ਰਾਇਪੁਰ- ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਭਤੀਜੀ ਸਾਬਕਾ ਸੰਸਦ ਮੈਂਬਰ ਕਰੁਣਾ ਸ਼ੁਕਲਾ ਨੇ ਸ਼ਨਿਚਰਵਾਰ ਨੂੰ ਬੀਜੇਪੀ ਨੂੰ ਛੱਡਣ ਦਾ ਐਲਾਨ ਕਰਦੇ ਹੋਏ ਪਾਰਟੀ ਹਾਈਕਮਾਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਕਾਂਗਰਸ ਨੇ ਕਰੁਣਾ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਨਿਓਤਾ ਦਿੱਤਾ ਹੈ।
ਮਹਿਲਾ ਮੋਰਚਾ ਦੀ ਸਾਬਕਾ ਰਾਸ਼ਟਰੀ ਪ੍ਰਧਾਨ ਰਹਿ ਚੁੱਕੀ ਕਰੁਣਾ ਸ਼ੁਕਲਾ ਛਤੀਸਗੜ੍ਹ ਦੇ ਬੇਲਤਾਰਾ ਤੋਂ ਵਿਧਾਨ ਸੱਭਾ ਚੋਣਾਂ ਲਈ ਟਿਕਟ ਨਾਂ ਮਿਲਣ ਕਰਕੇ ਨਰਾਜ਼ ਹੈ। ਕਰੁਣਾ ਅਨੁਸਾਰ ਉਸ ਨੇ ਬੀਜੇਪੀ ਦੀ ਮੁੱਢਲੀ ਮੈਂਬਰਸਿ਼ੱਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਸ ਨੇ ਕਿਹਾ ਕਿ ਪਾਰਟੀ ਵੱਲੋਂ ਇਗਨੋਰ ਕੀਤੇ ਜਾਣ ਕਰਕੇ ਉਹ ਬਹੁਤ ਦੁੱਖੀ ਹੈ। ਉਸ ਨੇ ਕਿਹਾ ਕਿ ਰਾਜਨਾਥ ਨੇ ਉਸ ਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੱਤਾ ਅਤੇ ਉਸ ਨਾਲ ਫੋਨ ਤੇ ਵੀ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ।ਉਸ ਅਨੁਸਾਰ ਬੀਜੇਪੀ ਹੁਣ ਸਿਰਫ਼ ਦੋ ਤਿੰਨ ਲੋਕਾਂ ਦੀ ਜੇਬ ਦੀ ਜਗੀਰ ਬਣੀ ਹੋਈ ਹੈ ਅਤੇ ਅਟੱਲ-ਅਡਵਾਨੀ ਦੀ ਵਿਚਾਰਧਾਰਾ ਦਾ ਉਸ ਨਾਲ ਕੋਈ ਸਬੰਧ ਨਹੀਂ ਰਹਿ ਗਿਆ।
ਸ਼ੁਕਲਾ ਨੇ ਕਿਹਾ ਕਿ ਬੀਜੇਪੀ ਨੇ ਮਹਿਲਾਵਾਂ ਨੂੰ 33% ਰੀਜਰਵੇਸ਼ਨ ਜਰੂਰ ਦਿੱਤੀ ਹੈ ਪਰ ਕਿਸੇ ਵੀ ਰਾਜ ਵਿੱਚ ਮਹਿਲਾ ਨੂੰ ਪ੍ਰਧਾਨਗੀ ਪਦ ਨਹੀਂ ਦਿੱਤਾ। ਉਸ ਅਨੁਸਾਰ ਹੁਣ ਬੀਜੇਪੀ ਦਾ ਸੰਵਿਧਾਨ ਕੁਝ, ਵਿਚਾਰਧਾਰਾ ਕੁਝ ਅਤੇ ਚਾਲ-ਚੱਲਣ ਕੁਝ ਹੋਰ ਹੋ ਗਿਆ ਹੈ।ਉਸ ਨੇ ਕਿਹਾ, ‘ਪਾਰਟੀ ਵਿੱਚ ਮੇਰੀ ਉਪਯੋਗਿਤਾ ਬਚੀ ਨਹੀਂ ਹੈ।ਮੈਂ ਲਗਾਤਾਰ 32 ਸਾਲ ਵਾਰਡ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਕੰਮ ਕੀਤਾ ਹੈ।ਪਾਰਟੀ ਨੇ ਮੈਨੂੰ ਜੋ ਵੀ ਕੰਮ ਦਿੱਤਾ, ਉਸ ਨੂੰ ਮੈਂ ਪੂਰੀ ਨਿਸ਼ਠਾ ਅਤੇ ਮਿਹਨਤ ਨਾਲ ਨਿਭਾਇਆ। ਮੈਨੂੰ ਹੁਣ ਕਮੇਟੀਆਂ ਤੋਂ ਬਾਹਰ ਕੀਤਾ ਜਾ ਰਿਹਾ ਹੈ।ਇਸ ਤੋਂ ਲਗਦਾ ਹੈ ਕਿ ਹੁਣ ਬੀਜੇਪੀ ਵਿੱਚ ਮੇਰੀ ਕੋਈ ਲੋੜ ਨਹੀਂ ਹੈ।’