ਚੰਡੀਗੜ੍ਹ – “ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਸਾਂਝੇ ਤੌਰ ਤੇ ਅੱਜ ਸ਼ਹੀਦੀ ਦਿਹਾੜਾ ਮਨਾਉਦੇ ਹੋਏ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਨਮਸਤਕ ਹੋ ਰਹੀ ਹੈ, ਜਿਨ੍ਹਾਂ ਨੇ ਪੰਜਾਬ ਦੇ ਬੀਤੇ ਸਮੇਂ ਦੇ ਵਾਪਰੇ ਦੁਖਾਂਤ ਵਿਚ ਹਿੰਦ ਅਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਖੁਸ਼ ਕਰਨ ਲਈ ਮੋਹਰੀ ਹੋ ਕੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਤਰੀਕੇ ਕਾਰਵਾਈਆਂ ਕਰਕੇ ਸਿੱਖ ਨੌਜ਼ਵਾਨੀ ਦਾ ਕਤਲੇਆਮ ਕੀਤਾ । ਉਹਨਾਂ ਕਾਤਲਾਂ ਦੀਆਂ ਫੋਟੋਆ ਅਖ਼ਬਾਰਾਂ ਵਿਚ ਦੇ ਕੇ ਸ਼ਹੀਦ ਗਰਦਾਨਕੇ ਉਹਨਾਂ ਨੂੰ ਸਨਮਾਨਤ ਕਰਦੇ ਹੋਏ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਗੁਸਤਾਖੀ ਕੀਤੀ ਜਾ ਰਹੀ ਹੈ । ਅਜਿਹਾ ਕਰਕੇ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਨੂੰ ਕੁਰੇਦ ਦੇ ਹੋਏ ਸਿੱਖ ਕੌਮ ਵਿਚ ਖੁਦ ਹੀ ਰੋਹ ਦੀ ਭਾਵਨਾ ਉਤਪੰਨ ਕਰ ਰਹੀ ਹੈ । ਜਿਸ ਦੇ ਨਤੀਜੇ ਕਦੀ ਵੀ ਸਾਰਥਕ ਅਤੇ ਮਨੁੱਖਤਾ ਪੱਖੀ ਨਹੀ ਨਿਕਲ ਸਕਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ.ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋ ਅੱਜ ਦੇ ਅਖ਼ਬਾਰਾਂ ਵਿਚ ਸਿੱਖ ਕੌਮ ਦੇ ਕਾਤਲਾਂ ਨਾਲ ਫੋਟੋਆ ਪ੍ਰਕਾਸਿ਼ਤ ਕਰਕੇ ਵੱਡੀ ਇਸਤਿਹਾਰਬਾਜ਼ੀ ਕਰਨ ਦੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਹਨਾਂ ਸਿੱਖ ਨੌਜਵਾਨਾਂ ਨੂੰ ਅਦਾਲਤਾਂ ਵਿਚ ਪੇਸ਼ ਕੀਤੇ ਬਿਨ੍ਹਾਂ, ਉਹਨਾਂ ਤੋ ਆਪਣਾ ਪੱਖ ਕਾਨੂੰਨੀ ਤੌਰ ਤੇ ਰੱਖਣ ਦਾ ਜ਼ਬਰੀ ਖੋਹਕੇ ਜਾਲਮਾਨਾਂ ਢੰਗਾਂ ਰਾਹੀ ਸ਼ਹੀਦ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀਆਂ ਮਾਤਾਵਾਂ, ਭੈਣਾਂ ਅੱਜ ਵੀ ਇਨਸਾਫ਼ ਲਈ ਅਤੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੁਰਲਾਉਦੀਆਂ ਫਿਰਦੀਆਂ ਹਨ, ਉਹਨਾਂ ਨੂੰ ਇਨਸਾਫ਼ ਕਦੋ ਮਿਲੇਗਾ, ਉਹਨਾਂ ਦੇ ਜਖ਼ਮਾਂ ਨੂੰ ਮਲੱ੍ਹਮ ਕੌਣ ਲਗਾਵੇਗਾ ? ਇਹ ਪ੍ਰਸ਼ਨ ਅਸੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਜੋ ਅੱਜ ਸਿੱਖ ਕੌਮ ਦੇ ਕਾਤਲਾਂ ਨੂੰ ਸਲਾਮ ਕਰਦੇ ਦਿਖਾਏ ਗਏ ਹਨ, ਉਹਨਾਂ ਤੋ ਜਨਤਕ ਤੌਰ ਤੇ ਪੁੱਛਣਾਂ ਚਾਹਵਾਂਗੇ ਕਿ ਸਿੱਖਾਂ ਦੇ ਕਾਤਲਾਂ ਨਾਲ ਇਸਤਿਹਾਰਬਾਜੀ ਕਰਕੇ, ਉਹਨਾਂ ਨੂੰ ਉੱਚ ਅਹੁਦੇ ਅਤੇ ਤਰੱਕੀਆ ਦੇਕੇ ਉਹ ਆਪਣੇ ਨਾਅਰੇ “ਰਾਜ ਨਹੀ, ਸੇਵਾ” ਦੀ ਕਿਹੜੇ ਪੱਖੋ ਸਿੱਖ ਕੌਮ ਅਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ ?
ਉਹਨਾਂ ਕਿਹਾ ਕਿ ਅਸੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਵੀ ਪੁੱਛਣਾ ਚਾਹਵਾਂਗੇ ਕਿ ਜੋ ਅੱਜ ਦੇ ਅੰਗਰੇਜ਼ੀ ਅਖ਼ਬਾਰਾਂ ਅਤੇ ਪੰਜਾਬੀ ਅਖ਼ਬਾਰਾਂ ਵਿਚ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜੀ ਕਰਕੇ ਸਿੱਖ ਕੌਮ ਦੇ ਕਾਤਲਾਂ ਨੂੰ ਸਲਿਊਟ ਕੀਤਾ ਗਿਆ ਹੈ, ਉਸਦਾ ਖ਼ਰਚਾ ਪੰਜਾਬ ਦੇ ਖਜ਼ਾਨੇ ਵਿਚੋ ਦਿੱਤਾ ਹੈ ਜਾਂ ਕਾਤਲ ਪੁਲਿਸ ਅਫ਼ਸਰਾਂ ਨੇ ਗਲਤ ਢੰਗਾਂ ਨਾਲ ਇਕੱਤਰ ਕੀਤੇ ਗਏ ਆਪਣੇ ਭੰਡਾਰਾ ਵਿਚੋਂ ਦਿੱਤਾ ਹੈ ਜਾਂ ਖੁਦ ਸ. ਬਾਦਲ ਨੇ ਆਪਣੇ ਭੰਡਾਰਾ ਵਿਚੋ ਲਗਾਇਆ ਹੈ, ਇਸ ਦੀ ਜਾਣਕਾਰੀ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਿੱਤੀ ਜਾਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਅਵਾਮ ਅੱਜ ਦੀ ਕੀਤੀ ਗਈ ਇਸ਼ਤਿਹਾਰਬਾਜ਼ੀ ਅਤੇ ਬੀਤੇ ਸਮੇਂ ਦੇ ਪੰਜਾਬ ਪੁਲਿਸ ਅਤੇ ਸਿਆਸਤਦਾਨਾਂ ਵੱਲੋਂ ਕੀਤੇ ਗਏ ਜ਼ਬਰ-ਜੁਲਮ ਦਾ ਹਿਸਾਬ ਮੰਗਦੀ ਹੈ । ਜੋ ਕਿ ਹਰ ਕੀਮਤ ਤੇ ਲਿਆ ਜਾਵੇਗਾ ।