ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਰਾਈਸ ਮਿਲ ਐਸੋਸੀਏਸ਼ਨ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਕਾਂਗਰਸ ਮਿਲ ਮਾਲਕਾਂ ਦੀਆਂ ਮੁਸ਼ਕਲਾਂ ਨੂੰ ਹਲ ਕਰਾਉਣ ਲਈ ਵਚਨਬੱਧ ਹੈ।
ਸ਼ੈਲਰ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰਪੂਰਵਕ ਵਿਚਾਰਾਂ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਸ਼ੈਲਰ ਮਾਲਕਾਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ ਪਰ ਸ: ਬਾਜਵਾ ਆਪਣੇ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ ਤੇ ਉਹਨਾਂ ਦੀ ਥਾਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨੇ ਮੀਟਿੰਗ ਦੌਰਾਨ ਸ਼ੈਲਰ ਮਾਲਕਾਂ ਦੀਆਂ ਮੁਸ਼ਕਲਾਂ ਨੂੰ ਗਹਿਰੀ ਦਿਲਚਸਪੀ ਨਾਲ ਸੁਣਿਆ।
ਪੰਜਾਬ ਕਾਂਗਰਸ ਭਵਨ ਵਿਖੇ ਮੀਟਿੰਗ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸ਼ੈਲਰ ਮਾਲਕਾਂ ਨੂੰ ਸੰਬੋਧਨ ਕਰਦਿਆਂ ਫ਼ਤਿਹ ਬਾਜਵਾ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਦੀਆਂ ਮੁਸ਼ਕਲਾਂ ਨੂੰ ਸੰਜੀਦਗੀ ਨਾਲ ਹਲ ਕਰਾਉਣ ਲਈ ਸ: ਪ੍ਰਤਾਪ ਸਿੰਘ ਬਾਜਵਾ ਦ੍ਰਿੜ੍ਹ ਹਨ, ਤੇ ਉਹਨਾਂ ਇਸ ਸੰਬੰਧੀ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼ੈਲਰ ਮਾਲਕਾਂ ਦੇ ਇੱਕ ਵਫ਼ਦ ਦੀ ਅਗਵਾਈ ਕਰਦਿਆਂ ਸ: ਬਾਜਵਾ ਨੇ ਕੇਂਦਰੀ ਖੁਰਾਕ ਮੰਤਰੀ ਸ੍ਰੀ ਕੇ ਵੀ ਥਾਮਸ ਨਾਲ ਵਫ਼ਦ ਦੀ ਮੀਟਿੰਗ ਵੀ ਕਰਾਈ ਜਾ ਚੁੱਕੀ ਹੈ।
ਇਸ ਮੌਕੇ ਸ: ਫ਼ਤਿਹ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਾ ਕੇਵਲ ਸ਼ੈਲਰ ਮਾਲਕ ਦੁਖੀ ਹਨ ਬਲਕੇ ਸਭ ਵਰਗਾਂ ਵਿੱਚ ਅੱਗ ਅਰਾਜਕਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਬਾਦਲ ਪਰਵਾਰ ਨੇ ਆਪ ਰਾਜ ਤੋਂ ਬਾਹਰ ਪੂਜੀ ਨਿਵੇਸ਼ ਕੀਤਾ ਹੋਇਆ ਹੈ ਜਿਸ ਕਾਰਨ ਸਾਰੀ ਖੇਡ ਵਿਗੜੀ ਹੋਈ ਹੈ ਤੇ ਕੋਈ ਵੀ ਪੰਜਾਬ ਵਿੱਚ ਪੂਜੀ ਨਿਵੇਸ਼ ਕਰਨ ਲਈ ਅੱਗੇ ਨਹੀਂ ਆ ਰਿਹਾ। ਉਹਨਾਂ ਰਾਜ ਵਿੱਚ ਸਿਆਸੀ ਅਤਿਵਾਦ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕ ਮਸਲਿਆਂ ਨੂੰ ਹਲ ਕਰਨ ਦੀ ਥਾਂ ਆਪਾ ਅੱਗੇ ਕਰ ਲੈਣ ਨਾਲ ਬਾਦਲ ਸਰਕਾਰ ਤੋਂ ਅੱਜ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਹਲ ਕਰਵਾ ਕੇ ਕਾਂਗਰਸ ਕੋਈ ਸਿਆਸੀ ਲਾਹਾ ਲੈਣ ਲਈ ਨਹੀਂ ਸਗੋਂ ਖੇਤੀ ਆਧਾਰਤ ਬਰਬਾਦ ਹੋ ਚੁੱਕੀ ਸ਼ੈਲਰ ਸਨਅਤ ਨੂੰ ਬਚਾਉਣ ਦੇ ਯਤਨ ਵਿੱਚ ਹਨ। ਉਹਨਾਂ ਕਿਹਾ ਕਿ ਅੱਜ ਸ਼ੈਲਰ ਮਾਲਕਾਂ ਦੇ ਅੱਖਾਂ ਵਿੱਚ ਝਲਕ ਰਹੇ ਪੰਜਾਬ ਸਰਕਾਰ ਵਿਰੁੱਧ ਰੋਸ ਨੂੰ ਚੰਗੀ ਤਰਾਂ ਸਮਝ ਰਹੇ ਹਨ ਤੇ ਉਹਨਾਂ ਦੇ ਦੁਖ ਦਰਦ ਨੂੰ ਆਪਣਾ ਸਮਝ ਦੇ ਹੋਏ ਹਰ ਸਮੇਂ ਉਹਨਾਂ ਨਾਲ ਚਟਾਨ ਵਾਂਗ ਖੜੇ ਰਹਿਣ ਗੇ।
ਇਸ ਮੌਕੇ ਸ਼ੈਲਰ ਮਾਲਕ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦੇ ਗਿਆਨ ਭਾਰਦਵਾਜ , ਰੌਸ਼ਨ ਲਾਲ ਰੋਸ਼ੀ, ਜਗਤਾਰ ਸਿੰਘ ਰਾਜਲਾ , ਗਮਦੂਰ ਸਿੰਘ , ਹਜ਼ਾਰੀ ਲਾਲ ਨੇ ਸ਼ੈਲਰ ਮਾਲਕਾਂ ਦਾ ਦੁਖ ਬਿਆਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ ਸ਼ੈਲਰ ਮਾਲਕਾਂ ਨੂੰ ਚੋਰ ਕਹਿ ਰਹੀ ਹੈ । ਜਦ ਕਿ ਸ਼ੈਲਰ ਮਾਲਕ ਪੰਜਾਬ ਸਰਕਾਰ ਦੇ ਚੌਲਾਂ ਦਾ ਇੱਕ ਇੱਕ ਦਾਣਾ ਦੇਣ ਨੂੰ ਤਿਆਰ ਹਨ। ਜੋ ਅੱਜ ਸ਼ੈਲਰ ਮਾਲਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਉਸ ਦਾ ਕਾਰਨ ਪੰਜਾਬ ਸਰਕਾਰ ਹੈ ਜਿਸ ਨੇ ਮਿਲਿੰਗ ਡੇਟ ਵਿੱਚ ਕੇਂਦਰ ਕੋਲ ਸ਼ੈਲਰ ਮਾਲਕਾਂ ਦਾ ਪੱਖ ਕੇਂਦਰ ਸਰਕਾਰ ਕੋਲ ਸਹੀ ਤਰੀਕੇ ਨਾਲ ਤੇ ਸਮੇਂ ਸਿਰ ਪੇਸ਼ ਨਹੀਂ ਕੀਤਾ। ਹੈਰਾਨੀ ਦੀ ਗਲ ਹੈ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਡੇਟ ਵਿੱਚ ਵਾਧਾ ਨਹੀਂ ਕਰ ਰਹੀ , ਜੱਦੋ ਕਿ ਬੀਤੇ ਦਿਨੀਂ ਸ: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਸ੍ਰੀ ਥਾਮਸ ਨਾਲ ਹੋਈ ਮੁਲਾਕਾਤ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ ਗਿਆ।
ਸ਼ੈਲਰ ਮਾਲਕਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਰੀਬ 400 ਸ਼ੈਲਰ ਮਾਲਕਾਂ ਕੋਲ ਕੇਂਦਰੀ ਪੂਲ ਵਿੱਚ ਜਾਣ ਵਾਲੇ 700 ਕਰੋੜ ਰੁਪੈ ਦੇ ਚਾਵਲ ਬਕਾਇਆ ਹਨ। ਜੇ ਕਰ ਪੰਜਾਬ ਸਰਕਾਰ ਸਹੀ ਸਮੇਂ ਸ਼ੈਲਰ ਮਾਲਕਾਂ ਦੀਆਂ ਮੰਗਾਂ ਦੀ ਸਹੀ ਸਮੇਂ ਪੈਰਵਾਈ ਕਰਦੇ ਤਾਂ ਅੱਜ ਇਹ ਹਾਲਤ ਨਹੀਂ ਬਣਨੇ ਸਨ। ਪੰਜਾਬ ਦੀ ਸਮੁੱਚੀ ਸ਼ੈਲਰ ਸਨਅਤ ਬੈਂਕਾਂ ਅਤੇ ਸ਼ਾਹੂਕਾਰਾਂ ਦੇ ਕਰਜ਼ੇ ਹੇਠ ਡੱਬੀ ਹੋਈ ਹੈ।
ਉਹਨਾਂ ਬਾਜਵਾ ਨੂੰ ਅਪੀਲ ਕਰਦਿਆਂ ਕਿਹਾ ਕਿ ਡੁੱਬ ਰਹੀ ਸ਼ੈਲਰ ਸਨਅਤ ਨੂੰ ਸਹਾਰਾ ਦੇਣ ਲਈ ਸ਼ੈਲਰ ਮਾਲਕਾਂ ਦੀ ਫਰਿਆਦ ਨੂੰ ਲੈਕੇ ਕੇਂਦਰ ਸਰਕਾਰ ਨੂੰ ਮਿਲਣ ਅਤੇ ਪੰਜਾਬ ਸਰਕਾਰ ਦੇ ਚਾਵਲ ਕੇਂਦਰੀ ਪੂਲ ਵਿੱਚ ਦੇਣ ਦੀ ਮੁਨਿਆਦ ਵਿੱਚ 31 ਜਨਵਰੀ 2014 ਤਕ ਵਧਾਈ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਸ਼ੈਲਰ ਮਾਲਕਾਂ ’ਤੇ ਲੱਗੈ ਚੋਰ ਸ਼ਬਦ ਦੇ ਕਲੰਕ ਨੂੰ ਧੋਇਆ ਜਾ ਸਕੇ। ਉਹਨਾਂ ਕਿਹਾ ਕਿ ਜੇ ਕਰ ਸ: ਬਾਜਵਾ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਹਲ ਜਲਦੀ ਤੋਂ ਜਲਦੀ ਕਰਾ ਕੇ ਦੇਣ ਗੇ ਤਾਂ ਉਹ ਉਹਨਾਂ ਨਾਲ ਇਹ ਵਾਅਦਾ ਕਰਦੇ ਹਨ ਕਿ ਪੰਜਾਬ ਦੀ ਸਮੁੱਚੀ ਸ਼ੈਲਰ ਸਨਅਤ ਪੰਜਾਬ ਕਾਂਗਰਸ ਨਾਲ ਚਟਾਨ ਵਾਂਗ ਖੜੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਹਰਭਜਨ ਸਿੰਘ ਧਾਲੀਵਾਲ ਬਧਨੀਕਲਾਂ , ਦਵਿੰਦਰ ਸਿੰਘ ਨੂਰ ਮਹਿਲ, ਅਸ਼ੋਕ ਕੁਮਾਰ ਕਪੂਰਥਲਾ, ਸੀਤਾ ਰਾਮ ਬਰੇਟਾ, ਗੁਰਸ਼ਵਿੰਦਰ ਸਿੰਘ ਬਰਾੜ ਮਹਾਸ਼ਾ, ਸੁਖਵਿੰਦਰ ਸਿੰਘ ਸੋਨੀ , ਕੇਵਲ ਕਿਸ਼ਨ ਬੰਸਲ ਅਤੇ ਅਨੁਰਾਗ ਮਾਨ ਆਦਿ ਨੇ ਵੀ ਸੰਬੋਧਨ ਕੀਤਾ।