ਨਵੀਂ ਦਿੱਲੀ- ਭਾਰਤੀ ਹਵਾਈ ਸੈਨਾ ਦੁਆਰਾ ਲਦਾਖ ਨਾਲ ਲਗਦੀ ਦੌਲਤ ਬੇਗ ਹਵਾਈ ਪੱਟੀ ਤੇ ਆਪਣੇ ਨਵੇਂ ਹਾਸਿਲ ਸੀ- 130 ਹਰਕੁਲਿਸ ਉਤਾਰੇ ਜਾਣ ਤੋਂ ਬਾਅਦ ਚੀਨ ਵੀ ਹਰਕਤ ਵਿੱਚ ਆ ਗਿਆ ਹੈ। ਚੀਨ ਨੇ ਆਪਣੇ ਖੇਤਰ ਵਿੱਚ ਭਾਰਤੀਹਵਾਈ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਇੱਕ ਨਿਗਰਾਨੀ ਸਟੇਸ਼ਨ ਖੋਲ੍ਹਿਆ ਹੈ।
ਭਾਰਤ ਨੇ ਚੀਨ ਵੱਲੋਂ ਇਹ ਨਿਗਰਾਨੀ ਸਟੇਸ਼ਨ ਖੋਲ੍ਹੇ ਜਾਣ ਸਬੰਧੀ ਪੁੱਛਿਆ ਤਾਂ ਚੀਨੀ ਸੈਨਿਕ ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਇਹ ਮੌਸਮ ਤੇ ਨਿਗਰਾਨੀ ਰੱਖਣ ਲਈ ਖੋਲ੍ਹਿਆ ਗਿਆ ਹੈ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਕੋਈ ਵਸੋਂ ਨਹੀਂ ਹੈ, ਇਸ ਲਈ ਮੌਸਮ ਕੇਂਦਰ ਹੋਣ ਦਾ ਕੋਈ ਮਤਲੱਬ ਨਹੀਂ ਹੈ।
ਵਰਨਣਯੋਗ ਹੈ ਕਿ ਭਾਰਤੀ ਹਵਾਈ ਸੈਨਾ ਨੇ ਪਿੱਛਲੇ ਕੁਝ ਅਰਸੇ ਤੋਂ ਲਦਾਖ ਨਾਲ ਲਗਦੇ ਸੀਮਾਵਰਤੀ ਖੇਤਰਾਂ ਵਿੱਚ ਕੁਝ ਪੁਰਾਣੀ ਹਵਾਈ ਪੱਟੀਆਂ ਨੂੰ ਸਰਗਰਮ ਕੀਤਾ ਹੈ।ਇਨ੍ਹਾਂ ਵਿੱਚ ਸੱਭ ਤੋਂ ਵੱਡਾ ਨਿਓਮਾ ਸੈਨਿਕ ਹਵਾਈ ਅੱਡਾ ਹੈ ਜੋ ਚੀਨ ਨਾਲ ਲਗਦੀ ਵਾਸਤਵਿਕ ਨਿਯੰਤਰਣ ਰੇਖਾ ਤੋਂ ਕੇਵਲ 22 ਕਿਲੋਮੀਟਰ ਅੰਦਰ ਤੱਕ ਹੈ। ਚੀਨ ਨੇ ਵੀ ਇਨ੍ਹਾਂ ਹਵਾਈ ਅੱਡਿਆਂ ਤੇ ਭਾਰਤੀ ਹਵਾਈ ਸੈਨਾ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਸਰਗਰਮੀਆਂ ਵਧਾ ਦਿੱਤੀਆਂ ਹਨ।