ਨਵੀਂ ਦਿੱਲੀ- ਹਰ ਵਾਰ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਰਾਬ ਮੁਹਈਆ ਕਰਵਾਈ ਜਾਂਦੀ ਹੈ। ਇਸ ਵਾਰ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਟੋਕਨ ਜਾਂ ਪਰਚੀ ਦੁਆਰਾ ਸ਼ਰਾਬ ਉਪਲੱਭਦ ਕਰਵਾਉਣ ਵਾਲਿਆਂ ਤੇ ਨਕੇਲ ਕੱਸਣ ਲਈ ਸਖਤ ਪ੍ਰਬੰਧ ਕੀਤੇ ਹਨ। ਐਕਸਾਈਜ਼ ਵਿਭਾਗ ਦੀ ਮੱਦਦ ਨਾਲ ਸ਼ਰਾਬ ਦੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਦੀ ਮੱਦਦ ਲਈ ਜਾਵੇਗੀ।। ਲੋਕਲ ਇੰਟੈਲੀਜੈਂਸ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ।
ਦਿੱਲੀ ਵਿੱਚ ਸਰਕਾਰੀ ਅਤੇ ਨਿਜ਼ੀ ਕੁਲ ਮਿਲਾ ਕੇ 750 ਸ਼ਰਾਬ ਦੀਆਂ ਦੁਕਾਨਾਂ ਹਨ। ਇਨ੍ਹਾਂ ਸੱਭ ਤੇ ਸੀਸੀਟੀਵੀ ਕੈਮਰੇ ਲਗੇ ਹੋਏ ਹਨ। ਆਯੋਗ ਵੱਲੋਂ ਐਕਸਾਈਜ਼ ਵਿਭਾਗ ਦੀਆਂ ਬਣਾਈਆਂ ਗਈਆਂ 11 ਟੀਮਾਂ ਸੀਸੀਟੀਵੀ ਫੁਟੇਜ਼ ਤੇ ਨਜ਼ਰ ਰੱਖਣਗੀਆਂ ਕਿ ਦੁਕਾਨ ਤੋਂ ਕਿਸ ਤਰ੍ਹਾਂ ਅਤੇ ਕਿਸ ਨੇ ਸ਼ਰਾਬ ਪ੍ਰਾਪਤ ਕੀਤੀ ਹੈ। ਇਨ੍ਹਾਂ ਟੀਮਾਂ ਦੁਆਰਾ ਅਚਾਨਕ ਦੁਕਾਨਾਂ ਤੇ ਜਾਂਚ ਕੀਤੀ ਜਾਵੇਗੀ।ਰੋਜ਼ਾਨਾ ਘੱਟ ਤੋਂ ਘੱਟ 500 ਮਿੰਟ ਦੀ ਸੀਸੀਟੀਵੀ ਫੁਟੇਜ਼ ਵੇਖੀ ਜਾਵੇਗੀ। ਦੁਕਾਨਦਾਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਫੁਟੇਜ਼ ਸੰਭਾਲ ਕੇ ਰੱਖਣ। ਪਿਆਕੜ ਵੋਟਰਾਂ ਨੂੰ ਲੁਭਾਉਣ ਲਈ ਕੋਡ ਵਰਡ ਵਾਲੀਆਂ ਪਰਚੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਤਾਂ ਕਿ ਉਹ ਸ਼ਰਾਬ ਪ੍ਰਾਪਤ ਕਰ ਸਕਣਗੇ।