ਰੀਡ ਨੇ ਸਦਨ ਵਿੱਚ ਸਹਿਮਤੀ ਦਾ ਐਲਾਨ ਕੀਤਾ। ਇਹ ਬਿੱਲ 167 ਖਰਬ ਡਾਲਰ ਦੀ ਕਰਜ਼ਾ ੳਗਰਾਹੁਣ ਦਾ ਸਮਾਂ ਸਮਾਪਤ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਹੋਇਆ ਹੈ। ਇਸ ਸਮਝੌਤੇ ਦੇ ਤਹਿਤ ਸੰਘੀ ਸਰਕਾਰ ਦੀ ਕਰਜ਼ੇ ਦੀ ਸੀਮਾਂ ਦੀ ਤਾਰੀਖ ਵੱਧ ਕੇ 7 ਫਰਵਰੀ ਹੋ ਜਾਵੇਗੀ ਅਤੇ 15 ਜਨਵਰੀ ਤੱਕ ਖਰਚ ਦੇ ਲਈ ਪੈਸੇ ਮੁਹਈਆ ਕਰਵਾਏ ਜਾਣਗੇ। ਇਸ ਨਾਲ ਅਮਰੀਕੀ ਸਰਕਾਰ ਦਾ ਕੰਮਕਾਰ ਫਿਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਕੰਮ ਤੋਂ ਵਿਹਲੇ ਹੋੲੇ ਹਜ਼ਾਰਾਂ ਕਰਮਚਾਰੀ ਵਾਪਿਸ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਣਗੇ।
ਸੈਨਿਟ ਅਤੇ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਦਾ ਇੱਕ ਪੈਨਲ ਬਣਾਇਆ ਜਾਵੇਗਾ ਜੋ ਲੰਬੇ ਸਮੇਂ ਦੇ ਬਜਟ ਸਮਝੌਤੇ ਤੇ ਕੰਮ ਕਰੇਗਾ। ਰੇਟਿੰਗ ਏਜੰਸੀ ਸਟੈਂਡਰਡ ਅਤੇ ਪੂਅਰਜ਼ ਦਾ ਕਹਿਣਾ ਹੈ ਕਿ ਇਸ ਸ਼ਟਡਾਊਨ ਨਾਲ ਅਮਰੀਕੀ ਅਰਥਵਿਵਸਥਾ ਨੂੰ 24 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਨਾਲ ਚੌਥੀ ਤਿਮਾਹੀ ਦੀ ਆਰਥਿਕ ਵਿਕਾਸ ਦਰ ਬਹੁਤ ਪ੍ਰਭਾਵਿਤ ਹੋਵੇਗੀ।