ਸ੍ਰੀ ਹਰਗੋਬਿੰਦਪੁਰ / ਬਟਾਲਾ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਯ; ਫ਼ਤਿਹ ਜੰਗ ਸਿੰਘ ਬਾਜਵਾ ਨੇ ਮੰਡੀਆਂ ਵਿੱਚ ਝੋਨੇ ਦੀ ਹੋ ਰਹੀ ਬੇਕਦਰੀ ਦਾ ਸਖ਼ਤ ਨੋਟਿਸ ਲਿਆ ਹੈ । ਉਹਨਾਂ ਝੋਨੇ ਦੀ ਖਰੀਦ ਕਰਨ ਲਈ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਝੋਨੇ ਦੀ ਘੱਟੋ ਘਟ ਤੈਅ ਕੀਮਤ ’ਤੇ ਸਰਕਾਰੀ ਖਰੀਦ ਨਾ ਹੋਣ ’ਤੇ ਸਰਕਾਰ ਨੂੰ ਜਗਾਉਣ ਲਈ ਸੜਕਾਂ ਜਾਮ ਕਰਨ ਤੋਂ ਇਲਾਵਾ ਭੁੱਖ ਹੜਤਾਲ ਨੂੰ ਅੰਜਾਮ ਦਿੱਤਾ ਜਾਵੇਗਾ।
ਸ੍ਰੀ ਹਰਗੋਬਿੰਦਪੁਰ ਦੇ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੋਰ ’ਤੇ ਰਾਜ ਸਰਕਾਰ ਵਿਰੁੱਧ ਦਿੱਤੇ ਗਏ ਇੱਕ ਜ਼ਬਰਦਸਤ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਫ਼ਤਿਹ ਬਾਜਵਾ ਨੇ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਬਾਦਲ ਸਰਕਾਰ ਨੇ ਝੋਨੇ ਦੀ ਖਰੀਦ ਨਾ ਕਰ ਕੇ ਕਿਸਾਨਾਂ ਦੀ ਲੁਟ ਨੂੰ ਖੁੱਲ ਦੇ ਰੱਖੀ ਹੈ । ਉਹਨਾਂ ਦੱਸਿਆ ਕਿ 1345 ਰੁਪੈ ਕੁਵਿੰਟਲ ਤੈਅ ਸ਼ੁਦਾ ਕੀਮਤ ਦੀ ਥਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਝੋਨੇ ਦਾ 8,-9 ਸੌ ਰੁਪੈ ਕੁਵਿੰਟਲ ਖਰੀਦ ਕੇ ਅੰਨ੍ਹੇਵਾਹ ਲੁਟ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਦੀ ਦੁਰਦਸ਼ਾ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ 10 ਫਸਲਾਂ ਦੀ ਚੁਕਾਈ ਨਿਰਵਿਘਨ ਹੁੰਦੀ ਰਹੀ ਹੈ। ਉਹਨਾਂ ਬਾਦਲ ਸਰਕਾਰ ’ਤੇ ਕਿਸਾਨਾਂ ਦਾ ਖੂਨ ਚੂਸਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨੀ ਹੁਣ ਲਾਹੇਵੰਦ ਦੀ ਥਾਂ ਘਾਟੇ ਦਾ ਸੌਦਾ ਬਣ ਚੁਕਾ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਫਸਲਾਂ ਦਾ ਸਹੀ ਮੁੱਲ ਨਾ ਦੇ ਕੇ ਕਿਸਾਨੀ ਨੂੰ ਮੰਗਤੇ ਬਣਾਉਣ ’ਤੇ ਤੁਲੀ ਹੋਈ ਹੈ। ਉਹਨਾਂ ਸਰਕਾਰ ’ਤੋਂ ਝੋਨਾ ਸਹੀ ਕੀਮਤ ’ਤੇ ਚੁੱਕਣ ਦੀ ਮੰਗ ਕੀਤੀ ਅਤੇ ਕਿਸਾਨਾਂ ਨੂੰ ਵੀ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਤਿਆਰ ਭਰ ਤਿਆਰ ਰਹਿਣ ਦਾ ਸਦਾ ਦਿੱਤਾ । ਅਕਾਲੀ ਵਿਧਾਇਕ ਦੇਸਰਾਜ ਧੁੱਗਾ ’ਤੇ ਤਮਾਸ਼ਬੀਨ ਬਣੇ ਹੋਣ ਦਾ ਦੋਸ਼ ਲਾਉਂਦਿਆਂ ਉਹਨਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਦਾ ਲੋਕ ਨੁਮਾਇੰਦਾ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰਿਆਂ ’ਤੇ ਨੱਚਣ ਵਿੱਚ ਮਸਰੂਫ਼ ਹੈ ਤੇ ਉਹਨਾਂ ਵੱਲੋਂ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਾ ਮਾਰਨ ’ਤੇ ਇਹ ਸਮਝਿਆ ਜਾਵੇਗਾ ਕਿ ਉਹ ਚੋਰਾਂ ਨਾਲ ਰਲਿਆ ਹੋਇਆ ਹੈ।
ਫ਼ਤਿਹ ਬਾਜਵਾ ਨੇ ਕਿਹਾ ਕਿ ਕਿਸਾਨ ਹੀ ਨਹੀਂ ਮੁਲਾਜ਼ਮਾਂ , ਵਪਾਰੀ ਅਤੇ ਸਨਅਤਕਾਰ ਵੀ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੁਟ ’ਤੋ ਦੁਖੀ ਹਨ । ਉਹਨਾਂ ਕਿਹਾ ਕਿ ਕੋਈ ਅਜਿਹੀ ਚੀਜ਼ ਨਹੀਂ ਜਿਸ ’ਤੇ ਸਰਕਾਰ ਨੇ ਟੈਕਸ ਨਾ ਲਗਾਇਆ ਹੋਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਮਕਾਨ ਅਤੇ ਪਲਾਟ ਫਰੀ ’ਚ ਰੈਗੂਲਰ ਕਰਨ ਕੀਤੇ ਜਾਣਗੇ। ਉਹਨਾਂ ਦਾਅਵੇ ਨਾਲ ਕਿਹਾ ਕਿਹਾ ਕਿ ਬਾਦਲ ਸਰਕਾਰ ਤੋਂ ਦੁਖੀ ਹਰ ਵਰਗ ਦੇ ਲੋਕ ਲੋਕ ਸਭਾ ਚੋਣਾਂ ਦੀ ਉਡੀਕ ਵਿੱਚ ਹਨ ਤੇ ਉਹਨਾਂ ਵੱਲੋਂ ਬਾਦਲ ਸਰਕਾਰ ਦੀ ਫੱਟੀ ਪੋਚਦਿਆਂ 13 ਦੀਆਂ 13 ਲੋਕ ਸਭਾ ਸੀਟਾਂ ਸ: ਪ੍ਰਤਾਪ ਸਿੰਘ ਬਾਜਵਾ ਦੀ ਝੋਲੀ ਪਾਉਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਜ਼ੀਆ ਵਸੂਲਣ ਵਾਲੀ ਬਾਦਲਾਂ ਦੀ ਔਰੰਗਜੇਬੀ ਸਰਕਾਰ ਨੂੰ ਚਲਦਾ ਕਰਕੇ ਕਿਸਾਨਾਂ ਮਜ਼ਦੂਰਾਂ, ਵਪਾਰੀਆਂ ਅਤੇ ਸਨਅਤਕਾਰਾਂ ਦੀ ਸਰਕਾਰ ਹੋਣ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਵਿੰਦਰ ਸਿੰਘ ਠਠੀਖਹਿਰਾ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਅਧਿਕਾਰੀ ਅਤੇ ਕੋਈ ਵੀ ਵਿਧਾਇਕ ਕਿਸਾਨਾਂ ਦਾ ਹਾਲਚਾਲ ਪਤਾ ਕਰਨ ਮੰਡੀਆਂ ਵਿੱਚ ਨਹੀਂ ਆ ਰਿਹਾ ਤੇ ਕਿਸਾਨਾਂ ਪਿਛਲੇ 15 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਨਾ 8 ਘੰਟੇ ਬਿਜਲੀ ਮਿਲੀ ਹੈ। ਉਹਨਾਂ ਦੱਸਿਆ ਕਿ ਬਾਦਲਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਲੁੱਟ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਨੇ ਬਾਦਲ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਸ ਧਰਨੇ ਨੂੰ ਕਿਸਾਨ ਆਗੂ ਸਵਿੰਦਰ ਸਿੰਘ ਠਠੀਖਹਿਰਾ , ਮਹਿੰਦਰ ਸਿੰਘ ਚੀਮਾਖੁਡੀ, ਕਾਂਗਰਸ ਆਗੂ ਬਲਵਿੰਦਰ ਸਿੰਘ ਲਾਡੀ, ਸਾਹਿਬ ਸਿੰਘ ਮੰਡ, ਭੁਪਿੰਦਰ ਪਾਲ ਸਿੰਘ ਵਿਟੀ, ਬਲਵਿੰਦਰ ਸਿੰਘ ਭਿੰਦਾ , ਸਵਾਮੀ ਪਾਲ, ਸੁਖਪ੍ਰੀਤ ਸਿੰਘ ਰਿਆੜ, ਅਵਤਾਰ ਬੋਹਜਾ, ਯਕੀਨ ਸਿੰਘ, ਕੁਲਵੰਤ ਸਿੰਘ, ਬਖਸ਼ੀਸ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।