ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਵਿੱਚ ਆਪਸੀ ਭਾਈ-ਚਾਰੇ ਦੀ ਭਾਵਨਾ ਨੂੰ ਵਧਾਉਣ ਤੇ ਮਿਲ-ਜੁਲ ਕੇ ਰਹਿਣ ਦੀ ਆਦਤ ਬਣਾਉਣ ਦੀ ਸਿਖਲਾਈ ਲਈ ਇਕ ਨਵੇਕਲੀ ਪਹਿਲ ਕਰਦਿਆਂ ਓਵਰਨਾਈਟ ਕੈਂਪ ਦਾ ਆਯੋਜਨ ਕੀਤਾ ਗਿਆ।ਬੱਚਿਆਂ ਦੇ ਦਿਨ ਦੀ ਸ਼ੁਰੂਆਤ ਨਵੀਂ ਦਿੱਲੀ ਵਿਖੇ “ਰੇਲ ਮਿਊਜ਼ੀਅਮ” ਲਿਜਾ ਕੇ ਕੀਤੀ ਗਈ। ਛੋਟੀ ਰੇਲ ਵਿੱਚ ਬੱਚਿਆਂ ਨੇ ਸ਼ਫਰ ਕਰਕੇ ਅਨੰਦ ਮਾਣਿਆ ਅਤੇ ਸਕੂਲ ਵਿਖੇ ਵਿਦਿਆਰਥੀਆਂ ਕੋਲੋਂ ਪੌਧੇ ਲਗਵਾ ਕੇ ਉਨ੍ਹਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੁਕ ਵੀ ਕੀਤਾ ਗਿਆ ਤੇ ਹਰੇਕ ਵਿਦਿਆਰਥੀ ਨੇ ਗੀਤ ਗਾ ਕੇ ਅਤੇ ਨਾਚ ਦੀ ਪੇਸ਼ਕਾਰੀ ਕਰਕੇ ਆਪਣੀ ਪ੍ਰਤਿਭਾ ਨੂੰ ਪੇਸ਼ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਇਸ ਅਨੁਭਵ ਨੂੰ ਕਦੀ ਨਾ ਭੁਲਣ ਵਾਲਾ ਯਾਦਗਾਰੀ ਲਮ੍ਹਾਂ ਦੱਸਿਆ।
ਇਸ ਕੈਂਪ ਵਿਚ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨਾਲ ਸਾਂਝ ਪਾਉਣ ਦੀ ਪ੍ਰਰੇਨਾ ਦੇਣ ਤੇ ਸਾਂਝੇ ਪਰਿਵਾਰ ਅਤੇ ਬਜ਼ੁਰਗਾਂ ਦੀ ਹੋਂਦ ਦਾ ਮਹੱਤਵ ਦੱਸਣ ਲਈ ‘ਦਾਦੀਆਂ’ ਨੂੰ ਵੀ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਨਾਂ ਪਾਸੋਂ ਬੱਚਿਆਂ ਨੂੰ ਕਹਾਣੀਆਂ ਸੁਣਵਾਈਆਂ ਗਈਆਂ। ਸਕੂਲ ਦੇ ਪੁਰਾਣੇ ਵਿਦਿਆਰਥੀ ਸ਼ਹੀਦ ਕੈਪਟਨ ਦਵਿੰਦਰ ਸਿੰਘ ਜੱਸ ਦੀ ਯਾਦਗਾਰੀ ਟ੍ਰਾਫੀ, ਸਕੂਲ ਦੇ ਵਿਦਿਆਰਥੀ ਹਰਜਪ ਸਿੰਘ ਨੂੰ ਵਰ੍ਹਾ 2012-2013 ਵਿੱਚ ਵਿਦਿਅਕ ਤੇ ਸੱਭਿਅਕ ਖੇਤਰ ਵਿੱਚ ਅੱਵਲ ਰਹਿਣ ਕਰਕੇ ਦਿੱਤੀ ਗਈ। ਸ਼ਹੀਦ ਕੈਪਟਨ ਦੇ ਮਾਤਾ-ਪਿਤਾ ਨੇ ਆਪ ਹਾਜ਼ਰ ਹੋ ਕੇ ਇਸ ਯਾਦਗਾਰੀ ਟ੍ਰਾਫੀ ਨੂੰ ਵਿਦਿਆਰਥੀ ਦੇ ਹੱਥ ਸੌਂਪਿਆ। ਇਸ ਮੌਕੇ ਤੇ ਸਕੂਲ ਦੇ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਕੇ.ਪੀ., ਕੁਲਮੋਹਨ ਸਿੰਘ ਜੀ, ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਮੈਨੇਜਰ ਨੇ ਸਕੂਲ ਸਟਾਫ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕਰਦਿਆ ਹੋਇਆ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਸਮੇਂ-ਸਮੇਂ ਤੇ ਕਰਦੇ ਰਹਿਣ ਨਾਲ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ- ਕੀਮਤਾਂ ਪ੍ਰਤੀ ਝੁਕਾਅ ਵਧਦਾ ਹੈ।