ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਅੱਜ ਸੂਖ਼ਮ ਕਲਾਵਾਂ ਦੇ ਮੁਕਾਬਲੇ ਨਾਲ ਆਰੰਭ ਹੋਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਕੋਲਾਜ਼ ਮੇਕਿੰਗ, ਕਾਰਟੂਨ ਮੇਕਿੰਗ ਅਤੇ ਕ੍ਰੀਏਟਿਵ ਰਾਈਟਿੰਗ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਓਪਨ ਏਅਰ ਥੀਏਟਰ ਵਿੱਚ ਮੁਕਾਬਲੇ 25 ਅਕਤੂਬਰ ਤੋਂ ਆਰੰਭ ਕੀਤੇ ਜਾਣਗੇ। 25 ਅਕਤੂਬਰ ਨੂੰ ਸੰਗੀਤ ਦੇ ਮੁਕਾਬਲੇ ਕਰਵਾਏ ਜਾਣਗੇ ਜਦ ਕਿ ਨਾਟਕਾਂ ਦੇ ਮੁਕਾਬਲੇ 26 ਅਕਤੂਬਰ ਨੂੰ ਕਰਵਾਏ ਜਾਣਗੇ।
ਯੁਵਕ ਮੇਲੇ ਦੇ ਅੰਤਿਮ ਦਿਨ 27 ਅਕਤੂਬਰ ਨੂੰ ਇਨਾਮ ਵੰਡ ਸਮਾਰੋਹ ਹੋਵੇਗਾ। ਮੇਲੇ ਦੇ ਪਹਿਲੇ ਦਿਨ ਦੁਪਹਿਰ ਪਹਿਲਾਂ ਦੇ ਸੈਸ਼ਨ ਦੀ ਪ੍ਰਧਾਨਗੀ ਡਾ: ਬਲਵਿੰਦਰ ਸਿੰਘ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕੀਤੀ ਜਦ ਕਿ ਬਾਅਦ ਦੁਪਹਿਰ ਸੈਸ਼ਨ ਦੀ ਪ੍ਰਧਾਨਗੀ ਖੇਤੀਬਾੜੀ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਕ੍ਰੀਏਟਿਵ ਰਾਈਟਿੰਗ ਮੁਕਾਬਲੇ ਵਿੱਚ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਅਮਨਦੀਪ ਵਸਿਸ਼ਟ ਨੇ ਪਹਿਲਾ ਸਥਾਨ, ਕਾਲਜ ਆਫ ਹੋਮ ਸਾਇੰਸ ਦੀ ਮਿਸ ਕ੍ਰੀਤਿਕਾ ਗੁਪਤਾ ਨੇ ਦੂਜਾ ਅਤੇ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ਼ ਦੀ ਅਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕੋਲਾਜ਼ ਮੇਕਿੰਗ ਮੁਕਾਬਲੇ ਵਿੱਚ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ਼ ਦੀ ਮਿਸ ਗੁਰਵਿੰਦਰ ਕੌਰ ਨੇ ਪਹਿਲਾ, ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਵਨੀ ਜੈਨ ਨੇ ਦੂਜਾ ਅਤੇ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ਼ ਦੀ ਮਿਸ ਸੁਮਨ ਕੁਮਾਰੀ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਰਟੂਨਿੰਗ ਮੁਕਾਬਲੇ ਵਿੱਚ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੇ ਹਰਮਨ ਸਿੰਘ ਸੰਘਾ ਨੇ ਪਹਿਲਾ, ਕਾਲਜ ਆਫ ਹੋਮ ਸਾਇੰਸ ਦੀ ਮਿਸ ਕਰਿਪਾ ਸੇਠ ਨੇ ਦੂਜਾ ਅਤੇ ਇਸੇ ਕਾਲਜ ਦੀ ਮਿਸ ਆਤਮਾ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਯੂਨੀਵਰਸਿਟੀ ਦੇ ਕਲਚਰਲ ਕੋਆਰਡੀਨੇਟਰ ਡਾ: ਜਸਵਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਪੋਸਟਰ ਮੇਕਿੰਗ, ਡਿਬੇਟ, ਕਲੇਅ ਮਾਡ¦ਿਗ, ਕਵਿਤਾ ਅਤੇ ਹਾਸਰਸ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜ ਭਾਗ ਲੈ ਰਹੇ ਹਨ ਅਤੇ ਪਹਿਲੀ ਵਾਰ ਗੁਰਦਾਸਪੁਰ ਤੋਂ ਇਸ ਯੂਨੀਵਰਸਿਟੀ ਦੇ ਸਥਾਪਤ ਕਾਲਜ ਦੀ ਟੀਮ ਵੀ ਭਾਗ ਲੈ ਰਹੀ ਹੈ।