ਸਰੀ, ਕੈਨੇਡਾ-ਦਿਨ ਸ਼ੁੱਕਰਵਾਰ ਨੂੰ ਸਥਾਨਕ ਸਿੱਖ ਅਕੈਡਮੀ ਵਿਖੇ ਬਹੁਤ ਸਾਰੀਆਂ ਦਸਤਾਵੇਜ਼ੀ ਪੁਸਤਕਾਂ ਦੇ ਲੇਖਕ ਸ੍ਰ. ਅਜੀਤ ਸਿੰਘ ਰਾਹੀ ਹੁਰਾਂ ਦੇ ਸਨਮਾਨ ਵਿੱਚ ਲੋਕ-ਲਿਖਾਰੀ ਸਾਹਿਤ ਸਭਾ ਵਲੋਂ ਇਕ ਸਫ਼ਲ ਪ੍ਰੋਗਰਾਮ ਹੋਇਆ । ਆਸਟ੍ਰੇਲੀਆ ਨਿਵਾਸੀ, ਤੀਹ ਕਿਤਾਬਾਂ ਦੇ ਰਚੈਤਾ ਸ੍ਰ. ਅਜੀਤ ਸਿੰਘ ਜੀ ਇਕ ਬਹੁ-ਪੱਖੀ ਲੇਖਕ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਹਨ।ਜੂਨ 1984 ਬਾਰੇ ਪੁਸਤਕ ‘ਤੀਜਾ ਘੱਲੂਘਾਰਾ” ਅਤੇ ਨਵੰਬਰ 1984 ਬਾਰੇ ‘ਨਾਦਰ ਸ਼ਾਹ ਦੀ ਵਾਪਸੀ’ ਨਾਮੀ ਵੱਡੀਆਂ ਪੁਸਤਕਾਂ ਲਿਖ ਕੇ ਉਹਨਾਂ ਨੇ ਸਿੱਖ ਕੌਮ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।ਹੋਰ ਵੀ ਬਹੁਤ ਸਾਰੀਆਂ ਖੋਜ-ਭਰਪੂਰ ਪੁਸਤਕਾਂ ਲਿਖੀਆਂ ਹਨ ਜਿਹਨਾਂ ‘ਚੋਂ ‘ਸਤਲੁਜ ਗਵਾਹ ਹੈ’ ਅਤੇ ‘ਬਾਗੀ ਮਸੀਹਾ’ ਖਾਸ ਵਰਨਣ ਯੋਗ ਨਾਮ ਹਨ।ਇਸ ਤੋਂ ਇਲਾਵਾ ਕਾਵਿ-ਸੰਗਹਿ, ਕਹਾਣੀ ਅਤੇ ਨਾਵਲ ਵੀ ਲਿਖੇ ਹਨ ਤੇ ਨਾਲ ਦੀ ਨਾਲ ਦੇਸ਼, ਕੌਮ ਤੇ ਸਮਾਜ ਸੇਵਾ ਦੇ ਕੰਮਾਂ ਵਿਚ ਪ੍ਰੈਕਟੀਕਲੀ ਵਿਚਰਦਿਆਂ ਅਤਿ ਮੁਸ਼ਕਲਾਂ ਵੀ ਪਿੰਡੇ ਹੰਢਾਈਆਂ ਹਨ।
ਸਭਾ ਦੇ ਮੈਂਬਰਾਂ ਵਲੋਂ ਸਨਮਾਨ ਚਿੰਨ ਭੇਂਟ ਕਰਨ ਉਪਰੰਤ ਕੁਛ ਸਾਹਿਤਕ ਵਿਚਾਰ ਵਟਾਂਦਰੇ ਹੋਏ ਅਤੇ ਸ੍ਰ. ਅਜੀਤ ਸਿੰਘ ਹੁਰਾਂ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ।ਲੋਕ-ਲਿਖਾਰੀ ਸਭਾ ਦੇ ਮੁੱਢਲੇ ਮੈਂਬਰਾਂ ‘ਚੋਂ ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ (ਹੁਣ ਬਰੈਂਪਟਨ ਨਿਵਾਸੀ) ਵੀ ਹਾਜ਼ਰ ਹੋਏ।ਚੰਡੀਗੜ੍ਹ ਤੋਂ ਕਨੇਡਾ ਫੇਰੀ ਤੇ ਆਏ ਹੋਏ ਡਾ. ਬਲਦੇਵ ਸਿੰਘ ਖਹਿਰਾ ਤੇ ਡਾ. ਗੁਰਮਿੰਦਰ ਕੌਰ ਸਿੱਧੂ ਨੂੰ ਜੀ ਆਇਆਂ ਆਖਦਿਆਂ ਹੋਇਆਂ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਹੋਰ ਵੀ ੇ ਸਭਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਿਹਨਾਂ ਵਿੱਚ ਸ੍ਰ. ਗੁਰਦੇਵ ਸਿੰਘ ਬਾਠ, ਸ੍ਰ. ਸੁਰਜੀਤ ਸਿੰਘ, ਬੀਬੀ ਰਣਵੀਰ ਕੌਰ, ਸ੍ਰ. ਬਲਦੀਪ ਸਿੰਘ, ਸ੍ਰ. ਜਸਵਿੰਦਰ ਸਿੰਘ ਗਰਚਾ, ਸ੍ਰ. ਗੁਰਮੁਖ ਸਿੰਘ ਮੋਹਕਮਗੜ੍ਹ, ਬੀਬੀ ਰਣਜੀਤ ਕੌਰ, ਬੀਬੀ ਬਲਵੀਰ ਕੌਰ ਜੌਹਲ, ਸ੍ਰ. ਕੁਲਵਿੰਦਰਜੀਤ ਸਿੰਘ, ਸ੍ਰ. ਸਰਬਜੀਤ ਸਿੰਘ, ਸ੍ਰ. ਬਲਬੀਰ ਸਿੰਘ ਸ਼ੇਰਗਿੱਲ, ਸ੍ਰ. ਇਕਬਾਲ ਸਿੰਘ ਥਿਆਰਾ ਖਾਸ ਜ਼ਿਕਰ ਯੋਗ ਹਨ।ਅੰਤ ਵਿੱਚ ਸੁਖਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਅੱਜ ਦੀ ਇਸ ਲੰਚ-ਮਿਲਣੀ ਤੋਂ ਇਲਾਵਾ ਅਨਮੋਲ ਕੌਰ ਦੇ ਗ੍ਰਹਿ ਵਿਖੇ 9 ਅਕਤੂਬਰ ਨੂੰ ਰਾਹੀ ਸਾਹਿਬ ਹੁਰਾਂ ਨਾਲ ਇਕ ਬਹੁਤ ਹੀ ਖ਼ੁਸ਼ਗਵਾਰ ਸਾਹਿਤਕ ਸ਼ਾਮ-ਮਿਲਣੀ ਹੋਈ ਜਿਸ ਵਿੱਚ ਲੋਕ-ਲਿਖਾਰੀ ਸਭਾ ਦੇ ਮੈਂਬਰਾਂ ਅਤੇ ਬਹੁਤ ਸਾਰੇ ਸਰੋਤਿਆਂ ਨੇ ਹਾਜ਼ਰੀ ਭਰੀ।ਖਾਣੇ ਦੇ ਨਾਲ ਨਾਲ ਕਵਿਤਾਵਾਂ ਤੇ ਹੋਰ ਰਚਨਾਵਾਂ ਸਾਂਝੀਆਂ ਕੀਤੀਆਂ।ਇਸ ਤਰਾਂ ਇਹ ਦੋਵੇਂ ਪ੍ਰੋਗਰਾਮ ਬਹੁਤ ਹੀ ਸਫ਼ਲ ਅਤੇ ਉਸਾਰੂ ਹੋ ਨਿੱਬੜੇ।