ਨਵੀਂ ਦਿੱਲੀ:- ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਲੋਂ ਦਿੱਲੀ ਵਿਧਾਨ ਸਭਾ ਦੀਆਂ 16 ਸੀਟਾਂ ਤੇ ਵਖਰਾ ਚੋਣ ਲੜਨ ਦਾ ਮਤਾ ਕੋਰ ਕਮੇਟੀ ਵਿਚ ਪਾਸ ਕਰਨ ਤੇ ਹਾਈਕਮਾਨ ਨੂੰ ਭੇਜਣ ਤੋਂ ਬਾਅਦ ਦਿੱਲੀ ਵਿਖੇ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਤਿਲਕ ਨਗਰ ਵਿਧਾਨ ਸਭਾ ਹਲਕੇ ਵਿਖੇ ਸ਼ੁਰੂ ਹੋਈਆਂ ਨੁਕੜ ਬੈਠਕਾਂ ਹੁਣ ਦਿੱਲੀ ਦੇ ਵੱਖ ਵੱਖ ਹਲਕਿਆਂ ਵਿਚ ਸ਼ੁਰੂ ਹੋ ਗਈਆਂ ਹਨ। ਤਿਲਕ ਨਗਰ ਵਿਖੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਅਤੇ ਇੰਦਰਜੀਤ ਸਿੰਘ ਮੌਂਟੀ ਵਲੋਂ ਵੱਖ ਵੱਖ ਕਰਵਾਈਆਂ ਗਈਆ ਮੀਟਿੰਗਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਤਗੜਾ ਜਵਾਬ ਮੰਨਿਆ ਜਾ ਰਿਹਾ ਹੈ ਕਿਉਂਕਿ ਜਿੱਥੇ ਇਨ੍ਹਾਂ ਮੀਟਿੰਗਾਂ ਵਿਚ ਵੱਡੀ ਪੱਧਰ ਤੇ ਲੋਕੀ ਭਾਗ ਲੈ ਕੇ ਅਕਾਲੀ ਦਲ ਦੇ ਹੱਕ ਵਿਚ ਵੋਟ ਭੁਗਤਾਉਣ ਦਾ ਵਾਅਦਾ ਕਰ ਰਹੇ ਹਨ ਉਥੇ ਹੀ ਵੱਡੀ ਗਿਣਤੀ ਵਿਚ ਨੌਜਵਾਨ ਪਾਰਟੀ ਦੇ ਯੂਥ ਵਿੰਗ ਵਿਚ ਸ਼ਾਮਿਲ ਹੋ ਰਹੇ ਹਨ। ਤਿਲਕ ਨਗਰ ਸੀਟ ਜਿੱਥੇ ਕਿ ਸਿੱਖ ਵੋਟਰ 50 ਫਿਸਦੀ ਦੇ ਕਰੀਬ ਹੈ ਉਥੇ ਅਗਰ ਸਿੱਖ ਵੋਟ ਇਕ ਤਰਫਾ ਅਕਾਲੀ ਦਲ ਦੇ ਹੱਕ ਵਿਚ ਭੁਗਤ ਜਾਂਦਾ ਹੈ ਤਾਂ ਭਾਜਪਾ ਸਹਿਤ ਕਾਂਗਰਸ ਵਰਗੀ ਵੱਡੀ ਪਾਰਟੀ ਦੀ ਉਮੀਦਾਂ ਨੂੰ ਵੀ ਝਟਕਾ ਲਗ ਸਕਦਾ ਹੈ। ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਜਿਥੇ ਇਨ੍ਹਾਂ ਮੀਟਿੰਗਾ ਵਿਚ ਕਾਂਗ੍ਰਸ ਸਰਕਾਰ ਦੀਆਂ ਕਮੀਆਂ ਗਿਨਾਉਣਾ ਨਹੀਂ ਭੁਲਦੇ ਉਥੇ ਹੀ ਉਨ੍ਹਾਂ ਦੀ ਪ੍ਰਧਾਨਗੀ ਹੇਠ ਦਿੱਲੀ ਕਮੇਟੀ ਵਲੋਂ ਸੰਗਤਾਂ ਦੀ ਭਲਾਈ ਵਾਸਤੇ ਉਲੀਕੇ ਜਾ ਰਹੇ ਕਾਰਜਾਂ ਤੋਂ ਵੀ ਜਾਣੂੰ ਕਰਵਾਉਂਦੇ ਹਨ।
ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਸੰਤਗੜ੍ਹ ਵਿਖੇ ਚਮਨ ਸਿੰਘ ਵਲੋਂ ਕਰਵਾਈ ਗਈ ਮੀਟਿੰਗ ਵਿਚ ਦਿੱਤੇ ਭਾਸ਼ਨ ਦੀ ਢੂੰਘਾਈ ਵਿਚ ਅਗਰ ਜਾਈਏ ਤੇ ਇਕ ਗੱਲ ਸਾਫ ਹੋ ਜਾਂਦੀ ਹੈ ਕਿ ਅਕਾਲੀ ਦਲ ਇਸ ਵਾਰ ਭਾਰਤੀ ਜਨਤਾ ਪਾਰਟੀ ਅੱਗੇ ਸਿਧਾਂਤਿਕ ਰੂਪ ਵਿਚ ਨਾ ਝੁਕ ਕੇ ਆਪਣੇ ਚੋਣ ਨਿਸ਼ਾਣ ਤਕੜੀ ਤੇ ਆਪਣੀ ਮੰਨ ਮਰਜੀ ਦੀਆਂ ਸੀਟਾਂ ਤੇ ਲੜਨ ਵਾਸਤੇ ਬਾਜਿੱਦ ਹੈ। ਯੂਥ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇਨ੍ਹਾਂ ਮੀਟਿੰਗਾਂ ਵਿਚ ਸੰਗਤਾਂ ਵਲੋਂ ਮਿਲ ਰਹੇ ਪਿਆਰ ਤੇ ਜਿੱਥੇ ਤਿਲਕ ਨਗਰ ਵਿਧਾਨ ਸਭਾ ਸੀਟ ਤੇ ਅਕਾਲੀ ਦਲ ਦਾ ਖਾਤਾ ਖੁਲਣ ਦੀ ਆਸ ਕਰ ਰਹੇ ਹਨ ਉਸ ਦੇ ਨਾਲ ਹੀ ਇਲਾਕੇ ਤੋਂ ਅਕਾਲੀ ਦਲ ਦੇ ਨਿਗਮ ਪਾਰਸ਼ਦ, ਦਿੱਲੀ ਕਮੇਟੀ ਮੈਂਬਰ ਅਤੇ ਵਰਕਰ ਇਸ ਵਾਰ ਕਿਸੇ ਵੀ ਕੀਮਤ ਤੇ ਇਹ ਸੀਟ ਅਕਾਲੀ ਦਲ ਦੀ ਝੋਲੀ ਵਿਚ ਪਾਉਂਣ ਲਈ ਵਚਨਬੱਧ ਲਗਦੇ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਸਰਕਲ ਜੱਥੇਦਾਰ ਹਰਜੀਤ ਸਿੰਘ ਟੇਕਨੋ, ਜਗਦੀਪ ਸਿੰਘ ਕਾਹਲੋ ਪ੍ਰਧਾਨ ਗੁਰਦੁਆਰਾ ਕ੍ਰਿਸ਼ਨਾ ਨਗਰ ਅਤੇ ਹੋਰ ਵਰਕਰਾਂ ਦੇ ਪ੍ਰੇਰਨਾ ਸਦਕਾ ਵੱਡੀ ਪੱਧਰ ਤੇ ਬਦਲਾਵ ਲਿਆਉਣ ਲਈ ਲੋਕੀ ਅਕਾਲੀ ਦਲ ਨਾਲ ਜੁੜ ਰਹੇ ਹਨ। ਜਿਸ ਦਾ ਸਬੂਤ ਮੌਂਟੀ ਵਲੋਂ ਸੈਂਕੜੇ ਲੋਕਾਂ ਦੀ ਵਿਕਾਸ ਪੁਰੀ ਵਿਖੇ ਕਰਵਾਈ ਗਈ ਮੀਟਿੰਗ ਵਿਚ ਵੀ ਵੇਖਣ ਨੂੰ ਮੀਲਿਆ। ਇਨ੍ਹਾਂ ਮੀਟਿੰਗਾਂ ਵਿਚ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ ਅਤੇ ਹੋਰ ਪੱਤਵੰਤੇ ਸਜੱਣਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਅਕਾਲੀ ਦਲ ਦੀਆਂ ਚੋਣ ਮੀਟਿੰਗਾਂ ਨੇ ਦਿੱਲੀ ਦੀ ਸਿਆਸਤ ਗਰਮਾਈ
This entry was posted in ਭਾਰਤ.