ਫਤਹਿਗੜ੍ਹ ਸਾਹਿਬ – “ਕਾਕਾ ਰਾਹੁਲ ਗਾਂਧੀ ਜਾਂ ਸ੍ਰੀ ਮੋਦੀ ਦੋਵਾਂ ਵਿਚੋਂ ਕਿਸੇ ਨੂੰ ਵੀ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀ । ਦੋਵੇ ਆਗੂ ਕੇਵਲ ਵੋਟ ਸਿਆਸਤ ਦੇ ਗੁਲਾਮ ਹੋ ਕੇ ਸਿੱਖ ਕੌਮ ਦੇ ਦੁੱਖ-ਦਰਦ ਨੂੰ ਮੀਡੀਏ ਵਿਚ ਉਛਾਲਕੇ ਕੋਈ ਬਹੁਗਿਣਤੀ ਅਤੇ ਕੋਈ ਘੱਟ ਗਿਣਤੀ ਕੌਮਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ । ਜਦੋਕਿ ਦੋਵਾਂ ਆਗੂਆਂ ਜਾਂ ਦੋਵਾਂ ਕਾਂਗਰਸ ਅਤੇ ਬੀਜੇਪੀ ਜਮਾਤਾਂ ਨੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਲਈ ਅਤੇ 18-18, 20-20 ਸਾਲਾਂ ਤੋ ਬਿਨ੍ਹਾਂ ਟਰਾਈਲਾ ਤੋ ਜੇਲ੍ਹਾਂ ਦੀਆਂ ਕਾਲਕੋਠੜੀਆਂ ਵਿਚ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਦੀ ਰਿਹਾਈ ਲਈ ਕੋਈ ਅਮਲ ਨਹੀ ਕੀਤਾ । ਬਲਕਿ ਦੋਵੇ ਜਮਾਤਾਂ “ਸਰਬੱਤ ਦਾ ਭਲਾ” ਲੋੜਨ ਵਾਲੀ ਅਤੇ ਹਿੰਦ ਦੀਆਂ ਸਰਹੱਦਾਂ ਉਤੇ ਦੁਸ਼ਮਣ ਨੂੰ ਕੰਧ ਬਣਕੇ ਰੋਕਣ ਵਾਲੀ ਅਤੇ ਹਿੰਦ ਦੀ ਅਜ਼ਾਦੀ ਲਈ 90% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਸਾਜ਼ਸੀ ਢੰਗਾਂ ਨਾਲ “ਅੱਤਵਾਦੀ-ਵੱਖਵਾਦੀ” ਗਰਦਾਨਕੇ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਦੀਆਂ ਅਸਫ਼ਲ ਕੋਸਿ਼ਸ਼ਾਂ ਵਿਚ ਨਿਰੰਤਰ ਮਸਰੂਫ ਹਨ । ਸ੍ਰੀ ਮੋਦੀ ਕੇਵਲ ਹੁਣ ਸਿੱਖ ਕੌਮ ਦੀ ਨਸ਼ਲਕੁਸੀ ਜਾਂ ਕਤਲੇਆਮ ਦੀ ਗੱਲ ਕਰਕੇ ਆਪਣੇ ਵੋਟ ਬੈਂਕ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਸ੍ਰੀ ਰਾਹੁਲ ਗਾਂਧੀ ਆਪਣੀ ਮੌਤ ਹੋਣ ਦਾ ਖਾਦਸਾ ਪ੍ਰਗਟਾਕੇ ਇਥੋ ਦੇ ਨਿਵਾਸੀਆਂ ਦੀ ਹਮਦਰਦੀ ਲੈਣਾ ਚਾਹੁੰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੋਵੇ ਸਿੱਖ ਕੌਮ ਦੀਆਂ ਕਾਤਲ ਜਮਾਤਾਂ ਕਾਂਗਰਸ ਅਤੇ ਬੀਜੇਪੀ ਦੇ 2014 ਵਿਚ ਆਉਣ ਵਾਲੀਆਂ ਚੋਣਾਂ ਤੋ ਉਪਰੰਤ ਆਪੋ-ਆਪਣੇ ਪ੍ਰਚਾਰੇ ਜਾ ਰਹੇ ਵਜ਼ੀਰ-ਏ-ਆਜ਼ਮਾਂ ਦੀਆਂ ਮੌਜੂਦਾਂ ਸਿਆਸੀ ਗਤੀਵਿਧੀਆਂ ਅਤੇ ਸਿੱਖ ਕੌਮ ਦੇ ਕਤਲੇਆਮ ਅਤੇ ਨਸ਼ਲਕੁਸੀ ਨੂੰ ਲੈਕੇ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜੀ ਦਾ ਸਖ਼ਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅੱਜ 29 ਸਾਲਾਂ ਬਾਅਦ ਸ੍ਰੀ ਮੋਦੀ ਇਹ ਪ੍ਰਵਾਨ ਕਰ ਰਹੇ ਹਨ ਕਿ ਕਾਂਗਰਸੀਆਂ ਜਾਂ ਫਿਰਕੂ ਜਮਾਤਾਂ ਦੇ ਆਗੂਆਂ ਨੇ ਸਿੱਖ ਕੌਮ ਦਾ ਕਤਲੇਆਮ ਕੀਤਾ ਸੀ । ਅਸੀ ਸ੍ਰੀ ਮੋਦੀ ਨੂੰ ਅਤੇ ਉਸਦੀ ਬੀਜੇਪੀ ਜਮਾਤ ਨੂੰ ਪੁੱਛਣਾ ਚਾਹਵਾਂਗੇ ਕਿ ਜਦੋ 1998 ਤੋ ਲੈਕੇ 2004 ਤੱਕ ਸੈਟਰ ਵਿਚ ਬੀਜੇਪੀ ਦੀ ਐਨ.ਡੀ.ਏ. ਦੀ ਹਕੂਮਤ ਰਹੀ ਹੈ, ਤਾਂ ਮੋਦੀ ਜਾਂ ਬੀਜੇਪੀ ਨੇ ਸਿੱਖਾਂ ਦੇ ਕਾਤਲਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉ ਨਾ ਕੀਤੀ ? ਉਸ ਸਮੇਂ ਇਹਨਾਂ ਨੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਕੇ ਸਜ਼ਾਵਾਂ ਕਿਉ ਨਾ ਦਿਵਾਈਆਂ ਅਤੇ ਹੁਣ ਸੁਪਰੀਮ ਕੋਰਟ ਵੱਲੋਂ ਗੁਜਰਾਤ ਦੇ ਜਿੰਮੀਦਾਰਾਂ ਦੇ ਹੱਕ ਵਿਚ ਫੈਸਲਾ ਹੋਣ ਤੇ ਵੀ ਉਥੋ ਦੇ 60 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਜ਼ਬਰੀ ਉਜਾੜਨ ਤੇ ਕਿਉ ਲੱਗੇ ਹੋਏ ਹਨ ? ਅੱਜ ਕੇਵਲ ਸਿੱਖ ਕੌਮ ਦੇ ਕਤਲੇਆਮ ਦੀ ਗੱਲ ਕਰਕੇ ਮੋਦੀ ਅਤੇ ਬੀਜੇਪੀ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ । ਜਿਸ ਨਾਲ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਹੀ ਛਿੜਕਿਆਂ ਜਾ ਰਿਹਾ ਹੈ । ਸਿੱਖ ਕੌਮ ਨੂੰ ਇਹ ਮੁਤੱਸਵੀ ਲੋਕ ਅਤੇ ਜਮਾਤਾਂ ਇਨਸਾਫ਼ ਕਤਈ ਨਹੀਂ ਦੇ ਸਕਦੀਆਂ । ਜੇਕਰ ਸਿੱਖ ਕੌਮ ਲਈ ਇਕ ਜਮਾਤ ਕੋਬਰਾ ਰੂਪੀ ਹੈ ਤਾਂ ਦੂਸਰੀ ਉਸ ਲਈ ਅਜਗਰ ਬਣੀ ਖੜ੍ਹੀ ਹੈ । ਇਸ ਲਈ ਸਿੱਖ ਅਤੇ ਮੁਸਲਿਮ ਕੌਮ ਨੂੰ ਇਹਨਾਂ ਦੋਵਾਂ ਕਾਤਲ ਜਮਾਤਾਂ ਅਤੇ ਇਹਨਾਂ ਦੇ ਆਗੂਆਂ ਦੀਆਂ ਲੁਭਾਣੀਆਂ ਬਿਆਨਬਾਜੀਆਂ ਦੇ ਚੱਕਰਵਿਊ ਵਿਚ ਬਿਲਕੁਲ ਨਹੀਂ ਫਸਣਾ ਚਾਹੀਦਾ ਅਤੇ ਨਾ ਹੀ ਦੋਵੇ ਜਮਾਤਾਂ ਘੱਟ ਗਿਣਤੀ ਕੌਮਾਂ ਲਈ ਕਦੀ ਲਾਹੇਵੰਦ ਸਾਬਤ ਹੋ ਸਕਦੀਆਂ ਹਨ ।
ਸ. ਮਾਨ ਨੇ ਇਹ ਹੋਰ ਵੱਖਰੇ ਬਿਆਨ ਵਿਚ ਪੰਜਾਬ ਦੀ ਕਾਂਗਰਸ ਜਮਾਤ ਵਿਚ ਹੋ ਰਹੀ ਖਿੱਚੋਤਾਣ ਨੂੰ ਆਗੂਆਂ ਦੀ ਸਿਆਸੀ ਸ਼ਕਤੀ ਦੀ ਭੁੱਖ ਕਰਾਰ ਦਿੰਦੇ ਹੋਏ ਕਿਹਾ ਕਿ ਜਿਹੜੀ ਸਿਆਸੀ ਬੱਘੀ ਨੂੰ ਵੱਖ-ਵੱਖ ਚਾਰ ਸਿਆਸੀ ਘੋੜੇ ਆਪੋ-ਆਪਣੀਆਂ ਦਿਸ਼ਾਵਾਂ ਵੱਲ ਖਿੱਚ ਰਹੇ ਹਨ, ਇਹ ਬੱਘੀ ਕਤਈ ਵੀ ਮੰਜਿ਼ਲ ਤੇ ਨਹੀ ਪਹੁੰਚ ਸਕਦੀ ਤੇ ਨਾ ਹੀ ਪੰਜਾਬ ਦੀ ਕਾਂਗਰਸ ਰੂਪੀ ਬੱਘੀ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆਂ ਨੂੰ ਹੱਲ ਕਰਨ ਦੀ ਸਮਰੱਥਾਂ ਰੱਖਦੀ ਹੈ । ਉਹਨਾਂ ਕਿਹਾ ਕਿ ਇਹਨਾਂ ਵਿਚ ਤਾਕਤਵਰ ਘੋੜਾ ਕੈਪਟਨ ਅਮਰਿੰਦਰ ਸਿੰਘ ਸਿਆਸੀ ਤਾਕਤ ਤੋ ਬਿਨ੍ਹਾਂ ਨਹੀ ਰਹਿ ਸਕਦੇ। ਇਸ ਲਈ ਸਾਡੀ ਸਿਆਸੀ ਭਵਿੱਖਬਾਣੀ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਸਦੀ ਪੰਜਾਬ ਦੀ ਸਿਆਸਤ ਵਿਚ ਪਕੜ ਕੰਮਜੋਰ ਪੈ ਗਈ ਹੈ, ਹੁਣ ਉਹ ਕਾਂਗਰਸ ਵਿਰੁੱਧ ਬਗਾਵਤ ਕਰਕੇ ਨਵੀ ਪਾਰਟੀ ਬਣਾਉਣਗੇ ਅਤੇ ਇਹ ਸਿਆਸੀ ਘੋੜੇ ਖੁਦ-ਬਾ-ਖੁਦ ਸਿਆਸੀ ਹਾਸੀਏ ਤੇ ਪਹੁੰਚ ਜਾਣਗੇ । ਹੁਣ ਸਿੱਖ ਕੌਮ ਦੀ ਇੱਜਤ-ਅਣਖ਼ ਦੀ ਲੜਾਈ ਮੁਕਾਰਤਾ ਨਾਲ ਅਤੇ ਸਾਜ਼ਸੀ ਢੰਗਾਂ ਨਾਲ ਕੰਮ ਕਰ ਰਹੀ ਆਰ.ਐਸ.ਐਸ, ਬੀਜੇਪੀ, ਸਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਫਿਰਕੂਆਂ ਨਾਲ ਹੋਵੇਗੀ ਅਤੇ ਜੋ ਬਾਦਲ ਦਲੀਏ ਆਪਣੇ ਸਿਆਸੀ ਅਤੇ ਪਰਿਵਾਰਿਕ ਕਾਰੋਬਾਰੀ ਸਵਾਰਥਾਂ ਅਧੀਨ ਇਹਨਾਂ ਫਿਰਕੂਆਂ ਦੀ ਪਿੱਠ ਪੂਰ ਰਹੇ ਹਨ, ਉਸ ਤੋ ਸਿੱਖ, ਮੁਸਲਿਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਹਰ ਤਰਫੋ ਸੁਚੇਤ ਵੀ ਰਹਿਣਾ ਪਵੇਗਾ ਅਤੇ ਆਉਣ ਵਾਲੀਆਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਵੋਟ ਹੱਕ ਦੀ ਨਿਰਪੱਖਤਾ ਅਤੇ ਨਿਡਰਤਾ ਨਾਲ ਸਹੀ ਵਰਤੋਂ ਕਰਕੇ ਇਹਨਾਂ ਦੋਵੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਅਤੇ ਬਾਦਲ ਦਲੀਆਂ ਨੂੰ ਮੂੰਹ ਤੋੜਵਾ ਜੁਆਬ ਵੀ ਦੇਣਾ ਪਵੇਗਾ ।