ਨਵੀਂ ਦਿੱਲੀ- ਭਾਰਤ ਦੀ ਸਮੁੰਦਰੀ ਸੀਮਾ ਵਿੱਚ ਹੱਥਿਆਰਾਂ ਨਾਲ ਲਦੇ ਹੋਏ ਅਮਰੀਕੀ ਸਮੁੰਦਰੀ ਸ਼ਿੱਪ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਸ ਵਿੱਚ ਸਵਾਰ 35 ਕਰੂ ਮੈਂਬਰਾਂ ਨੂੰ ਭਾਰਤੀ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਿੱਪ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਹੱਥਿਆਰ ਛੁਪਾ ਕੇ ਰੱਖੇ ਹੋਏ ਸਨ।
ਅਮਰੀਕੀ ਸਿ਼ੱਪ ਵਿੱਚ ਗੈਰਕਾਨੂੰਨੀ ਢੰਗ ਨਾਲ ਗੋਲਾ ਬਾਰੂਦ ਅਤੇ ਹੱਥਿਆਰ ਲੈ ਕੇ ਜਾਣ ਦੇ ਆਰੋਪ ਵਿੱਚ ਜਹਾਜ਼ ਦੇ ਸਟਾਫ਼ ਮੈਂਬਰਾਂ ਦੇ ਖਿਲਾਫ਼ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਇਹ ਜਹਾਜ ਅਮਰੀਕਾ ਦੀ ਇੱਕ ਨਿਜ਼ੀ ਫਰਮ ਦਾ ਹੈ ਅਤੇ ਸਿਆਰਾ ਲਿਓਨ ਵਿੱਚ ਰਜਿਸਟਰਡ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਲਏ ਗਏ ਸਟਾਫ਼ ਮੈਂਬਰਾਂ ਨੂੰ ਮੋਤੀਪੁਰਮ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।ਇਸ ਅਮਰੀਕੀ ਜਹਾਜ ‘ਐਮ.ਵੀ ਸੀਮੈਨ ਗਾਰਡ ਓਹਾਇਓ’ਨੂੰ ਤਾਮਿਲਨਾਡੂ ਦੀ ਤੂਤੀਕੋਰਿਨ ਬੰਦਰਗਾਹ ਦੇ ਨਜ਼ਦੀਕ ਸੁਰੱਖਿਆ ਦਸਤਿਆਂ ਵੱਲੋਂ ਹਾਲ ਹੀ ਵਿੱਚ ਫੜਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ 35 ਮੈਂਬਰਾਂ ਵਿੱਚ ਬ੍ਰਿਟਿਸ਼, ਭਾਰਤੀ ਅਤੇ ਯੂਕਰੀਨੀ ਨਾਗਰਿਕ ਸ਼ਾਮਿਲ ਹਨ।