ਨਵੀਂ ਦਿੱਲੀ :- ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਚੋਣ ਨਿਸ਼ਾਨ ਤੇ ਖਾਤਾ ਖੋਲਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿਚ ਸ਼ੁਰੂ ਕੀਤੀ ਗਈਆਂ “ਲੜੀਵਾਰ ਕੌਰਨਰ ਮੀਟਿੰਗਾਂ” ਵਿਚ ਜੁੱਟ ਰਹੀ ਭੀੜ ਨੂੰ ਵੇਖ ਕੇ ਜਿੱਥੇ ਕਾਰਕੁੰਨਾਂ ਦੇ ਹੌਂਸਲੇ ਬੁਲੰਦ ਹੋਏ ਨੇ ਉੱਥੇ ਨਾਲ ਹੀ ਚੋਣ ਲੜਨ ਦੇ ਇਛੁੱਕ ਦਾਅਵੇਦਾਰਾਂ ਵਲੋਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਾਸਤੇ ਵੱਡਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਤਿਲਕ ਨਗਰ, ਵਿਕਾਸ ਪੁਰੀ, ਰਮੇਸ਼ ਨਗਰ, ਸ਼ਾਹਦਰਾ, ਵਿਸ਼ਨੂੰ ਗਾਰਡਨ, ਅਤੇ ਸ਼ਿਵ ਨਗਰ ਵਿਖੇ ਕਰਵਾਈਆਂ ਗਈਆਂ ਇਨ੍ਹਾਂ ਮੀਟਿੰਗਾ ਵਿਚ ਮਨਜੀਤ ਸਿੰਘ ਜੀ.ਕੇ. ਨੇ ਜਿੱਥੇ ਕਾਂਗਰਸ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦੀ ਨਿਖੇਧੀ ਕੀਤੀ, ਉਸਦੇ ਨਾਲ ਹੀ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਵੋਟਾਂ ਪਾਉਣ ਦੀ ਵੀ ਅਪੀਲ ਕੀਤੀ। ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਤਨਵੰਤ ਸਿੰਘ, ਜੀਤ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ ਪੱਪੂ, ਅਤੇ ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ ਵਲੋਂ ਕਰਵਾਈਆਂ ਗਈਆਂ ਇਨ੍ਹਾਂ ਮੀਟਿੰਗਾ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਦੇ ਸ਼ਾਮਿਲ ਹੋਣ ਨੂੰ ਪਾਰਟੀ ਦੀ ਸੇਹਤ ਵਾਸਤੇ ਚੰਗਾ ਕਦਮ ਦਸਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਰਕੂੰਨ ਪਾਰਟੀ ਦੀ ਰੀੜ ਦੀ ਹੱਡੀ ਹਨ ਅਤੇ ਸਾਰੇ ਕਾਰਕੂੰਨਾਂ ਨੂੰ ਪਾਰਟੀ ਵਲੋਂ ਬਣਦਾ ਸਤਿਕਾਰ ਜ਼ਰੂਰ ਦਿੱਤਾ ਜਾਵੇਗਾ।